ਲੁੱਟ-ਖੋਹ ਮੌਕੇ ਹੱਥੋਪਾਈ ਦੌਰਾਨ ਗਨ ਦਾ ਮੈਗਜ਼ੀਨ ਡਿੱਗਿਆ, ਲੁਟੇਰੇ ਫ਼ਰਾਰ
ਬੰਦੂਕ ਦਿਖਾ ਕੇ ਮੋਟਰਸਾਈਕਲ ਖੋਹਦੇ ਹੋਏ ਲੁਟੇਰਿਆਂ ਦਾ ਮੈਗਜੀਨ ਹੇਠਾਂ ਡਿੱਗਿਆ, ਲੁਟੇਰੇ ਫਰਾਰ
Publish Date: Wed, 24 Dec 2025 07:13 PM (IST)
Updated Date: Wed, 24 Dec 2025 07:16 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਅੱਠ ਦੀ ਹੱਦ ’ਚ ਪੈਂਦੇ ਪਠਾਨਕੋਟ ਚੌਕ ਲਾਗੇ ਸਥਿਤ ਡੀਮਾਰਟ ਨੇੜੇ ਜਦ ਬੰਦੂਕ ਦੇ ਜ਼ੋਰ ’ਤੇ ਇਕ ਵਿਅਕਤੀ ਦਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕਰਦੇ ਹੋਏ ਜਦ ਹੱਥੋਂਪਾਈ ਹੋ ਗਈ ਤਾਂ ਲੁਟੇਰਿਆਂ ਦੀ ਗਨ ਦਾ ਮੈਗਜ਼ੀਨ ਹੇਠਾਂ ਡਿੱਗ ਪਿਆ। ਲੁਟੇਰੇ ਮੈਗਜ਼ੀਨ ਮੌਕੇ ਤੇ ਛੱਡ ਕੇ ਫਰਾਰ ਹੋ ਗਏ। ਪੁਲਿਸ ਨੇ ਮੈਗਜੀਨ ਜਿੰਦਾ ਰੋਦ ਸਮੇਤ ਕਬਜ਼ੇ ’ਚ ਲੈ ਕੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਕੁੰਵਰਪਾਲ ਸਿੰਘ ਵਾਸੀ ਸਰਾਭਾ ਨਗਰ ਕਿਸੇ ਕੰਮ ਲਈ ਪਠਾਨਕੋਟ ਚੌਕ ਵੱਲ ਗਿਆ ਸੀ। ਜਦ ਉਹ ਪਠਾਣਕੋਟ ਚੌਕ ਲਾਗੇ ਸਥਿਤ ਡੀਮਾਰਟ ਨੇੜੇ ਪਹੁੰਚਿਆ ਤਾਂ ਬਾਈਕ ’ਤੇ ਆਏ ਦੋ ਲੁਟੇਰਿਆਂ ਨੇ ਉਸ ਨੂੰ ਰੋਕ ਲਿਆ ਤੇ ਬੰਦੂਕ ਕੱਢ ਕੇ ਉਸ ਦਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ। ਕੁੰਵਰਪਾਲ ਸਿੰਘ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਉਹ ਹੱਥੋਪਾਈ ’ਤੇ ਉਤਰ ਆਏ। ਜਿਸ ਤੋਂ ਬਾਅਦ ਉਹ ਉਨ੍ਹਾਂ ਨਾਲ ਹੱਥੋਪਾਈ ਕਰਨ ਲੱਗ ਪਿਆ। ਇਸ ਦੌਰਾਨ ਲੁਟੇਰਿਆਂ ਦੀ ਗਨ ਦਾ ਮੈਗਜ਼ੀਨ ਹੇਠਾਂ ਡਿੱਗ ਪਿਆ ਤੇ ਲੁਟੇਰੇ ਆਪਣਾ ਬਚਾਅ ਕਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਅੱਠ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਮੈਗਜ਼ੀਨ ਜਿਸ ’ਚ ਜੇ ਛੇ ਰੌਂਦ ਸਨ, ਕਬਜ਼ੇ ’ਚ ਲੈ ਲਿਆ। ਥਾਣਾ ਮੁਖੀ ਇੰਸਪੈਕਟਰ ਸਾਹਿਲ ਚੌਧਰੀ ਨੇ ਦੱਸਿਆ ਕਿ ਫਿਲਹਾਲ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਖਿਲਾਫ ਧਾਰਾ 304(2)3(5) 62 ਬੀਐੱਨਐੱਸ ਤੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰਕੇ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਘਟਨਾ ਵਾਲੀ ਥਾਂ ਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰ ਰਹੀ ਹੈ ਉਮੀਦ ਹੈ ਕਿ ਲੁਟੇਰੇ ਜਲਦ ਹੀ ਪੁਲਿਸ ਦੀ ਹਿਰਾਸਤ ’ਚ ਹੋਣਗੇ।