ਕੈਮੀਕਲਾਂ ਨਾਲ ਤਿਆਰ ਇਹ ਗੁੜ ਮਨੁੱਖੀ ਸਿਹਤ ਲਈ ਬਹੁਤ ਘਾਤਕ ਮੰਨਿਆ ਜਾਂਦਾ ਹੈ ਪਰ ਸਿਹਤ ਵਿਭਾਗ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਕੁੱਝ ਦਿਨ ਪਹਿਲਾਂ ਨਕਲੀ ਗੁੜ ਤਿਆਰ ਕਰਨ ਦੀ ਵੀਡੀਓ ਪੰਜਾਬ ਦੇ ਕੁੱਝ ਨੌਜਵਾਨਾਂ ਨੇ ਉਸ ਸਮੇਂ ਬਣਾਈ ਜਦੋਂ ਉਨ੍ਹਾਂ ਬੇਮੌਸਮੇ ਸਮੇਂ ਸ਼ਾਮਲੀ ਖੇਤਰ ਵਿਚ ਗੁੜ ਤਿਆਰ ਕਰਨ ਵਾਲੇ ਇਕ ਘੁਲਾੜ ਨੂੰ ਦੇਖਿਆ।

ਸੁਖਪਾਲ ਸਿੰਘ ਹੁੰਦਲ ਪੰਜਾਬੀ ਜਾਗਰਣ ਕਪੂਰਥਲਾ : ਬੀਤੇ ਦਿਨਾਂ ਤੋਂ ਸੂਬੇ ਅੰਦਰ ਕੈਮੀਕਲ ਤੋਂ ਤਿਆਰ ਜ਼ਹਿਰਨੁਮਾ ਘਟੀਆ ਕੁਆਲਿਟੀ ਦੇ ਗੁੜ ਦੀ ਵੱਡੇ ਪੱਧਰ ’ਤੇ ਆਮਦ ਚਰਚਾ ਵਿਚ ਹੈ। ਉਤਰ ਪ੍ਰਦੇਸ਼ ਦੇ ਸ਼ਾਮਲੀ ਸ਼ਹਿਰ ਤੇ ਹੋਰ ਸ਼ਹਿਰਾਂ ’ਚੋਂ ਤਿਆਰ ਉਕਤ ਗੁੜ ਨੂੰ ਪੰਜਾਬ ਅੰਦਰ ਵਪਾਰੀਆਂ ਵੱਲੋਂ ਆਪਣੇ ਮੁਨਾਫੇ ਲਈ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ। ਜਿਥੇ ਇਹ ਗੁੜ ਵੱਡੀਆਂ ਕਰਿਆਨੇ ਦੀਆਂ ਦੁਕਾਨਾਂ ’ਤੇ ਸ਼ਰੇਆਮ ਵੇਚਿਆ ਜਾ ਰਿਹਾ ਹੈ, ਉਥੇ ਹੀ ਕੈਮੀਕਲ ਤੋਂ ਤਿਆਰ ਸਿਹਤ ਲਈ ਹਾਨੀਕਾਰਕ ਇਸ ਗੁੜ ਦੀਆਂ ਟਰਾਲੀਆਂ ਸ਼ਹਿਰ ਦੇ ਪਿੰਡਾਂ ਅਤੇ ਮਹੱਲਿਆਂ ਵਿਚ ਆਮ ਹੀ ਘੁੰਮਦੀਆਂ ਦਿਖਾਈ ਦਿੰਦੀਆਂ ਹਨ, ਜਿਨਾਂ ਤੋਂ ਵੱਡੀ ਗਿਣਤੀ ਵਿਚ ਲੋਕ ਗੁੜ ਦੀ ਖਰੀਦ ਕਰਦੇ ਦੇਖੇ ਜਾ ਸਕਦੇ ਹਨ। ਕੈਮੀਕਲਾਂ ਨਾਲ ਤਿਆਰ ਇਹ ਗੁੜ ਮਨੁੱਖੀ ਸਿਹਤ ਲਈ ਬਹੁਤ ਘਾਤਕ ਮੰਨਿਆ ਜਾਂਦਾ ਹੈ ਪਰ ਸਿਹਤ ਵਿਭਾਗ ਵੱਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ। ਕੁੱਝ ਦਿਨ ਪਹਿਲਾਂ ਨਕਲੀ ਗੁੜ ਤਿਆਰ ਕਰਨ ਦੀ ਵੀਡੀਓ ਪੰਜਾਬ ਦੇ ਕੁੱਝ ਨੌਜਵਾਨਾਂ ਨੇ ਉਸ ਸਮੇਂ ਬਣਾਈ ਜਦੋਂ ਉਨ੍ਹਾਂ ਬੇਮੌਸਮੇ ਸਮੇਂ ਸ਼ਾਮਲੀ ਖੇਤਰ ਵਿਚ ਗੁੜ ਤਿਆਰ ਕਰਨ ਵਾਲੇ ਇਕ ਘੁਲਾੜ ਨੂੰ ਦੇਖਿਆ। ਵੀਡੀਓ ਵਿਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਕੁਝ ਲੋਕ ਗੈਰ-ਮਿਆਰੀ ਵੇਸਟ ਗੁੜ ਅਤੇ ਖੰਡ ਦੇ ਮਿਸ਼ਰਨ ਨਾਲ ਕੈਮੀਕਲ ਤੇ ਪੀਲੇ ਰੰਗ ਦੇ ਘੋਲ ਨਾਲ ਗੁੜ ਬਣਾ ਕੇ ਡੱਬਿਆਂ ਵਿਚ ਪੈਕ ਕਰ ਰਹੇ ਹਨ। ਮਨੁੱਖੀ ਸਿਹਤ ਲਈ ਘਾਤਕ ਇਹ ਗੁੜ ਕੁਝ ਦਿਨਾਂ ਬਾਅਦ ਹੀ ਉੱਲੀ ਲੱਗਾ ਦਿਖਾਈ ਦੇਣ ਲੱਗਦਾ ਹੈ ਅਤੇ ਵਰਤੋਂ ਦੇ ਯੋਗ ਨਹੀਂ ਰਹਿੰਦਾ। ਪੰਜਾਬ ਅੰਦਰ ਪਹਿਲੀ ਵਾਰ ਇਸ ਘਟੀਆ ਕੁਆਲਿਟੀ ਦੇ ਗੁੜ ਦੀ ਰਿਕਾਰਡ ਤੋੜ ਵਿਕਰੀ ਹੋ ਰਹੀ ਹੈ। ਗੁੜ ਟੈਕਸ ਫਰੀ ਹੋਣ ਕਾਰਨ ਉੱਤਰ ਪ੍ਰਦੇਸ਼ ਦੇ ਵਪਾਰੀ ਇਸਦੀ ਧੜੱਲੇ ਨਾਲ ਪੰਜਾਬ ਅੰਦਰ ਵਿਕਰੀ ਕਰਕੇ ਮੋਟਾ ਮੁਨਾਫ਼ਾ ਵੀ ਕਮਾਉਂਦੇ ਹਨ। ਇਥੋਂ ਤੱਕ ਕਿ ਉੱਤਰ ਪ੍ਰਦੇਸ਼ ਵਿਚ ਗੁੜ ਤਿਆਰ ਕਰਨ ਵਾਲੇ ਘੁਲਾੜ ਦੇ ਮਾਲਕਾਂ ਤੇ ਕੰਮ ਕਰਦੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਵੱਲੋਂ ਤਿਆਰ ਕੀਤੇ ਇਸ ਗੁੜ ਦੀ ਚਾਹ ਤੱਕ ਨਹੀਂ ਪੀਂਦੇ ਤੇ ਨਾ ਹੀ ਆਪਣੇ ਘਰ ਵਿਚ ਇਸ ਦੀ ਵਰਤੋਂ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਗੁੜ ਨੂੰ ਤਿਆਰ ਕਰਨ ਵੇਲੇ ਇਸ ਵਿਚ ਕੀ ਕੁਝ ਪਾਇਆ ਹੈ। ਇਹ ਲੋਕ ਖੁਦ ਤਾਂ ਇਸ ਘਟੀਆ ਕੁਆਲਿਟੀ ਦੇ ਗੁੜ ਦੀ ਵਰਤੋਂ ਨਹੀਂ ਕਰਦੇ ਪਰ ਇਸ ਤਰ੍ਹਾਂ ਦੇ ਗੁੜ ਨੂੰ ਪੰਜਾਬ ਵਿਚ ਲਿਆ ਕੇ ਵੇਚ ਰਹੇ ਹਨ ਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੇ ਹਨ। ਉੱਤਰ ਪ੍ਰਦੇਸ਼ ਵਿਚ ਗੁੜ ਤਿਆਰ ਕਰਨ ਵਾਲੇ ਇਨ੍ਹਾਂ ਲੋਕਾਂ ਵੱਲੋਂ ਜਿਥੇ ਗੁੜ ਤਿਆਰ ਕਰਨ ਸਮੇਂ ਖੰਡ ਦੀ ਵੱਡੀ ਪੱਧਰ ’ਤੇ ਵਰਤੋਂ ਕੀਤੀ ਜਾਂਦੀ ਹੈ, ਉਥੇ ਹੀ ਗੁੜ ਵਿਚ ਰਿੰਡ ਦਾ ਤੇਲ ਜੋ ਕਿ ਕੱਪੜੇ ਧੋਣ ਵਾਲੇ ਸਾਬਣ ਬਣਾਉਣ ਲਈ ਵਰਤਿਆ ਜਾਂਦਾ ਹੈ, ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਨਾਲ ਡੈਕੋਲੇਟ ਗੋਲਡ ਪਾਪੜੀ ਨਾਮਕ ਇਕ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਜੋ ਕਿ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ ਤੇ ਗੁੜ ਨੂੰ ਲਾਲ ਰੰਗ ਦਾ ਬਣਾਉਣ ਲਈ ਜਿਥੇ ਲਾਲ ਰੰਗ ਦੇ ਇਕ ਕੈਮੀਕਲ ਦੀ ਵਰਤੋਂ ਕੀਤੀ ਜਾਂਦੀ ਹੈ, ਉਥੇ ਕਈ ਤਰਾਂ ਦੇ ਹੋਰ ਕੈਮੀਕਲ ਗੁੜ ’ਚ ਪਾਏ ਜਾਂਦੇ ਹਨ। ਇਥੇ ਹੀ ਬੱਸ ਨਹੀਂ ਇਹ ਲੋਕ ਸ਼ੱਕਰ ਤਿਆਰ ਕਰਨ ਲਈ ਮਿੱਠੇ ਸੋਡੇ ਦੀ ਥਾਂ ਕਾਸਟਿਕ ਸੋਡੇ ਦੀ ਵਰਤੋਂ ਕਰਦੇ ਹਨ, ਜੋ ਕੱਪੜੇ ਧੋਣ ਲਈ ਵਰਤਿਆ ਜਾਂਦਾ ਹੈ। ਲੋਕ ਪੰਜਾਬ ’ਚ ਬਣਿਆ ਗੁੜ ਖਰੀਦਣ : ਰਣਜੀਤ ਸਿੰਘ ਪਿੰਡ ਬੂਲਪੁਰ ਦੇ ਉੱਘੇ ਕਿਸਾਨ ਰਣਜੀਤ ਸਿੰਘ ਥਿੰਦ ਦਾ ਕਹਿਣਾ ਹੈ ਕਿ ਪੰਜਾਬ ਵਿਚ ਵੀ ਵੱਡੀ ਪੱਧਰ ’ਤੇ ਕਿਸਾਨਾਂ ਵੱਲੋਂ ਗੰਨੇ ਦੀ ਖੇਤੀ ਕੀਤੀ ਜਾਂਦੀ ਹੈ ਤੇ ਬਹੁਤ ਸਾਰੇ ਕਿਸਾਨਾਂ ਵੱਲੋਂ ਗੁੜ ਤਿਆਰ ਕਰਕੇ ਵੇਚਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਗੁੜ ਬਿਨਾਂ ਕਿਸੇ ਕੈਮੀਕਲ ਤੋਂ ਤਿਆਰ ਕੀਤਾ ਜਾਂਦਾ ਹੈ। ਇਸ ਲਈ ਲੋਕਾਂ ਨੂੰ ਬਾਹਰੀ ਸੂਬਿਆਂ ਤੋਂ ਵਿਕਰੀ ਲਈ ਆਏ ਗੁੜ ਦੀ ਬਜਾਏ ਪੰਜਾਬ ਵਿਚ ਕਿਸਾਨਾਂ ਵੱਲੋਂ ਲਗਾਏ ਘੁਲਾੜੇ ਤੋਂ ਹੀ ਗੁੜ ਦੀ ਖਰੀਦ ਕਰਨੀ ਚਾਹੀਦੀ ਹੈ। ਇਸ ਨਾਲ ਜਿਥੇ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਵੇਗਾ, ਉਥੇ ਹੀ ਲੋਕਾਂ ਦੀ ਸਿਹਤ ਦਾ ਵੀ ਨੁਕਸਾਨ ਨਹੀਂ ਹੋਵੇਗਾ। ਵਧੀਆ ਕੁਆਲਿਟੀ ਦਾ ਗੁੜ ਸਿਹਤ ਲਈ ਫਾਇਦੇਮੰਦ : ਖੈੜਾ ਸਟੇਟ ਅਵਾਰਡੀ ਰੋਸ਼ਨ ਖੈੜਾ ਦਾ ਕਹਿਣਾ ਹੈ ਵਧੀਆ ਕੁਆਲਿਟੀ ਦਾ ਗੁੜ ਸਿਹਤ ਲਈ ਫਾਇਦੇਮੰਦ ਹੈ ਤੇ ਲੋਕਾਂ ਨੂੰ ਗੁੜ ਦੀ ਖਰੀਦ ਕਰਦੇ ਸਮੇਂ ਉਸਦੀ ਕੁਆਲਿਟੀ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਬੀਤੇ ਕਈ ਦਹਾਕਿਆਂ ਤੋਂ ਗੁੜ ਦੀ ਹੀ ਵਰਤੋਂ ਕੀਤੀ ਜਾਂਦੀ ਹੈ ਤੇ ਚਾਹ ਬਣਾਉਣ ਲਈ ਵੀ ਗੁੜ ਹੀ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਹੁਤ ਸਾਰੇ ਗੁੜ ਤਿਆਰ ਕਰਨ ਵਾਲੇ ਕਿਸਾਨਾਂ ਦੇ ਘੁਲਾੜੇ ਹਨ, ਜਿਥੇ ਲੋਕ ਕੋਲ ਬੈਠ ਕੇ ਆਪਣੀ ਮਰਜ਼ੀ ਦਾ ਗੁੜ ਤਿਆਰ ਕਰਵਾ ਸਕਦੇ ਹਨ ਇਸ ਲਈ ਇਸ ਤਰ੍ਹਾਂ ਦੇ ਘੁਲਾੜਿਆਂ ਤੋਂ ਹੀ ਗੁੜ ਦੀ ਖਰੀਦ ਕਰਨੀ ਚਾਹੀਦੀ ਹੈ। ਘਟੀਆ ਗੁੜ ਵਿਕਰੇਤਾ ਖਿਲਾਫ ਹੋਵੇਗੀ ਸਖਤ ਕਾਰਵਾਈ : ਫੂਡ ਇੰਸਪੈਕਟਰ ਬਾਹਰੀ ਸੂਬਿਆਂ ਤੋਂ ਆ ਰਹੇ ਕੈਮੀਕਲ ਵਾਲੇ ਗੁੜ ਸਬੰਧੀ ਜਦੋਂ ਫੂਡ ਸਪਲਾਈ ਵਿਭਾਗ ਦੇ ਇੰਸਪੈਕਟਰ ਅਭਿਨਵ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਸ ਸਬੰਧੀ ਚੈਕਿੰਗ ਮੁਹਿੰਮ ਤੇਜ਼ ਕੀਤੀ ਜਾਵੇਗੀ ਤੇ ਕਿਸੇ ਨੂੰ ਵੀ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਘਟੀਆ ਕੁਆਲਿਟੀ ਦਾ ਗੁੜ ਜਾਂ ਹੋਰ ਵਸਤੂ ਵੇਚਦਾ ਹੈ ਤਾਂ ਉਸ ਦੇ ਖਿਲਾਫ ਮਾਮਲਾ ਦਰਜ ਕਰਦੇ ਹੋਏ ਸਖਤ ਕਾਰਵਾਈ ਕੀਤੀ ਜਾਵੇਗੀ। ਘੱਟ ਰੇਟ ਦੇ ਲਾਲਚ ’ਚ ਲੋਕ ਦੇ ਰਹੇ ਹਨ ਬਿਮਾਰੀਆਂ ਨੂੰ ਸੱਦਾ ਉੱਤਰ ਪ੍ਰਦੇਸ਼ ਤੇ ਹੋਰ ਸੂਬਿਆਂ ਤੋਂ ਗੁੜ ਲਿਆ ਕੇ ਪੰਜਾਬ ਵਿਚ ਵੇਚਣ ਵਾਲੇ ਗੁੜ ਵਿਕਰੇਤਾ ਪੰਜਾਬ ਵਿਚ ਤਿਆਰ ਕੀਤੇ ਜਾਂਦੇ ਗੁੜ ਤੋਂ ਘੱਟ ਰੇਟ ’ਤੇ ਗੁੜ ਵੇਚਦੇ ਹਨ ਤੇ ਇਹ ਪੰਜਾਬ ਦੇ ਗੁੜ ਤੋਂ 15 ਤੋਂ ਲੈ ਕੇ 20 ਰੁਪਏ ਪ੍ਰਤੀ ਕਿਲੋ ਘੱਟ ਰੇਟ ’ਤੇ ਵੇਚਦੇ ਹਨ, ਜਿਸ ਦੇ ਚਲਦੇ ਲੋਕਾਂ ਦੀ ਭੀੜ ਖਰੀਦ ਕਰਨ ਲਈ ਇਨ੍ਹਾਂ ਕੋਲ ਲੱਗੀ ਰਹਿੰਦੀ ਹੈ। ਦੂਜੇ ਪਾਸੇ ਪੰਜਾਬ ਵਿਚ ਤਿਆਰ ਕੀਤਾ ਸਾਦਾ ਗੁੜ 110 ਰੁਪਏ ਪ੍ਰਤੀ ਕਿਲੋ, ਸੌਂਫ ਤੇ ਅਜਵਾਇਨ ਪਾ ਕੇ ਤਿਆਰ ਕੀਤਾ ਗੁੜ 130 ਰੁਪਏ ਪ੍ਰਤੀ ਕਿਲੋ ਅਤੇ ਸ਼ੱਕਰ 140 ਰੁਪਏ ਪ੍ਰਤੀ ਕਿਲੋ ਵੇਚੀ ਜਾਂਦੀ ਹੈ।