ਦੇਸ਼ ਲਈ ਜਾਨਾਂ ਵਾਰ ਦੇਣ ਵਾਲੇ ਸੂਰਮਿਆਂ ਦੇ ਹਮੇਸ਼ਾ ਰਿਣੀ ਰਹਾਂਗੇ : ਮੋਹਿੰਦਰ ਭਗਤ
ਦੇਸ਼ ਲਈ ਜਾਨਾਂ ਵਾਰ ਦੇਣ ਵਾਲੇ ਸੂਰਮਿਆਂ ਦੇ ਹਮੇਸ਼ਾ ਰਿਣੀ ਰਹਾਂਗੇ : ਮੋਹਿੰਦਰ ਭਗਤ
Publish Date: Fri, 05 Dec 2025 07:19 PM (IST)
Updated Date: Fri, 05 Dec 2025 07:21 PM (IST)

- ਸਾਬਕਾ ਸੈਨਿਕਾਂ ਦੇ ਸਨਮਾਨ ਸਮਾਗਮ ’ਚ ਕੈਬਨਿਟ ਮੰਤਰੀ ਨੇ ਕੀਤੀ ਸ਼ਿਰਕਤ - 5 ਜ਼ਿਲ੍ਹਿਆਂ ਦੇ 16 ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਤੇ 350 ਸਾਬਕਾ ਫੌਜੀਆ ਦਾ ਸਨਮਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੇ ਦੇਸ਼ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਫੌਜੀ ਜਵਾਨਾਂ ਨੂੰ ਨਮਨ ਕਰਦਿਆਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰ ਦੇਣ ਵਾਲੇ ਬਹਾਦਰ ਸੂਰਮਿਆਂ ਦੇ ਅਸੀਂ ਹਮੇਸ਼ਾ ਰਿਣੀ ਰਹਾਂਗੇ, ਜਿਨ੍ਹਾਂ ਆਪਣਾ ਪੂਰਾ ਜੀਵਨ ਦੇਸ਼ ਨੂੰ ਸਮਰਪਿਤ ਕਰ ਦਿੱਤਾ। ਇੱਥੇ ਰੈੱਡ ਕਰਾਸ ਭਵਨ ਵਿਖੇ ਅਖਿਲ ਭਾਰਤੀ ਅਗਰਵਾਲ ਸੰਮੇਲਨ ਵੱਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਅਤੇ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ‘ਵਿਜੇ ਦਿਵਸ-2025’ ਸਬੰਧੀ ਸਾਬਕਾ ਸੈਨਿਕਾਂ ਦੇ ਸਨਮਾਨ ਵਿਚ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਬਹਾਦਰੀ ਨਾਲ ਲੜਨ ਵਾਲੇ ਸ਼ੂਰਵੀਰ ਸਾਡੇ ਲਈ ਪ੍ਰੇਰਨਾ ਸਰੋਤ ਹਨ ਅਤੇ ਅੱਜ ਜੋ ਅਸੀਂ ਖੁੱਲ੍ਹੀ ਹਵਾ ਵਿੱਚ ਸਾਹ ਲਾ ਰਹੇ ਹਾਂ, ਉਹ ਇਨ੍ਹਾਂ ਬਹਾਦਰ ਫੌਜੀਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨਾਲ ਮੇਅਰ ਵਿਨੀਤ ਧੀਰ ਵੀ ਮੌਜੂਦ ਸਨ। ਕੈਬਨਿਟ ਮੰਤਰੀ ਵੱਲੋਂ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਲੁਧਿਆਣਾ ਨਾਲ ਸਬੰਧਤ 16 ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਦਾ ਸਨਮਾਨ ਕਰਨ ਤੋਂ ਇਲਾਵਾ ਇਨ੍ਹਾਂ ਜ਼ਿਲ੍ਹਿਆਂ ਦੇ 350 ਸਾਬਕਾ ਫੌਜੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਉਪਰਾਲੇ ਲਈ ਅਖਿਲ ਭਾਰਤੀ ਅਗਰਵਾਲ ਸੰਮੇਲਨ ਦੀ ਸ਼ਲਾਘਾ ਕਰਦਿਆਂ ਮੰਤਰੀ ਭਗਤ ਨੇ ਕਿਹਾ ਕਿ ਸੰਸਥਾ ਵੱਲੋਂ ਸ਼ਹੀਦ ਫੌਜੀਆਂ ਅਤੇ ਸਾਬਕਾ ਸੈਨਿਕਾ ਦੇ ਪਰਿਵਾਰਾਂ ਲਈ ਬਹੁਤ ਨੇਕ ਉਪਰਾਲਾ ਕੀਤਾ ਗਿਆ ਹੈ। ਮੇਅਰ ਵਿਨੀਤ ਧੀਰ ਨੇ ਸ਼ਹੀਦ ਸੈਨਿਕਾਂ ਦੇ ਬਲਿਦਾਨ ਨੂੰ ਸਲਾਮ ਕਰਦਿਆਂ ਕਿਹਾ ਕਿ ਇਨ੍ਹਾਂ ਦੀਆਂ ਕੁਰਬਾਨੀਆਂ ਸਾਡੀ ਨੌਜਵਾਨ ਪੀੜ੍ਹੀ ਨੂੰ ਦੇਸ਼ ਭਗਤੀ ਦੇ ਜਜ਼ਬੇ ਨਾਲ ਨਿਰਸਵਾਰਥ ਹੋ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕਰਦੀਆਂ ਰਹਿਣਗੀਆਂ। ਇਸ ਤੋਂ ਪਹਿਲਾਂ ਅਖਿਲ ਭਾਰਤੀਯ ਅਗਰਵਾਲ ਸੰਮੇਲਨ ਦੇ ਪ੍ਰਧਾਨ ਸੁਰਿੰਦਰ ਅਗਰਵਾਲ ਵੱਲੋਂ ਮੁੱਖ ਮਹਿਮਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ, ਵਿਸ਼ੇਸ਼ ਮਹਿਮਾਨ ਮੇਅਰ ਵਿਨੀਤ ਧੀਰ, ਲਵਲੀ ਗਰੁੱਪ ਤੋਂ ਰਮੇਸ਼ ਮਿੱਤਲ ਅਤੇ ਨਰੇਸ਼ ਮਿੱਤਲ, ਕੀਮਤੀ ਭਗਤ ਸਮੇਤ ਹੋਰ ਮਹਿਮਾਨਾਂ ਦਾ ਸਮਾਗਮ ਵਿੱਚ ਪਹੁੰਚਣ ’ਤੇ ਸਨਮਾਨ ਕੀਤਾ ਗਿਆ। ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸੁਰਿੰਦਰ ਅਗਰਵਾਲ ਨੇ ਕਿਹਾ ਕਿ ਸੰਸਥਾ ਵੱਲੋਂ ਭਵਿੱਖ ਵਿੱਚ ਵੀ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਅਜਿਹੇ ਉਪਰਾਲੇ ਕੀਤੇ ਜਾਂਦੇ ਰਹਿਣਗੇ। ਉਨ੍ਹਾਂ ਸੰਸਥਾ ਵੱਲੋਂ ਸਾਬਕਾ ਸੈਨਿਕਾਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿਵਾਇਆ। ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਵਿੰਦਰ ਸਿੰਘ ਵਿਰਕ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਸੁਰਜੀਤ ਲਾਲ, ਪ੍ਰਭਜੋਤ ਕੌਰ, ਗਿਰੀਸ਼ ਭੱਟ, ਸੋਮ ਸਹੋਤਾ, ਅਖਿਲ ਭਾਰਤੀਯ ਸੰਮੇਲਨ ਦੇ ਅਹੁਦੇਦਾਰ ਤੇ ਹੋਰ ਸ਼ਖ਼ਸੀਅਤਾਂ ਵੀ ਮੌਜੂਦ ਸਨ।