ਨੂਰਮਹਿਲ ’ਚ ਅਵਾਰਾ ਕੁੱਤੇ ਬਣੇ ਆਦਮਖੋਰ, ਦਿਲ ਦਾ ਦੌਰਾ ਪੈਣ ਨਾਲ ਮਰੇ ਨੌਜਵਾਨ ਦੀ ਦੇਹ ਨੂੰ ਨੋਚਦੇ ਰਹੇ ਕੁੱਤੇ
ਪਰਿਵਾਰਕ ਮੈਂਬਰਾਂ ਅਨੁਸਾਰ, ਸਵੇਰ ਦੀ ਸੈਰ ਲਈ ਬਾਹਰ ਜਾਂਦੇ ਸਮੇਂ ਉਸਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਹ ਇੱਕ ਧਾਰਮਿਕ ਸਥਾਨ ਦੇ ਨੇੜੇ ਡਿੱਗ ਪਿਆ, ਜਿੱਥੇ ਕੁੱਤਿਆਂ ਨੇ ਉਸਦੇ ਸਰੀਰ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
Publish Date: Mon, 03 Nov 2025 10:58 AM (IST)
Updated Date: Mon, 03 Nov 2025 11:19 AM (IST)
 ਤਜਿੰਦਰ ਕੁਮਾਰ, ਪੰਜਾਬੀ ਜਾਗਰਣ, ਨੂਰਮਹਿਲ/ਬਿਲਗਾ : ਕਸਬਾ ਨੂਰਮਹਿਲ ’ਚ ਆਵਾਰਾ ਕੁੱਤਿਆਂ ਦਾ ਖੌਫ਼ ਦਿਨੋ-ਦਿਨ ਵਧਦਾ ਜਾ ਰਿਹਾ ਹੈ ਤੇ ਉਹ ਦਿਨ-ਦਿਹਾੜੇ ਰਾਹਗੀਰਾਂ ’ਤੇ ਹਮਲੇ ਕਰਕੇ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਹੇ ਸਨ। ਇਹੋ ਜਿਹੀਆਂ ਘਟਨਾਵਾਂ ਆਮ ਜਿਹੀ ਗੱਲ ਹੋ ਗਈਆਂ ਸਨ ਪਰ ਕੱਲ੍ਹ ਤਾਂ ਉਦੋਂ ਹੱਦ ਹੀ ਹੋ ਗਈ, ਜਦੋਂ ਇਨ੍ਹਾਂ ਅਵਾਰਾ ਕੁੱਤਿਆਂ ਨੇ ਮੁਹੱਲਾ ਸਟੀਕਾਂ ਦੇ 35 ਸਾਲਾ ਨੌਜਵਾਨ ਵਿੱਕੀ ਨੂੰ ਨੋਚ-ਨੋਚ ਕੇ ਖਾ ਲਿਆ ਤੇ ਨੌਜਵਾਨ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ। ਇਸ ਮਾੜੀ ਤੇ ਦਰਦਨਾਕ ਘਟਨਾ ਕਾਰਨ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਹੈ। 
   
ਲੋਕਾਂ ’ਚ ਇਸ ਗੱਲ ਦਾ ਵੱਡਾ ਖੌਫ ਹੈ ਤੇ ਉਹ ਘਰੋਂ ਨਿਕਲਣ ਵੇਲੇ ਵੀ ਡਰਦੇ ਹਨ। ਇਨ੍ਹਾਂ ਕੁੱਤਿਆਂ ਨੇ ਛੋਟੇ ਬੱਚਿਆਂ ਦੇ ਮਾਪਿਆਂ ’ਚ ਹੋਰ ਵੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜਾਂ ਤਾਂ ਸਰਕਾਰ ਡੌਗ ਸ਼ੈਲਟਰ ਹੋਮ ਖੋਲੇ ਜਾਂ ਐਨੀਮਲ ਪ੍ਰੋਟੈਕਸ਼ਨ ਐਕਟ ’ਚ ਸੋਧ ਕਰਕੇ ਇਸਦਾ ਕੋਈ ਢੁੱਕਵਾਂ ਹੱਲ ਲੱਭੇ ਤਾਂ ਜੋ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕੀਤੀ ਜਾ ਸਕੇ। 
   
 
ਇਹ ਵੀ ਪਤਾ ਲੱਗਾ ਹੈ ਕਿ ਸਥਾਨਕ ਨਗਰ ਕੌਂਸਲ ਵੱਲੋਂ ਅਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਯੋਜਨਾ ਤਿਆਰ ਕੀਤੀ ਗਈ ਸੀ ਪਰ ਇਸ ਨੂੰ ਹਾਲੇ ਤੱਕ ਅਮਲੀ ਜਾਮਾ ਨਹੀਂ ਪਹਿਨਾਇਆ ਗਿਆ ਪਰ ਇਨ੍ਹਾਂ ਕੁੱਤਿਆਂ ਦੀ ਗਿਣਤੀ ਦਿਨੋਂ-ਦਿਨ ਵੱਧ ਰਹੀ ਹੈ। ਸਾਡੇ ਦੇਸ਼ ’ਚ ਆਵਾਰਾ ਤੇ ਆਦਮਖੋਰ ਜਾਨਵਰਾਂ ਲਈ ਕਾਨੂੰਨ ਤਾਂ ਹੈ ਪਰ ਇਨਸਾਨ ਦੀ ਜਾਨ ਦਾ ਕੋਈ ਮੁੱਲ ਜਾਂ ਉਸ ਲਈ ਕੋਈ ਕਾਨੂੰਨ ਨਹੀਂ। ਲੋਕਾਂ ਦੀ ਮੰਗ ਹੈ ਕਿ ਇਨ੍ਹਾਂ ਅਵਾਰਾਂ ਕੁੱਤਿਆਂ ਤੋਂ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਤੋਂ ਨਿਜਾਤ ਦਿਵਾਈ ਜਾਵੇ ਤੇ ਬੇਸ਼ੁਮਾਰ ਕੀਮਤੀ ਜਾਨਾਂ ਨੂੰ ਬਚਾਇਆ ਜਾਵੇ।