ਨਾਰੀ ਨਿਕੇਤਨ 'ਚ ਲੋਹੜੀ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ
ਨਾਰੀ ਨਿਕੇਤਨ 'ਚ ਲੋਹੜੀ ਦੇ ਤਿਉਹਾਰ ਦੀਆ ਖੁਸ਼ੀਆ ਕੀਤੀਆ ਸਾਂਝੀਆ
Publish Date: Fri, 09 Jan 2026 09:24 PM (IST)
Updated Date: Fri, 09 Jan 2026 09:27 PM (IST)

-ਸੰਸਥਾ ਦੇ ਬੱਚਿਆਂ ਨੇ ਲੋਹੜੀ ਦੇ ਗੀਤ ਤੇ ਗਿੱਧਾ ਪੇਸ਼ ਕਰਕੇ ਬੰਨ੍ਹਿਆ ਰੰਗ -ਵਿਆਹ ਕੇ ਗਈਆਂ ਕੁੜੀਆਂ ਨੇ ਆਪਣੇ ਪਰਿਵਾਰਾਂ ਸਮੇਤ ਕੀਤੀ ਸ਼ਿਰਕਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੁਸ਼ਪਾ ਗੁਜਰਾਲ ਨਾਰੀ ਨਿਕੇਤਨ ਵਿਖੇ ਸ਼ੁੱਕਰਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਕਰਵਾਏ ਗਏ ਸਮਾਗਮ ਵਿਚ ਨਾਰੀ ਨਿਕੇਤਨ ਤੋਂ ਵਿਆਹ ਕਰ ਕੇ ਵਿਦਾ ਕੀਤੀਆਂ ਗਈਆਂ ਧੀਆਂ ਰਾਜਬੀਰ, ਅੰਮ੍ਰਿਤ ਵੀਣਾ, ਰੇਨੂੰ, ਕੁਸਮ, ਜਸਪ੍ਰੀਤ ਪ੍ਰਾਂਚੀ, ਪ੍ਰਿਅੰਕਾ, ਬਿੰਦੀਆ,ਪ੍ਰੀਤੀ ਅਤੇ ਮਮਤਾ ਨੇ ਆਪਣੇ ਪਰਿਵਾਰਾਂ ਸਮੇਤ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਨਾਰੀ ਨਿਕੇਤਨ ਟਰੱਸਟ ਦੇ ਟਰੱਸਟੀ ਨੀਨਾ ਸੋਂਧੀ, ਸੀਮਾ ਚੋਪੜਾ ਅਤੇ ਨਾਰੀ ਨਿਕੇਤਨ ਦੀ ਸੀਈਓ ਨਵਿਤਾ ਜੋਸ਼ੀ ਨੇ ਸਮੂਹ ਸਟਾਫ਼ ਅਤੇ ਬੱਚਿਆ ਨੂੰ ਲੋਹੜੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਸਵਰਗਵਾਸੀ ਇੰਦਰ ਕੁਮਾਰ ਗੁਜਰਾਲ ਦੇ ਮਾਤਾ ਸਵਰਗਵਾਸੀ ਪੁਸ਼ਪਾ ਗੁਜਰਾਲ ਅਤੇ ਪਿਤਾ ਅਵਤਾਰ ਨਰਾਇਣ ਗੁਜਰਾਲ ਵਲੋਂ ਸਥਾਪਿਤ ਨਾਰੀ ਨਿਕੇਤਨ ਟਰੱਸਟ ਜੋ ਕਿ ਪ੍ਰਧਾਨ ਨਰੇਸ਼ ਗੁਜਰਾਲ ਦੀ ਯੋਗ ਅਗਵਾਈ ਚ ਨਿਰੰਤਰ ਤਰੱਕੀ ਕਰ ਰਿਹਾ ਹੈ। ਨਾਰੀ ਨਿਕੇਤਨ ਵਿਖੇ ਬਿਨਾਂ ਕਿਸੇ ਭੇਦਭਾਵ ਦੇ ਬੇਸਹਾਰਾ ਲੜਕੀਆਂ ਦੀ ਪਰਵਰਿਸ਼ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਪੜ੍ਹਾ ਲਿਖਾ ਕੇ ਆਪਣੇ ਪੈਰਾ ਤੇ ਖੜ੍ਹੇ ਹੋਣ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਧੀਆਂ ਦੀ ਲੋਹੜੀ ਮਨਾਉਣੀ ਚਾਹੀਦੀ ਹੈ। ਇਸ ਮੌਕੇ ਸੀ.ਈ.ਓ. ਨਵਿਤਾ ਜੋਸ਼ੀ ਨੇ ਦੱਸਿਆ ਕਿ ਨਾਰੀ ਨਿਕੇਤਨ ਵਿਖੇ ਰਹਿ ਰਹੇ ਸਾਰੇ ਬੱਚਿਆ ਨੂੰ ਘਰ ਵਰਗੇ ਮਾਹੌਲ ਚ ਰੱਖਿਆਂ ਜਾਂਦਾ ਹੈ ਤਾਂ ਜੋ ਉਹ ਆਪਣੇ ਆਪ ਨੂੰ ਸਮਾਜ ਤੋਂ ਵੱਖ ਨਾ ਸਮਝਣ। ਸਮਾਗਮ ਦੌਰਾਨ ਬੱਚਿਆਂ ਨੇ ਗਿੱਧੇ, ਭੰਗੜੇ ਸਮੇਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਬੱਚਿਆਂ ਦੇ ਮਨੋਰੰਜਨ ਲਈ ਵੱਖ-ਵੱਖ ਤਰ੍ਹਾਂ ਦੀਆਂ ਮਨੋਰੰਜਕ ਖੇਡਾਂ ਕਰਵਾਈਆਂ ਗਈਆਂ। ਇਸ ਮੌਕੇ ਲੋਹੜੀ ਦੀ ਧੂਣੀ ਬਾਲੀ ਗਈ ਅਤੇ ਬੱਚਿਆਂ ਨੇ ਲੋਹੜੀ ਦੇ ਗੀਤ ਗਾਇਣ ਕਰ ਕੇ ਸਮਾਗਮ ਦਾ ਭਰਪੂਰ ਅਨੰਦ ਮਾਣਿਆ। ਸਮਾਗਮ ਦੌਰਾਨ ਬੱਚਿਆਂ ਨੂੰ ਮੂੰਗਫਲੀ, ਰਿਉੜੀਆਂ, ਮਿਠਾਈਆਂ ਅਤੇ ਤੋਹਫ਼ੇ ਵੰਡੇ ਗਏ। ਇਸ ਮੌਕੇ ਰਾਣੀ ਭਗਤ, ਅੰਜੂ ਬਾਲਾ, ਰਾਜਵਿੰਦਰ ਕੌਰ ਤੇ ਸਟਾਫ਼ ਦੇ ਸਮੂਹ ਮੈਂਬਰ ਹਾਜ਼ਰ ਸਨ।