‘ਯੁੱਧ ਨਸ਼ਿਆਂ ਵਿਰੁੱਧ’ ਜਲੰਧਰ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ
“ਯੁੱਧ ਨਸ਼ਿਆਂ ਵਿਰੁੱਧ” ਜਲੰਧਰ ਦਿਹਾਤੀ ਪੁਲਿਸ ਵੱਲੋਂ ਵੱਡੀ ਕਾਰਵਾਈ
Publish Date: Sat, 17 Jan 2026 09:01 PM (IST)
Updated Date: Sat, 17 Jan 2026 09:03 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨਸ਼ਾ ਤਸਕਰੀ ਤੇ ਅਪਰਾਧਿਕ ਸਰਗਰਮੀਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕਰਦਿਆਂ ਜਲੰਧਰ ਦਿਹਾਤੀ ਪੁਲਿਸ ਨੇ ਪੂਰੇ ਜ਼ਿਲ੍ਹੇ ’ਚ ਕੋਰਡਨ ਐਂਡ ਸਰਚ ਆਪ੍ਰੇਸ਼ਨ (ਕਾਸੋ) ਚਲਾਇਆ। ਇਹ ਆਪ੍ਰੇਸ਼ਨ ਡਾ. ਸੰਦੀਪ ਕੁਮਾਰ ਗਰਗ, ਡੀਆਈਜੀ ਇੰਟੈਲੀਜੈਂਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤੇ ਹਰਵਿੰਦਰ ਸਿੰਘ ਵਿਰਕ, ਐੱਸਐੱਸਪੀ ਜਲੰਧਰ ਦਿਹਾਤੀ ਦੀ ਅਗਵਾਈ ਹੇਠ ਕੀਤਾ ਗਿਆ। ਇਸ ਵੱਡੇ ਪੱਧਰ ਦੇ ਆਪ੍ਰੇਸ਼ਨ ’ਚ 15 ਗਜਟਿਡ ਅਫ਼ਸਰਾਂ ਦੀ ਨਿਗਰਾਨੀ ਹੇਠ 111 ਰੇਡਾਂ ਕੀਤੀਆਂ ਗਈਆਂ, ਜਦਕਿ ਲਗਪਗ 150 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ। ਖ਼ੁਫ਼ੀਆ ਜਾਣਕਾਰੀਆਂ ਦੇ ਆਧਾਰ ’ਤੇ ਜ਼ਿਲ੍ਹੇ ਦੇ ਸੰਵੇਦਨਸ਼ੀਲ ਸਥਾਨ ਜਿਵੇਂ ਕਿ ਬੱਸ ਅੱਡੇ, ਖਾਲੀ ਇਮਾਰਤਾਂ, ਇਕਾਂਤ ਖੇਤ ਤੇ ਖੁੱਲ੍ਹੇ ਮੈਦਾਨਾਂ ’ਤੇ ਡੂੰਘੀ ਤਲਾਸ਼ੀ ਲਈ ਗਈ। ਪੁਲਿਸ ਟੀਮਾਂ ਵੱਲੋਂ ਸ਼ੱਕੀ ਵਿਅਕਤੀਆਂ ਤੇ ਵਾਹਨਾਂ ਦੀ ਸਖ਼ਤ ਚੈਕਿੰਗ ਕੀਤੀ ਗਈ। ਇਸ ਦੌਰਾਨ 50 ਸਮੱਗਲਰਾਂ/ਨਸ਼ਾ ਤਸਕਰਾਂ/ਕੂਰਿਅਰਾਂ ਦੀ ਜਾਂਚ ਕੀਤੀ ਗਈ, ਜਦਕਿ 35 ਸ਼ੱਕੀ ਵਿਅਕਤੀਆਂ ਨੂੰ ਪੁੱਛਗਿੱਛ ਲਈ ਕਾਬੂ ਕੀਤਾ ਗਿਆ। ਕਾਸੋ ਆਪ੍ਰੇਸ਼ਨ ਦੇ ਨਤੀਜੇ ਵਜੋਂ 7 ਮੁਕਦਮੇ ਦਰਜ ਕੀਤੇ ਗਏ ਤੇ 8 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੇ ਕਬਜ਼ੇ ’ਚੋਂ 290 ਪਾਬੰਦੀਸ਼ੁਦਾ ਗੋਲੀਆਂ, 5 ਗ੍ਰਾਮ ਹੈਰੋਇਨ ਤੇ ਇਕ ਕਾਰ ਬਰਾਮਦ ਕੀਤੀ ਗਈ। ਇਸ ਨਾਲ ਗ਼ੈਰਕਾਨੂੰਨੀ ਸਰਗਰਮੀਆਂ ਨੂੰ ਵੱਡਾ ਝਟਕਾ ਲੱਗਾ ਤੇ ਅਹਿਮ ਸੁਰਾਗ ਵੀ ਮਿਲੇ, ਜਿਨ੍ਹਾਂ ਦੇ ਆਧਾਰ ’ਤੇ ਅਗਲੇ ਦਿਨਾਂ ’ਚ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਨਿਸ਼ਾਨਦੇਹੀ ਵਾਲੀਆਂ ਸੰਵੇਦਨਸ਼ੀਲ ਸਥਾਨਾਂ ’ਤੇ ਹੁਣ ਰੋਜ਼ਾਨਾ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ। ਨਸ਼ਾ ਸੇਵਨ ’ਚ ਸ਼ਾਮਲ ਨੌਜਵਾਨਾਂ ਨੂੰ ਰਿਹੈਬਿਲੀਟੇਸ਼ਨ ਕੇਂਦਰਾਂ ਵੱਲ ਭੇਜਿਆ ਜਾਵੇਗਾ, ਜਦਕਿ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਸਬੰਧੀ ਕਿਸੇ ਵੀ ਸਰਗਰਮੀ ਦੀ ਜਾਣਕਾਰੀ ਮਿਲਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਪੁਲਿਸ ਨੇ ਭਰੋਸਾ ਦਿਵਾਇਆ ਕਿ ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ।