ਕੰਗ ਸਾਹਿਬ ਰਾਏ ’ਚ ਮਨਾਇਆ ਵੋਟਰ ਦਿਵਸ
ਕੰਗ ਸਾਹਿਬ ਰਾਏ ਵਿਖੇ ਮਨਾਇਆ ਵੋਟਰ ਦਿਵਸ
Publish Date: Wed, 28 Jan 2026 07:50 PM (IST)
Updated Date: Wed, 28 Jan 2026 07:52 PM (IST)

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਕੰਗ ਸਾਹਿਬ ਰਾਏ ਦੇ ਪ੍ਰਾਇਮਰੀ ਸਕੂਲ ’ਚ ਬੂਥ ਨੰਬਰ 16 ਤੇ ਵੋਟਰ ਦਿਵਸ ਮੌਕੇ ਸੁਪਰਵਾਈਜ਼ਰ ਪ੍ਰਿੰਸੀਪਲ ਕਮਲ ਗੁਪਤਾ ਤੇ ਬੀਐੱਲਓ ਜਸਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਵੋਟਰ ਦਿਵਸ ਮਨਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਕਮਲ ਗੁਪਤਾ ਨੇ ਚੋਣ ਕਮਿਸ਼ਨ ਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਨੂੰ ਜਾਗਰੂਕ ਕਰਨ ਤਹਿਤ ਵੋਟਰ ਦਿਵਸ ਮੌਕੇ ਵੋਟਰਾਂ ਨੂੰ ਵੋਟ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਨਵੀਂ ਵੋਟਰ ਲਿਸਟ ਆ ਚੁੱਕੀ ਹੈ ਤੇ ਕੋਈ ਵੀ ਵੋਟਰ ਜਿਸ ਕਿਸੇ ਨੇ ਵੀ ਇਸ ’ਚ ਕੋਈ ਸੁਧਾਰ ਕਰਵਾਉਣਾ ਹੋਵੇ ਤਾਂ ਉਹ ਸਬੰਧਤ ਬੀਐੱਲਓ ਕੋਲ ਆਪਣੇ ਫਾਰਮ ਭਰਵਾ ਸਕਦਾ ਹੈ। ਇਸ ਮੌਕੇ ’ਤੇ ਪ੍ਰਿੰਸੀਪਲ ਕਮਲ ਗੁਪਤਾ ਤੇ ਬੀਐੱਲਓ ਜਸਪ੍ਰੀਤ ਕੌਰ ਵੱਲੋਂ ਪੁੱਜੇ ਹੋਏ ਵੋਟਰਾਂ ਨੂੰ ਸਹੁੰ ਚੁਕਾਈ ਗਈ ਕਿ ਉਹ ਲੋਕਤੰਤਰ ’ਚ ਪੂਰਾ ਵਿਸ਼ਵਾਸ ਰੱਖਦੇ ਹੋਏ ਸੁਤੰਤਰ, ਨਿਰਪੱਖ ਤੇ ਸ਼ਾਂਤਮਈ ਚੋਣਾਂ ਦਾ ਮਾਣ ਬਰਕਰਾਰ ਰੱਖਦੇ ਹੋਏ ਬਿਨਾਂ ਕਿਸੇ ਲਾਲਚ ਦੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਇਸ ਮੌਕੇ ਸਾਬਕਾ ਸਰਪੰਚ ਦਲਬੀਰ ਸਿੰਘ ਤੇ ਹੋਰ ਵੋਟਰਾਂ ਨੇ ਚੋਣ ਕਮਿਸ਼ਨ ਤੇ ਸਰਕਾਰ ਨੂੰ ਇਹ ਅਪੀਲ ਕੀਤੀ ਕਿ ਸਾਰੇ ਹੀ ਵੋਟਰਾਂ ਦੀ ਇਕ ਹੀ ਵੋਟਰ ਸੂਚੀ ਬਣਾਈ ਜਾਵੇ ਜੋ ਕਿ ਹਰ ਤਰ੍ਹਾਂ ਦੀਆਂ ਵੋਟਾਂ ਪਵਾਉਣ ਮੌਕੇ ਇਸਤੇਮਾਲ ਕੀਤੀ ਜਾ ਸਕੇ। ਇਸ ਮੌਕੇ ਸੁਪਰਵਾਈਜ਼ਰ ਪ੍ਰਿੰਸੀਪਲ ਕਮਲ ਗੁਪਤਾ, ਬਲਾਕ ਲੈਵਲ ਅਫਸਰ ਜਸਪ੍ਰੀਤ ਕੌਰ, ਜਸਪ੍ਰੀਤ ਸਿੰਘ ਕੰਗ, ਸਾਬਕਾ ਸਰਪੰਚ ਦਲਵੀਰ ਸਿੰਘ ਕੰਗ, ਸਤਪਾਲ ਸਿੰਘ ਪਾਲੀ, ਲੈਂਬਰ ਸਿੰਘ, ਨਛੱਤਰ ਸਿੰਘ, ਏਕਤਾ, ਰਾਣੀ, ਰਾਜਵਿੰਦਰ ਤੋਂ ਇਲਾਵਾ ਹੋਰ ਵੀ ਵੋਟਰ ਸ਼ਾਮਲ ਹੋਏ।