ਸ਼ੁੱਧ ਹਵਾ, ਪਾਣੀ ਤੇ ਖ਼ੁਰਾਕ ਲਈ ਕੰਮ ਕਰਨਾ ਸਮੇਂ ਦੀ ਮੁੱਖ ਲੋੜ
ਸ਼ੁੱਧ ਹਵਾ, ਪਾਣੀ ਤੇ ਖੁਰਾਕ ਲਈ ਕੰਮ ਕਰਨਾ ਸਮੇਂ ਦੀ ਮੁੱਖ ਲੋੜ ਹੈ-ਸੰਤ ਸੀਚੇਵਾਲ
Publish Date: Thu, 15 Jan 2026 09:02 PM (IST)
Updated Date: Thu, 15 Jan 2026 09:06 PM (IST)

-‘ਦਸਮੇਸ਼ ਪਿਤਾ ਬਖ਼ਸ਼ਿਸ਼ ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’ ਪੁਸਤਕ ਰਿਲੀਜ਼ -ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਰਿਲੀਜ਼ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬੀ ਜਾਗਰਣ ਰਿਪੋਰਟਰ, ਜਲੰਧਰ : ਸ਼ੁੱਧ ਹਵਾ, ਪਾਣੀ ਤੇ ਖੁਰਾਕ ਮਨੁੱਖ ਦੀ ਅਹਿਮ ਲੋੜ ਹੈ ਪਰ ਤਰਾਸਦੀ ਇਹ ਹੈ ਕਿ ਮੌਜੂਦਾ ਸਮੇਂ ਇਹ ਤਿੰਨੇ ਚੀਜ਼ਾਂ ਹੀ ਸਾਨੂੰ ਪੂਰੀ ਤਰ੍ਹਾਂ ਪ੍ਰਦੂਸ਼ਿਤ ਮਿਲ ਰਹੀਆ ਹਨ। ਇਹ ਤਿੰਨੇ ਚੀਜ਼ਾਂ ਸਾਡਾ ਮੌਲਿਕ ਤੇ ਸੰਵਿਧਾਨਕ ਅਧਿਕਾਰ ਵੀ ਹੈ ਪਰ ਸਾਨੂੰ ਇਨ੍ਹਾਂ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਇਸ ਲਈ ਸਬੰਧਤ ਸਰਕਾਰੀ ਵਿਭਾਗ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਆਪਣੀ ਬਣਦੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ, ਜਿਸ ਦਾ ਖਮਿਆਜ਼ਾ ਅੱਜ ਆਮ ਜਨਤਾ ਭੁਗਤ ਰਹੀ ਹੈ। ਇਹ ਪ੍ਰਗਟਾਵਾ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰੈੱਸ ਕਲੱਬ ’ਚ ਇਤਿਹਾਸਕ ਗੰਗਾ ਸਾਗਰ ਸਬੰਧੀ ਡਾ. ਗੁਰਦੇਵ ਸਿੰਘ ਸਿੱਧੂ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ ‘ਦਸਮੇਸ਼ ਪਿਤਾ ਬਖ਼ਸ਼ਿਸ਼ ਪਵਿੱਤਰ ਗੰਗਾ ਸਾਗਰ ਸੁੱਚੀ ਸੇਵਾ-ਸੰਭਾਲ’ ਦੇ ਰਿਲੀਜ਼ ਸਮਾਗਮ ’ਚ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਰਾਜਧਾਨੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸੁਪਰੀਮ ਕੋਰਟ ਵੀ ਜੱਦੋ-ਜਹਿਦ ਕਰ ਰਹੀ ਹੈ ਪਰ ਕਾਮਯਾਬੀ ਨਹੀਂ ਮਿਲ ਰਹੀ। ਇਸ ਲਈ ਹਵਾ, ਪਾਣੀ ਤੇ ਧਰਤੀ ਨੂੰ ਪ੍ਰਦੂਸ਼ਿਤ ਕਰਨ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਸਾਨੂੰ ਸਾਰਿਆ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨ ਦੀ ਲੋੜ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਕਾਲੀ ਵੇਈਂ ਨੂੰ ਪਵਿੱਤਰ ਕਰਨ ਉਪਰੰਤ ਸੰਗਤਾਂ ਹੁਣ ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਲਗਾਤਾਰ ਸੇਵਾ ਕਰ ਰਹੀਆ ਹਨ ਅਤੇ ਜਲਦ ਹੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਬੁੱਢਾ ਦਰਿਆ ਮੁੜ ਪਵਿੱਤਰ ਹੋਵੇਗਾ। ਪੁਸਤਕ ਬਾਰੇ ਗੱਲ ਕਰਦਿਆਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਡਾ. ਗੁਰਦੇਵ ਸਿੰਘ ਸਿੱਧੂ ਦੀ ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਹੈ, ਜਿਹੜੀ ਕਿ ਇਤਿਹਾਸ ਬਾਰੇ ਜਾਣਕਾਰੀ ਲੈਣ ਦੇ ਇੱਛੁਕ ਲੋਕਾਂ ਲਈ ਬਹੁਤ ਲਾਹੇਵੰਦ ਹੋਵੇਗੀ। ਗੰਗਾ ਸਾਗਰ ਬਾਰੇ ਬੋਲਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਉਹ ਦੁਰਲੱਭ ਕਲਾ ਦਾ ਨਮੂਨਾ ਹੈ ਜੋ ਕਿ ਦਸਮ ਪਾਤਸ਼ਾਹ ਨੇ ਗੁਰੂ ਸਾਹਿਬ ਨਾਲ ਮੋਹ ਰੱਖਣ ਵਾਲੇ ਪਰਿਵਾਰ ਨੂੰ ਸੌਂਪਿਆ ਸੀ। ਇਸ ਵਿਚ ਉਸ ਵੇਲੇ ਦੇ ਕਲਾਕਾਰ ਨੇ ਅਜਿਹਾ ਬਰਤਨ ਤਿਆਰ ਕੀਤਾ ਸੀ, ਜਿਸ ਵਿਚੋਂ ਛੇਕ ਹੋਣ ਦੇ ਬਾਵਜੂਦ ਦੁੱਧ ਬਾਹਰ ਨਹੀਂ ਡੁੱਲ੍ਹਦਾ ਸੀ। ਇਸ ਇਤਿਹਾਸਕ ਤੇ ਕਲਾ ਦੇ ਨਮੂਨੇ ਬਾਰੇ ਪੁਸਤਕ ਸੰਪਾਦਿਤ ਕਰਨ ਲਈ ਸੰਪਾਦਕ ਡਾ. ਸਿੱਧੂ ਵਧਾਈ ਦੇ ਪਾਤਰ ਹਨ। ਇਸ ਤੋਂ ਪਹਿਲਾਂ ਸੀਨੀਅਰ ਪੱਤਰਕਾਰ ਸਤਨਾਮ ਮਾਣਕ ਨੇ ਪੁਸਤਕ ਤੇ ਉਸ ਦਾ ਸੰਪਾਦਨ ਕਰਨ ਵਾਲੇ ਡਾ. ਗੁਰਦੇਵ ਸਿੰਘ ਸਿੱਧੂ ਬਾਰੇ ਚਾਨਣਾ ਪਾਇਆ ਜਦੋਂਕਿ ਧੰਨਵਾਦੀ ਸ਼ਬਦ ਡਾ. ਲਖਵਿੰਦਰ ਜੌਹਲ ਨੇ ਕਹੇ। ਇਸ ਮੌਕੇ ਲੇਖਕ ਕੁਲਦੀਪ ਸਿੰਘ ਬੇਦੀ, ਕਾਮਰੇਡ ਗੁਰਮੀਤ, ਦੇਸ਼ ਭਗਤ ਯਾਦਗਾਰ ਕਮੇਟੀ ਤੋਂ ਕਾਮਰੇਡ ਅਮੋਲਕ ਸਿੰਘ, ਰਣਜੀਤ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਡਾ. ਕਮਲੇਸ਼ ਸਿੰਘ ਦੁੱਗਲ ਤੇ ਹੋਰ ਹਾਜ਼ਰ ਸਨ।