ਜੋ ਬੋਲੇ ਸੋ ਨਿਰਭੈ ਦੇ ਜੈਕਾਰਿਆਂ ਦੇ ਨਾਲ ਰਵਾਨਾ ਹੋਈ ਬੇਗਮਪੁਰਾ ਸਪੈਸ਼ਲ ਐਕਸਪ੍ਰੈੱਸ
ਜੋ ਬੋਲੇ ਸੋ ਨਿਰਭੈ................. ਜੈਕਾਰਿਆਂ ਦੇ ਨਾਲ ਰਵਾਨਾ ਹੋਈ ਬੇਗਮਪੁਰਾ ਸਪੈਸ਼ਲ ਐਕਸਪ੍ਰੈਸ ਟ੍ਰੇਨ
Publish Date: Thu, 29 Jan 2026 08:56 PM (IST)
Updated Date: Thu, 29 Jan 2026 08:58 PM (IST)

-ਸਿਟੀ ਰੇਲਵੇ ਸਟੇਸ਼ਨ ’ਤੇ ਦਿਸਿਆ ਅਧਿਆਤਮਿਕਤਾ ਦਾ ਨਜ਼ਾਰਾ, ਧਾਰਮਿਕ ਗੀਤਾਂ ’ਤੇ ਭਗਤੀ ਰਸ ’ਚ ਝੂਮੀ ਸੰਗਤ, ਵੱਖ-ਵੱਖ ਸਟੇਸ਼ਨਾਂ ਤੋਂ ਸ਼ਾਮਲ ਹੋਵੇਗੀ ਸੰਗਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਿਟੀ ਰੇਲਵੇ ਸਟੇਸ਼ਨ ’ਤੇ ਵੀਰਵਾਰ ਦਾ ਦਿਨ ਖਾਸ ਰਿਹਾ। ਇੱਥੇ ਵੀਰਵਾਰ ਨੂੰ ‘ਯਾਤਰੀਗਣ ਕਿਰਪਾ ਕਰ ਕੇ ਧਿਆਨ ਦਿਓ’ ਦੀ ਥਾਂ ਧਾਰਮਿਕ ਗੀਤ ਗੂੰਜਦੇ ਰਹੇ। ਨਾ ਤਾਂ ਯਾਤਰੀਆਂ ਦੀ ਭੱਜ-ਠੱਲ ਸੀ ਤੇ ਨਾ ਹੀ ਗੱਡੀ ਚੜ੍ਹਨ ਦੀ ਕਾਹਲ। ਸਿਰਫ਼ ਭਗਤੀ ਰਸ ’ਚ ਝੂਮਦੀ ਸੰਗਤ ਤੇ ਸ੍ਰੀ ਗੁਰੂ ਰਵਿਦਾਸ ਜੀ ਦੀ ਪਾਵਨ ਧਰਤੀ ਵਾਰਾਨਸੀ ਪੁੱਜਣ ਦੀ ਉਤਸੁਕਤਾ ਹੀ ਹਰ ਚਿਹਰੇ ’ਤੇ ਦਿਖਾਈ ਦੇ ਰਹੀ ਸੀ। ਮੌਕਾ ਸੀ ਸ੍ਰੀ ਗੁਰੂ ਰਵਿਦਾਸ ਜਨਮ ਅਸਥਾਨ ਪਬਲਿਕ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਜਲੰਧਰ ਤੋਂ ਭੇਜੀ ਗਈ ਬੇਗਮਪੁਰਾ ਸਪੈਸ਼ਲ ਐਕਸਪ੍ਰੈੱਸ ਟ੍ਰੇਨ ਦੀ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਗੀ ਦਾ। ਇਸ ਮੌਕੇ ਸਿਟੀ ਰੇਲਵੇ ਸਟੇਸ਼ਨ ਦਾ ਨਜ਼ਾਰਾ ਆਮ ਦਿਨਾਂ ਨਾਲੋਂ ਬਿਲਕੁਲ ਵੱਖਰਾ ਨਜ਼ਰ ਆਇਆ। ਭਾਵੇਂ ਟ੍ਰੇਨ ਦਾ ਸੰਚਾਲਨ ਦੁਪਹਿਰ 3.40 ਵਜੇ ਹੋਣਾ ਸੀ ਪਰ ਸਵੇਰ ਤੋਂ ਹੀ ਸਟੇਸ਼ਨ ’ਤੇ ਸਜੇ ਮੰਚ, ਥਾਂ-ਥਾਂ ਲੱਗੇ ਟੈਂਟ ਤੇ ਉੱਥੇ ਪੁੱਜੀ ਸੰਗਤ ਇਕ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੀ ਸੀ। ਰੇਲਵੇ ਸਟੇਸ਼ਨ ਖਚਾਖਚ ਭਰਿਆ ਹੋਇਆ ਸੀ। ਪਲੇਟਫਾਰਮ ਨੰਬਰ ਇਕ ਤੋਂ ਬੇਗਮਪੁਰਾ ਸਪੈਸ਼ਲ ਟ੍ਰੇਨ ਰਵਾਨਾ ਹੋਈ। ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਬਾਬਾ ਨਿਰੰਜਨ ਦਾਸ ਜੀ ਮਹਾਰਾਜ ਦੀ ਅਗਵਾਈ ਹੇਠ ਭੇਜੀ ਗਈ ਟ੍ਰੇਨ ਦੀ ਰਵਾਨਗੀ ਤੋਂ ਪਹਿਲਾਂ ਅਰਦਾਸ ਕੀਤੀ ਗਈ। ਇਸ ਦੌਰਾਨ ਸੰਤ ਬਾਬਾ ਨਿਰੰਜਨ ਦਾਸ ਜੀ ਮਹਾਰਾਜ ਨੇ ਵੱਖ-ਵੱਖ ਸੂਬਿਆਂ ਤੋਂ ਪੁੱਜੀ ਸੰਗਤ ਨੂੰ ਆਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਮੂਹ ਮਨੁੱਖਤਾ ਨੂੰ ਅਧਿਆਤਮਿਕਤਾ ਦਾ ਮਾਰਗ ਦਿਖਾਇਆ ਹੈ, ਜਿਸ ਦਾ ਸਾਰਿਆਂ ਨੂੰ ਸਿਮਰਨ ਕਰਨਾ ਚਾਹੀਦਾ ਹੈ। ਟ੍ਰੇਨ ਦੇ ਡੱਬਾ ਨੰਬਰ 11 ’ਚ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਬਾਬਾ ਨਿਰੰਜਨ ਦਾਸ ਜੀ ਮਹਾਰਾਜ ਦਾ ਆਸਨ ਸਜਾਇਆ ਗਿਆ ਸੀ, ਜਿੱਥੇ ਉਨ੍ਹਾਂ ਤੋਂ ਆਸ਼ੀਰਵਾਦ ਲੈਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਫੂਡ ਐਂਡ ਸਿਵਲ ਸਪਲਾਈਜ਼ ਮੰਤਰੀ ਲਾਲ ਚੰਦ ਕਟਾਰੂਚੱਕ, ਸਾਬਕਾ ਵਿਧਾਇਕ ਪਵਨ ਟੀਨੂ, ਡੀਸੀ ਡਾ. ਹਿਮਾਂਸ਼ੂ ਅਗਰਵਾਲ ਸਮੇਤ ਹੋਰ ਆਗੂ ਤੇ ਅਧਿਕਾਰੀ ਪੁੱਜੇ। ਮਹਾਰਾਜ ਜੀ ਨੇ ਰੇਲਵੇ ਸਟੇਸ਼ਨ ’ਤੇ ਗੱਡੀ ਰਵਾਨਾ ਕਰਨ ਲਈ ਪੁੱਜੀ ਸੰਗਤ ਨੂੰ ਵੀ ਆਸ਼ੀਰਵਾਦ ਦਿੱਤਾ। ਇਸ ਤੋਂ ਪਹਿਲਾਂ ਸਿਟੀ ਰੇਲਵੇ ਸਟੇਸ਼ਨ ’ਤੇ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਬਾਬਾ ਨਿਰੰਜਨ ਦਾਸ ਜੀ ਦੀ ਅਗਵਾਈ ਹੇਠ ਸ਼ੋਭਾ ਯਾਤਰਾ ਪੁੱਜੀ। ਸ਼ੋਭਾ ਯਾਤਰਾ ਦਾ ਰਸਤੇ ’ਚ ਲੋਕਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਸਜੇ ਮੰਚ ’ਤੇ ਵੀ ਸੰਤ ਬਾਬਾ ਨਿਰੰਜਨ ਦਾਸ ਜੀ ਮਹਾਰਾਜ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇੱਥੇ ਉਨ੍ਹਾਂ ਤੋਂ ਆਸ਼ੀਰਵਾਦ ਲੈਣ ਲਈ ਸਾਬਕਾ ਮੁੱਖ ਮੰਤਰੀ ਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਸਾਬਕਾ ਸੰਸਦ ਮੈਂਬਰ ਵਿਜੈ ਸਾਂਪਲਾ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਆਲ ਇੰਡੀਆ ਕਾਂਗਰਸ ਕਮੇਟੀ ਦੇ ਸਕੱਤਰ ਤੇ ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਜ਼ਿਲ੍ਹਾ ਕਾਂਗਰਸ ਪ੍ਰਧਾਨ ਰਾਜਿੰਦਰ ਬੇਰੀ, ਕਾਂਗਰਸ ਹਲਕਾ ਇੰਚਾਰਜ ਸੁਰਿੰਦਰ ਕੌਰ, ਸਾਬਕਾ ਐੱਸਪੀ ਰਾਜਿੰਦਰ ਸਿੰਘ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਮਨੋਜ ਮਨੂ ਬੜਿੰਗ ਹਾਜ਼ਰ ਸਨ। --------------------------- ਵੱਖ-ਵੱਖ ਥਾਵਾਂ ਤੋਂ ਸ਼ਾਮਲ ਹੋਵੇਗੀ ਸੰਗਤ ਸਿਟੀ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਇਹ ਟ੍ਰੇਨ ਲੁਧਿਆਣਾ, ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ ਤੇ ਲਖਨਊ ਸਟੇਸ਼ਨਾਂ ’ਤੇ ਰੁਕੇਗੀ, ਜਿੱਥੋਂ ਸੰਗਤ ਨੂੰ ਨਾਲ ਲੈ ਕੇ ਵਾਰਾਨਸੀ ਲਈ ਰਵਾਨਾ ਹੋਵੇਗੀ। ---------------------------- ਥਾਂ-ਥਾਂ ਲੱਗੇ ਲੰਗਰ, ਭਗਤੀ ਦੇ ਰੰਗ ’ਚ ਰੰਗੀ ਗਈ ਸੰਗਤ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਵੱਖ-ਵੱਖ ਸੰਸਥਾਵਾਂ ਵੱਲੋਂ ਥਾਂ-ਥਾਂ ਲੰਗਰ ਲਾਏ ਗਏ। ਸਟੇਸ਼ਨ ਦੇ ਸਾਹਮਣੇ ਸਜੇ ਮੰਚ ਤੋਂ ਗੂੰਜ ਰਹੇ ਧਾਰਮਿਕ ਗੀਤਾਂ ’ਤੇ ਸੰਗਤ ਝੂਮ ਉਠੀ। ਟ੍ਰੇਨ ਦੀ ਰਵਾਨਗੀ ਤੋਂ ਪਹਿਲਾਂ ਲਗਪਗ ਤਿੰਨ ਘੰਟਿਆਂ ਤੱਕ ਇਹ ਨਜ਼ਾਰਾ ਵੇਖਣ ਨੂੰ ਮਿਲਿਆ। ਇਸ ਦੌਰਾਨ ਵੱਖ-ਵੱਖ ਜ਼ਿਲ੍ਹਿਆਂ ਤੋਂ ਆਈ ਸੰਗਤ ਆਸ਼ੀਰਵਾਦ ਲੈ ਕੇ ਆਪਣੇ ਘਰਾਂ ਨੂੰ ਵਾਪਸ ਪਰਤੀ। -------------------------- ਸਟੇਸ਼ਨ ਦੇ ਅੰਦਰ ਤੇ ਬਾਹਰ ਸੇਵਾਦਾਰਾਂ ਵੱਲੋਂ ਸੇਵਾਵਾਂ ਬੇਗਮਪੁਰਾ ਸਪੈਸ਼ਲ ਟ੍ਰੇਨ ਦੀ ਰਵਾਨਗੀ ਦੌਰਾਨ ਸਿਟੀ ਰੇਲਵੇ ਸਟੇਸ਼ਨ ਦੇ ਅੰਦਰ ਤੇ ਬਾਹਰ ਸੇਵਾਦਾਰਾਂ ਨੇ ਸੇਵਾਵਾਂ ਨਿਭਾਈਆਂ। ਸੰਸਥਾ ਵੱਲੋਂ ਬੁੱਕ ਕਰਵਾਈ ਗਈ ਟ੍ਰੇਨ ਦੀਆਂ ਸਾਰੀਆਂ 24 ਬੋਗੀਆਂ ’ਚ 5 ਤੋਂ 6 ਸੇਵਾਦਾਰ ਤਾਇਨਾਤ ਕੀਤੇ ਗਏ ਹਨ, ਜੋ ਸੰਗਤ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣਗੇ। ਇਸ ਦੇ ਨਾਲ ਜੀਆਰਪੀ ਤੇ ਆਰਪੀਐੱਫ ਦੇ ਜਵਾਨਾਂ ਦੀ ਤਾਇਨਾਤੀ ਨਾਲ ਸੁਰੱਖਿਆ ਪ੍ਰਬੰਧ ਵੀ ਯਕੀਨੀ ਬਣਾਏ ਗਏ। ------------------------ 3 ਫਰਵਰੀ ਨੂੰ ਵਾਪਸ ਪੁੱਜੇਗੀ ਸਪੈਸ਼ਲ ਟ੍ਰੇਨ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਮੌਕੇ ਹੋਣ ਵਾਲੇ ਸਮਾਗਮਾਂ ’ਚ ਨਤਮਸਤਕ ਹੋਣ ਤੋਂ ਬਾਅਦ ਇਹ ਟ੍ਰੇਨ 2 ਫਰਵਰੀ ਨੂੰ ਦੁਪਹਿਰ 3 ਵਜੇ ਵਾਰਾਨਸੀ ਤੋਂ ਵਾਪਸੀ ਲਈ ਰਵਾਨਾ ਹੋਵੇਗੀ ਤੇ 3 ਫਰਵਰੀ ਨੂੰ ਸਵੇਰੇ ਲਗਪਗ 11.20 ਵਜੇ ਸਿਟੀ ਰੇਲਵੇ ਸਟੇਸ਼ਨ ’ਤੇ ਪੁੱਜੇਗੀ। --------------------------- ਮੈਂ ਅੱਜ 21ਵੀਂ ਵਾਰ ਬੇਗਮਪੁਰਾ ’ਚ ਗੁਰੂ ਮਹਾਰਾਜ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਲਈ ਹਰ ਸਾਲ ਟ੍ਰੇਨ ਰਾਹੀਂ ਜਾਂਦਾ ਹਾਂ। ਕਈ ਵਾਰ ਤਾਂ ਸਾਲ ’ਚ ਦੋ ਵਾਰ ਵੀ ਦਰਸ਼ਨ ਕਰਨ ਜਾਂਦਾ ਹਾਂ। ਗੁਰੂ ਮਹਾਰਾਜ ਨਾਲ ਲਗਨ ਲੱਗੀ ਹੋਈ ਹੈ ਤੇ ਸੰਗਤ ਨਾਲ ਯਾਤਰਾ ਕਰਨ ਦਾ ਮੈਨੂੰ ਵੱਖਰਾ ਹੀ ਆਨੰਦ ਮਿਲਦਾ ਹੈ। ---- ਸ਼ਰਧਾਲੂ ਦਰਸ਼ਨ ਲਾਲ ------------------------- ਮੈਂ ਲੰਬੇ ਸਮੇਂ ਤੋਂ ਕੈਨੇਡਾ ’ਚ ਰਹਿ ਰਿਹਾ ਹਾਂ। ਇਸ ਵਾਰ ਬੇਗਮਪੁਰਾ ’ਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਨਮ ਅਸਥਾਨ ਦੇ ਦਰਸ਼ਨ ਕਰਨ ਲਈ ਪਹਿਲੀ ਵਾਰ ਜਾ ਰਿਹਾ ਹਾਂ। ਪਿਛਲੇ ਦੋ ਸਾਲਾਂ ਤੋਂ ਯੋਜਨਾ ਬਣ ਰਹੀ ਸੀ, ਇਸ ਵਾਰ ਪਰਿਵਾਰਕ ਮੈਂਬਰਾਂ ਨਾਲ ਜ਼ਿੱਦ ਕਰਕੇ ਪਹੁੰਚਿਆ ਹਾਂ। --- ਸੁਖਦੇਵ ਸਿੰਘ, ਵੈਨਕੂਵਰ (ਕੈਨੇਡਾ)।