ਜੋਸ਼ ਤੇ ਖੁਸ਼ੀ ਨਾਲ ਨਵੇਂ ਵਰ੍ਹੇ 2026 ਦਾ ਸਵਾਗਤ, ਜਸ਼ਨ ਦੇ ਮਾਹੌਲ ’ਚ ਡੁੱਬੇ ਸ਼ਹਿਰ ਵਾਸੀ
ਜਾਸ, ਜਲੰਧਰ : ਨਵੇਂ
Publish Date: Wed, 31 Dec 2025 09:09 PM (IST)
Updated Date: Wed, 31 Dec 2025 09:11 PM (IST)

ਜਾਸ, ਜਲੰਧਰ : ਨਵੇਂ ਵਰ੍ਹੇ 2026 ਦੇ ਸਵਾਗਤ ਲਈ ਸ਼ਹਿਰ ਵਾਸੀ ਪਾਰਟੀਆਂ ਤੇ ਜਸ਼ਨਾਂ ਦੇ ਮਾਹੌਲ ’ਚ ਡੁੱਬੇ ਹੋਏ ਸਨ। ਹਰ ਕੋਈ ਹਿੰਦੀ ਤੇ ਪੰਜਾਬੀ ਗੀਤਾਂ ’ਤੇ ਥਿਰਕਦੇ ਨਜ਼ਰ ਆਇਆ। ਸ਼ਹਿਰ ਦੇ ਵੱਖ-ਵੱਖ ਹੋਟਲਾਂ, ਰੈਸਟੋਰੈਂਟਜ਼ ਤੇ ਕਲੱਬਾਂ ’ਚ ਪੁੱਜੇ ਪਰਿਵਾਰਕ ਮੈਂਬਰਾਂ ਨੇ ਵੱਖ-ਵੱਖ ਪਕਵਾਨਾਂ ਦਾ ਲੁਤਫ਼ ਉਠਾਉਂਦੇ ਹੋਏ ਗੀਤਾਂ ’ਤੇ ਨੱਚਣ ਦਾ ਵੀ ਆਨੰਦ ਮਾਣਿਆ। ਨਵਾਂ ਵਰ੍ਹਾ ਮਨਾਉਣ ਦੇ ਮੌਕੇ ਲੋਕਾਂ ਦੀ ਭੀੜ ਨੂੰ ਕੰਟਰੋਲ ਕਰਨ ਲਈ ਸ਼ਹਿਰ ਦੀਆਂ ਕਈ ਥਾਵਾਂ ’ਤੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਪੀਪੀਆਰ ਮਾਰਕੀਟ ਤੇ ਮਾਡਲ ਟਾਊਨ ’ਚ ਸ਼ਹਿਰ ਵਾਸੀਆਂ ਨੇ ਵਾਹਨਾਂ ’ਤੇ ਨਿਕਲ ਕੇ ਇਕ-ਦੂਜੇ ਨੂੰ ਨਵੇਂ ਵਰ੍ਹੇ ਦੀ ਵਧਾਈ ਦਿੰਦੇ ਹੋਏ ਦਿਖਾਈ ਦਿੱਤੇ। ਹੱਡ ਚੀਰਵੀਂ ਠੰਢ ਦੇ ਬਾਵਜੂਦ, ਨਵੇਂ ਵਰ੍ਹੇ ਦੇ ਸਵਾਗਤ ਲਈ ਸ਼ਹਿਰ ਵਾਸੀਆਂ ਦਾ ਜੋਸ਼ ਸਿਖ਼ਰ ਸੀ। ਕਿਸੇ ਨੇ ਆਪਣੀਆਂ ਕਾਰਾਂ ’ਤੇ ਹੈਪੀ ਨਿਊ ਯੀਅਰ ਦੇ ਗੁਬਾਰੇ ਲਾਏ ਹੋਏ ਸਨ ਤਾਂ ਕੋਈ ਦੋਸਤਾਂ ਨਾਲ ਉਨ੍ਹਾਂ ਇਲਾਕਿਆਂ ’ਚ ਮਸਤੀ ਕਰਦਾ ਦਿਖਾਈ ਦਿੱਤਾ। ਪੁਲਿਸ ਨੇ ਸ਼ਹਿਰ ’ਚ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਸਖ਼ਤ ਨਿਗਰਾਨੀ ਦੇ ਇੰਤਜ਼ਾਮ ਵੀ ਕੀਤੇ। ਸ਼ਹਿਰ ਦੇ ਲੋਕਾਂ ਨੇ ਵੱਡੇ ਉਤਸ਼ਾਹ ਤੇ ਖੁਸ਼ੀ ਨਾਲ ਨਵੇਂ ਵਰ੍ਹੇ 2026 ਦਾ ਸਵਾਗਤ ਕੀਤਾ। ਕਈ ਥਾਵਾਂ ’ਤੇ ਸ਼ਾਨਦਾਰ ਆਤਿਸ਼ਬਾਜ਼ੀ ਦੇਖਣ ਨੂੰ ਮਿਲੀ। ਲੋਕ ਪਾਰਟੀ ਦੇ ਰੰਗ ’ਚ ਡੁੱਬੇ ਹੋਏ ਸਨ। ਜਿਮਖਾਨਾ ਕਲੱਬ ’ਚ ਗਾਇਕ ਅਨਾਦੀ ਮਿਸ਼ਰਾ ਦੇ ਗੀਤਾਂ ’ਤੇ ਮੈਂਬਰਾਂ ਨੇ ਬਹੁਤ ਆਨੰਦ ਲਿਆ। ਹਰ ਕੋਈ ਗੀਤ ਸੁਣਨ ’ਚ ਮਸ਼ਰੂਫ ਸੀ। ਕਲੱਬ ਦੇ ਕੰਪਲੈਕਸ ’ਚ ਲਾਏ ਗਏ ਪੰਡਾਲ ’ਚ ਮੈਂਬਰਾਂ ਨੇ ਗੀਤਾਂ ਦੇ ਨਾਲ-ਨਾਲ ਡ੍ਰੈਗਨ ਡਾਂਸ ਗਰੁੱਪ ਦਾ ਵੀ ਆਨੰਦ ਲਿਆ। ਇਸੇ ਤਰ੍ਹਾਂ, ਰੈਸਟੋਰੈਟ ਦਿ ਪਰਮਿਟ ਹਾਊਸ , ਹੋਟਲ ਪ੍ਰੈਜ਼ੀਡੈਂਟ, ਹੋਟਲ ਰਮਾਡਾ, ਹੋਟਲ ਮਾਇਆ, ਹੋਟਲ ਅੰਬੈਸਡਰ ਤੇ ਸ਼ਹਿਰ ਦੇ ਹੋਰ ਹੋਟਲਾਂ ’ਚ ਲੋਕਾਂ ਨੇ ਲਾਈਵ ਸਿੰਗਿੰਗ ਦਾ ਆਨੰਦ ਮਾਣਿਆ। ਜਦੋਂ ਰੈਸਟੋਰਾਂ ਤੇ ਹੋਟਲਾਂ ’ਚ ਰਾਤ 12 ਵਜੇ ਤੋਂ ਇਕ ਮਿੰਟ ਪਹਿਲਾਂ ਬੱਤੀਆਂ ਬੰਦ ਕੀਤੀਆਂ ਗਈਆਂ, 12 ਵਜੇ ਬੱਤੀਆਂ ਚਾਲੂ ਹੋ ਗਈਆਂ। ਬੱਤੀਆਂ ਚਾਲੂ ਹੋਣ ਦੇ ਨਾਲ ਹੀ ਮੈਂਬਰਾਂ ਨੇ ਇਕ ਦੂਜੇ ਨੂੰ ਨਵੇਂ ਵਰ੍ਹੇ ਦੀ ਵਧਾਈ ਦੇਣੀ ਸ਼ੁਰੂ ਕਰ ਦਿੱਤੀ ਤੇ ਗਲੇ ਮਿਲਣ ਲੱਗੇ। ਨਵੇਂ ਵਰ੍ਹੇ ਦੇ ਸਵਾਗਤ ਲਈ ਹਰ ਸ਼ਹਿਰਵਾਸੀ ਦੇ ਚਿਹਰੇ ’ਤੇ ਖੁਸ਼ੀ ਦੇਖੀ ਜਾ ਸਕਦੀ ਸੀ। ਹੱਡ ਚੀਰਵੀਂ ਠੰਢ ਵੀ ਸ਼ਹਿਰ ਵਾਸੀਆਂ ਦੇ ਜੋਸ਼ ਨੂੰ ਘਟਾਉਣ ’ਚ ਅਸਫਲ ਰਹੀ। ਹੋਟਲਾਂ ਤੇ ਰੈਸਟੋਰੈਂਟਜ਼ ’ਚ ਹਿੰਦੀ ਫਿਲਮ ਧੁਰੰਧਰ ਦੇ ਗੀਤਾਂ ਦੀ ਧੂਮ ਰਹੀ।