ਵਾਈਐੱਫਸੀ ਦੇ ਖਿਡਾਰੀਆਂ ਨੇ ਯੂਨੀਵਰਸਿਟੀ ਲੀਗ ’ਚ ਮਾਰੀਆਂ ਮੱਲ੍ਹਾਂ
ਵਾਈਐੱਫਸੀ ਰੁੜਕਾ ਕਲਾਂ ਦੇ ਖਿਡਾਰੀਆਂ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਲੀਗ ’ਚ ਮਾਰੀਆਂ ਮੱਲਾਂ
Publish Date: Sat, 13 Dec 2025 07:11 PM (IST)
Updated Date: Sat, 13 Dec 2025 07:12 PM (IST)
ਮਨਜੀਤ ਮੱਕੜ/ਕਰਮਵੀਰ ਸਿੰਘ, ਪੰਜਾਬੀ ਜਾਗਰਣ, ਗੁਰਾਇਆ : ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੇ ਖਿਡਾਰੀਆ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁੱਟਬਾਲ ਲੀਗ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਮਯਾਬੀਆਂ ਹਾਸਲ ਕੀਤੀਆਂ। ਇਸ ਲੀਗ ’ਚ ਵਾਈਐੱਫਸੀ ਦੀ ਰਮਣੀਕ ਕੌਰ ਤੇ ਬੰਦਨਾ ਨੇ ਜੀਐੱਨਡੀਯੂ ਦੀ ਨੁਮਾਇੰਦਗੀ ਕਰਦਿਆ ਚਾਂਦੀ ਦਾ ਮੈਡਲ ਜਿੱਤ ਕੇ ਉਪ-ਜੇਤੂ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੋਣਹਾਰ ਖਿਡਾਰੀ ਹਰਮਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦਿਆਂ ਖੇਲੋ ਇੰਡੀਆ ਨੈਸ਼ਨਲ ਯੂਨੀਵਰਸਿਟੀ ਚੈਂਪੀਅਨਸ਼ਿਪ ’ਚ ਚਾਂਦੀ ਦਾ ਮੈਡਲ ਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ’ਚ ਕਾਂਸੀ ਦਾ ਮੈਡਲ ਜਿੱਤ ਕੇ ਕਲੱਬ ਤੇ ਪਿੰਡ ਦਾ ਮਾਣ ਵਧਾਇਆ। ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਸੋਨੀ ਨੇ ਖਿਡਾਰੀਆਂ, ਉਨ੍ਹਾਂ ਦੇ ਮਾਪਿਆਂ ਤੇ ਕੋਚਾਂ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਵਾਈਐੱਫਸੀ ਰੁੜਕਾ ਕਲਾਂ ਲਿੰਗ ਸਮਾਨਤਾ ਤੇ ਮਹਿਲਾ ਸਸ਼ਕਤੀਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਕਲੱਬ ਦੇ ਕਈ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਵੱਖ-ਵੱਖ ਕਲੱਬਾਂ ਨਾਲ ਖੇਡ ਰਹੇ ਹਨ। ਉਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਮਿਹਨਤ ਤੇ ਅਨੁਸ਼ਾਸਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।