ਗੁਰੂਘਰ ’ਚ ਚੋਰੀ ਕਰਨ ਆਇਆ ਨੌਜਵਾਨ ਕਾਬੂ
ਗੁਰਦੁਆਰਾ ਸਾਹਿਬ ’ਚ ਚੋਰੀ ਕਰਨ ਆਇਆ ਨੌਜਵਾਨ ਮੌਕੇ ’ਤੇ ਹੀ ਕਾਬੂ
Publish Date: Sat, 27 Dec 2025 09:10 PM (IST)
Updated Date: Sat, 27 Dec 2025 09:10 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਪੰਜ ਦੀ ਹੱਦ ’ਚ ਪੈਂਦੇ ਅਵਤਾਰ ਨਗਰ ਰੋਡ ’ਤੇ ਸਥਿਤ ਗੁਰਦੁਆਰਾ ਆਸਾਪੂਰਨ ਸਾਹਿਬ ’ਚ ਬੀਤੀ ਰਾਤ ਇਕ ਨੋਜਵਾਨ ਨੇ ਦਾਖ਼ਲ ਹੋ ਕੇ ਅੰਦਰੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ। ਪ੍ਰਬੰਧਕਾਂ ਦੇ ਸੁਚੇਤ ਹੋਣ ਕਰਕੇ, ਨੌਜਵਾਨ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਨੌਜਵਾਨ ਨੇ ਕਬੂਲ ਕੀਤਾ ਕਿ ਉਸ ਨੇ ਗੁਰਦੁਆਰਾ ਸਾਹਿਬ ’ਚ ਲੱਗੇ ਵਿੰਡੋ ਏਸੀ ਨੂੰ ਧੱਕਾ ਮਾਰ ਕੇ ਅੰਦਰ ਸੁੱਟ ਦਿੱਤਾ ਤੇ ਫਿਰ ਉਸ ਰਸਤੇ ’ਚੋਂ ਗੁਰਦੁਆਰਾ ਸਾਹਿਬ ’ਚ ਚੋਰੀ ਕਰਨ ਦੇ ਇਰਾਦੇ ਨਾਲ ਦਾਖ਼ਲ ਹੋਇਆ ਸੀ। ਨੌਜਵਾਨ ਦੀ ਜਾਂਚ ਕੀਤੇ ਜਾਣ ’ਤੇ ਪ੍ਰਬੰਧਕਾਂ ਨੂੰ ਉਸ ਕੋਲੋਂ ਇਤਰਾਜ਼ਯੋਗ ਪਦਾਰਥ ਵੀ ਮਿਲੇ। ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਕੁਲਜੀਤ ਸਿੰਘ ਚਾਵਲਾ ਨੇ ਜਾਣਕਾਰੀ ਦਿੱਤੀ ਕਿ ਕਾਬੂ ਕੀਤਾ ਨੌਜਵਾਨ ਜਦੋਂ ਗੁਰਦੁਆਰਾ ਸਾਹਿਬ ’ਚ ਦਾਖ਼ਲ ਹੋ ਰਿਹਾ ਸੀ ਤਾਂ ਉਸ ਦੇ ਕੱਚ ਲੱਗ ਗਿਆ ਸੀ, ਜਿਸ ਕਰਕੇ ਉਹ ਜ਼ਖ਼ਮੀ ਹੋ ਗਿਆ ਸੀ। ਉਨ੍ਹਾਂ ਦੱਸਿਆ ਕਿ ਨੌਜਵਾਨ ਨੂੰ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਸ ਨੂੰ ਪੁਲਿਸ ਨੇ ਇਲਾਜ ਲਈ ਹਸਪਤਾਲ ਦਾਖ਼ਲ ਕਰਵਾ ਦਿੱਤਾ ਹੈ।