ਪੰਜਾਬ ਬਚਾਉਣ ਲਈ ਇਕਜੁੱਟ ਹੋ ਕੇ ਲੜਨੀ ਪਵੇਗੀ ਲੜਾਈ, ਪਰਗਟ ਸਿੰਘ ਨੇ ਕਿਹਾ- CM ਮਾਨ, ਅਮਿਤ ਸ਼ਾਹ ਤੇ ਕੇਜਰੀਵਾਲ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੈ
ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਦਮਸ੍ਰੀ ਪਰਗਟ ਸਿੰਘ ਨੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਉਨ੍ਹਾਂ ਦੀ ਬਰਸੀ 'ਤੇ ਪਿੰਡ ਵਡਾਲਾ ਵਿਚ ਕਰਵਾਏ ਸਮਾਗਮ ਵਿਚ ਸ਼ਰਧਾਂਜਲੀ ਭੇਟ ਕੀਤੀ ਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਕਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ।
Publish Date: Mon, 08 Dec 2025 10:20 AM (IST)
Updated Date: Mon, 08 Dec 2025 10:22 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਦਮਸ੍ਰੀ ਪਰਗਟ ਸਿੰਘ ਨੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਉਨ੍ਹਾਂ ਦੀ ਬਰਸੀ 'ਤੇ ਪਿੰਡ ਵਡਾਲਾ ਵਿਚ ਕਰਵਾਏ ਸਮਾਗਮ ਵਿਚ ਸ਼ਰਧਾਂਜਲੀ ਭੇਟ ਕੀਤੀ ਤੇ ਸਾਰੀਆਂ ਵਿਰੋਧੀ ਪਾਰਟੀਆਂ ਨੂੰ ਇੱਕਜੁੱਟ ਹੋ ਕੇ ਲੜਾਈ ਲੜਨ ਦਾ ਸੱਦਾ ਦਿੱਤਾ। ਪਰਗਟ ਸਿੰਘ ਨੇ ਕਿਹਾ ਕਿ ਕਾਮਰੇਡ ਸੁਰਜੀਤ ਨੇ ਹਮੇਸ਼ਾ ਦੇਸ਼ ਨੂੰ ਅੱਗੇ ਵਧਾਉਣ ਲਈ ਕੰਮ ਕੀਤਾ। ਉਨ੍ਹਾਂ ਵਰਗਾ ਸਿਆਸਤਦਾਨ ਕਦੇ ਨਹੀਂ ਹੋਇਆ ਤੇ ਨਾ ਹੀ ਕਦੇ ਹੋਵੇਗਾ। ਉਹ ਦੇਰ ਰਾਤ ਤੱਕ ਵੀ ਕਿਤਾਬਾਂ ਤੋਂ ਗਿਆਨ ਗ੍ਰਹਿਣ ਕਰਦੇ ਸਨ ਪਰ ਅੱਜ ਦੇ ਸਿਆਸਤਦਾਨ ਕਿਤਾਬਾਂ ਨਾਲ ਸਬੰਧ ਗੁਆ ਰਹੇ ਹਨ।
ਸਾਬਕਾ ਸਿੱਖਿਆ ਮੰਤਰੀ ਪਰਗਟ ਨੇ ਕਿਹਾ ਕਿ ਅੱਜ ਲੜਾਈ ਵਿਚਾਰਧਾਰਕ ਹੈ, ਜਿੱਥੇ ਵੱਡੀਆਂ ਮੱਛੀਆਂ ਛੋਟੀਆਂ ਨੂੰ ਖਾ ਰਹੀਆਂ ਹਨ। ਆਰਐੱਸਐੱਸ ਤੇ ਭਾਜਪਾ ਮਿਲ ਕੇ ਦੇਸ਼ ਨੂੰ ਕਮਜ਼ੋਰ ਕਰ ਰਹੇ ਹਨ ਤੇ ਰਾਜ ਸਰਕਾਰਾਂ ਵਿਰੁੱਧ ਫੈਸਲੇ ਲਏ ਜਾ ਰਹੇ ਹਨ। ਆਉਣ ਵਾਲੇ ਸੰਸਦ ਸੈਸ਼ਨ ’ਚ ਬਿਜਲੀ ਬਿੱਲ ਤੇ ਸਿੱਖਿਆ ਬਿੱਲ ਸਮੇਤ ਪੰਜ ਬਿੱਲ ਪੇਸ਼ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਜੋ ਕਿ ਪੰਜਾਬ ਦੇ ਵਿਰੁੱਧ ਹਨ। ਬਿਜਲੀ ਨਿਗਮ ਵਿਚ ਨਿੱਜੀ ਕੰਪਨੀਆਂ ਨੂੰ ਸ਼ਾਮਲ ਕਰਨ ਦਾ ਵਿਚਾਰ ਖ਼ਤਰਨਾਕ ਹੈ। ਇਸੇ ਤਰ੍ਹਾਂ ਸਿੱਖਿਆ ਵਿਚ ਕਮਿਸ਼ਨ ਬਣਾਉਣਾ ਗ਼ਲਤ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਹਿੱਤਾਂ ’ਚ ਚੁੱਪ ਰਹੇ ਹਨ। ਉਨ੍ਹਾਂ ਨੇ ਕਦੇ ਵੀ ਸੰਸਦ ’ਚ ਸਿੱਖਿਆ ਨੀਤੀ ਦਾ ਵਿਰੋਧ ਨਹੀਂ ਕੀਤਾ, ਨਾ ਹੀ ਬੀਬੀਐੱਮਬੀ ਮੁੱਦੇ 'ਤੇ ਆਵਾਜ਼ ਉਠਾਈ।
ਹੁਣ, ਚੰਡੀਗੜ੍ਹ 'ਤੇ ਉਨ੍ਹਾਂ ਦਾ ਰੁਖ਼ ਵੀ ਸਪੱਸ਼ਟ ਨਹੀਂ ਹੈ। ਉਨ੍ਹਾਂ ਨੂੰ ਸੰਸਦ ’ਚ ਚੰਡੀਗੜ੍ਹ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਉਣਾ ਚਾਹੀਦਾ ਹੈ ਪਰ ਸੱਚਾਈ ਇਹ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਬੀ-ਟੀਮ ਹੈ। ਮੁੱਖ ਮੰਤਰੀ ਭਗਵੰਤ ਮਾਨ, ਜਿਨ੍ਹਾਂ ਨੇ ਹਰ ਮੁੱਦੇ ’ਤੇ ਚੁੱਪੀ ਬਣਾਈ ਰੱਖੀ ਹੈ, ਦੇ ਦੋ ਸਲਾਹਕਾਰ ਹਨ। ਇਕ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਦੂਜੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਨ। ਮੁੱਖ ਮੰਤਰੀ ਮਾਨ ਨੇ ਦੋਵਾਂ ਨੂੰ ਖੁਸ਼ ਕਰਨਾ ਸ਼ੁਰੂ ਕਰ ਦਿੱਤਾ ਹੈ, ਉਹ ਕਿਸੇ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ। ਪਰਗਟ ਸਿੰਘ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਰੇ ਇਕਜੁੱਟ ਹੋਣ, ਤਾਂ ਹੀ ਕੇਂਦਰ ਦੀ ਭਾਜਪਾ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾ ਕੇ ਪੰਜਾਬ ਨੂੰ ਬਚਾ ਸਕਾਂਗੇ। ਇਸ ਮੌਕੇ ’ਤੇ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੀ ਮੌਜੂਦ ਰਹੇ। ਲਾਡੀ ਸ਼ੇਰੋਵਾਲੀਆ ਨੇ ਹਰਕਿਸ਼ਨ ਸਿੰਘ ਸੁਰਜੀਤ ਨੂੰ ਸ਼ਰਧਾਂਜਲੀ ਦਿੱਤੀ ਤੇ ਪੰਜਾਬ ਦੇ ਹਾਲਾਤਾਂ ’ਤੇ ਆਪਣੇ ਵਿਚਾਰ ਰੱਖੇ।