ਸਹਾਇਕ ਕਮਿਸ਼ਨਰ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਆ
ਯੁੱਧ ਨਸ਼ਿਆਂ ਵਿਰੁੱਧ ਸਹਾਇਕ ਕਮਿਸ਼ਨਰ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਕੀਤਾ ਪ੍ਰੇਰਿਤ
Publish Date: Thu, 18 Dec 2025 10:21 PM (IST)
Updated Date: Thu, 18 Dec 2025 10:21 PM (IST)

-ਜਲੰਧਰ ਪ੍ਰੀਮੀਅਰ ਲੀਗ ਤਹਿਤ ਕ੍ਰਿਕਟ ਮੈਚਾਂ ਦੀ ਕਰਵਾਈ ਸ਼ੁਰੂਆਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਪਹਿਲਕਦਮੀ ਤਹਿਤ ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਰਹਿਨੁਮਾਈ ਹੇਠ ਨੌਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਤ ਕਰਨ ਲਈ ਕਰਵਾਈ ਜਾ ਰਹੀ ਜਲੰਧਰ ਪ੍ਰੀਮੀਅਰ ਲੀਗ ਤਹਿਤ ਸਰਕਾਰੀ ਕੋ-ਐਡ ਮਾਡਲ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਜਲੰਧਰ ਤੇ ਇਨੋਸੈਂਟ ਹਾਰਟ ਸਕੂਲ ਦੀਆਂ ਟੀਮਾਂ ਵਿਚਕਾਰ ਸੀਟੀ ਸਾਊਥ ਕੈਂਪਸ ਜਲੰਧਰ ਵਿਖੇ ਕ੍ਰਿਕਟ ਮੈਚ ਖੇਡੇ ਗਏ। ਕ੍ਰਿਕਟ ਮੈਚਾਂ ਦੀ ਸ਼ੁਰੂਆਤ ਸਹਾਇਕ ਕਮਿਸ਼ਨਰ (ਜਨਰਲ) ਰੋਹਿਤ ਜਿੰਦਲ ਵੱਲੋਂ ਕਰਵਾਈ ਗਈ। ਇਸ ਮੌਕੇ ਸਹਾਇਕ ਕਮਿਸ਼ਨਰ ਰੋਹਿਤ ਜਿੰਦਲ ਨੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਪ੍ਰੀਮੀਅਰ ਲੀਗ ਦੀ ਨਿਵੇਕਲੀ ਪਹਿਲ ਨੂੰ ਖਿਡਾਰੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਲੋਕਾਂ ਖਾਸ ਕਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਲਾਹਨਤ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ ’ਚ ਸਰਗਰਮ ਯੋਗਦਾਨ ਪਾਈਏ। ਵੀਰਵਾਰ ਨੂੰ ਕਰਵਾਏ ਗਏ ਮੈਚ ’ਚ ਇਨੋਸੈਂਟ ਹਾਰਟ ਸਕੂਲ ਦੀ ਟੀਮ ਜੇਤੂ ਰਹੀ। ਇਸ ਮੌਕੇ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ ਨੇ ਵੀ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ’ਚ ਨਾਮਣਾ ਖੱਟ ਕੇ ਦੇਸ਼ ਤੇ ਸੂਬੇ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਤ ਕੀਤਾ।