12ਵੀਂ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ: ਨੌਜਵਾਨ ਨੇ ਪਿਆਰ ਦੇ ਜਾਲ 'ਚ ਫਸਾਇਆ, ਅਸ਼ਲੀਲ ਫੋਟੋ-ਵੀਡੀਓ ਭੇਜ ਕੇ ਵਾਇਰਲ ਕਰਨ ਦੀ ਦਿੱਤੀ ਧਮਕੀ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 12ਵੀਂ ਜਮਾਤ ਦੀ ਵਿਦਿਆਰਥਣ ਸਾਰਿਕਾ ਨੂੰ ਮੰਸੂਰਵਾਲ ’ਚ ਰਹਿਣ ਵਾਲਾ ਇਕ ਨੌਜਵਾਨ ਲਗਾਤਾਰ ਤੰਗ ਕਰ ਰਿਹਾ ਸੀ। ਪਰਿਵਾਰ ਅਨੁਸਾਰ ਇਸੇ ਡਰ ਤੇ ਤਣਾਅ ਕਾਰਨ ਲੜਕੀ ਮੰਗਲਵਾਰ ਨੂੰ ਸਕੂਲ ਵੀ ਨਹੀਂ ਗਈ ਤੇ ਦੁਪਹਿਰ ਨੂੰ ਉਸ ਨੇ ਇਹ ਖਤਰਨਾਕ ਕਦਮ ਚੁੱਕਿਆ।
Publish Date: Wed, 03 Dec 2025 12:05 PM (IST)
Updated Date: Wed, 03 Dec 2025 12:08 PM (IST)
ਸੰਵਾਦ ਸੂਤਰ, ਜਾਗਰਣ, ਕਪੂਰਥਲਾ : ਮੰਗਲਵਾਰ ਦੁਪਹਿਰ ਸ਼ਹਿਰ ਦੇ ਮੁਹੱਲਾ ਲੋਹੜੀ ਗੇਟ ’ਚ ਉਸ ਸਮੇਂ ਮਾਤਮ ਫੈਲ ਗਿਆ ਜਦ 18 ਸਾਲਾ ਲੜਕੀ ਸਾਰਿਕਾ ਨੇ ਘਰ ’ਚ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਸ਼ੱਕੀ ਹਾਲਾਤ ’ਚ ਆਪਣੀ ਜਾਨ ਦੇ ਦਿੱਤੀ। ਪਰਿਵਾਰਕ ਮੈਂਬਰਾਂ ਅਨੁਸਾਰ ਕਾਫੀ ਦੇਰ ਤੱਕ ਕਮਰੇ ’ਚੋਂ ਕੋਈ ਆਵਾਜ਼ ਨਾ ਆਉਣ ’ਤੇ ਪਰਿਵਾਰ ਨੇ ਦਰਵਾਜ਼ਾ ਤੋੜਿਆ ਤਾਂ ਸਾਰਿਕਾ ਕਮਰੇ ’ਚ ਪੱਖੇ ਨਾਲ ਲਟਕੀ ਮਿਲੀ।
ਉਸ ਨੂੰ ਤੁਰੰਤ ਹੇਠਾਂ ਲਾਹ ਕੇ ਸਿਵਲ ਹਸਪਤਾਲ ਪਹੁੰਚਾਇਆ ਗਿਆ ਪਰ ਡਿਊਟੀ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਮ੍ਰਿਤਕਾ ਸਾਰਿਕਾ (18) ਪੁੱਤਰੀ ਰਾਜਕੁਮਾਰ, ਵਾਸੀ ਮੁਹੱਲਾ ਲੋਹੜੀ ਗੇਟ, ਮੂਲ ਵਾਸੀ ਮੰਸੂਰਵਾਲ ਕਪੂਰਥਲਾ ਦੀ ਰਹਿਣ ਵਾਲੀ ਹੈ। ਘਟਨਾ ਤੋਂ ਬਾਅਦ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਮੁਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਸਾਰਿਕਾ ਪੜਾਈ ’ਚ ਚੰਗੀ ਸੀ। ਇਸ ਘਟਨਾ ਤੋਂ ਬਾਅਦ ਮੁਹੱਲੇ ’ਚ ਦਹਿਸ਼ਤ ਦਾ ਮਾਹੌਲ ਹੈ।
ਪਰਿਵਾਰਕ ਮੈਂਬਰਾਂ ਨੇ ਲਾਏ ਗੰਭੀਰ ਦੋਸ਼
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 12ਵੀਂ ਜਮਾਤ ਦੀ ਵਿਦਿਆਰਥਣ ਸਾਰਿਕਾ ਨੂੰ ਮੰਸੂਰਵਾਲ ’ਚ ਰਹਿਣ ਵਾਲਾ ਇਕ ਨੌਜਵਾਨ ਲਗਾਤਾਰ ਤੰਗ ਕਰ ਰਿਹਾ ਸੀ। ਪਰਿਵਾਰ ਅਨੁਸਾਰ ਇਸੇ ਡਰ ਤੇ ਤਣਾਅ ਕਾਰਨ ਲੜਕੀ ਮੰਗਲਵਾਰ ਨੂੰ ਸਕੂਲ ਵੀ ਨਹੀਂ ਗਈ ਤੇ ਦੁਪਹਿਰ ਨੂੰ ਉਸ ਨੇ ਇਹ ਖਤਰਨਾਕ ਕਦਮ ਚੁੱਕਿਆ।
ਪੁਲਿਸ ਨੇ ਨੌਜਵਾਨ ’ਤੇ ਦਰਜ ਕੀਤਾ ਮਾਮਲਾ
ਇਸ ਸਬੰਧ ’ਚ ਜਦ ਥਾਣਾ ਸਿਟੀ ਦੇ ਐੱਸਐੱਚਓ ਅਮਨਦੀਪ ਨਾਹਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ’ਤੇ ਨੌਜਵਾਨ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੌਜਵਾਨ ਵੱਲੋਂ ਲਗਾਤਾਰ ਪਰੇਸ਼ਾਨ ਕੀਤੇ ਜਾਣ ਨਾਲ ਲੜਕੀ ਮਾਨਸਿਕ ਤਣਾਅ ’ਚ ਸੀ। ਐੱਸਐੱਚਓ ਨੇ ਕਿਹਾ ਕਿ ਪੁਲਿਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਮੁਲਜ਼ਮ ਦੀ ਭਾਲ ਜਾਰੀ ਹੈ।