ਕਾਰ ਪਾਰਕਿੰਗ ਨੂੰ ਲੈ ਕੇ ਹੋਈ ਹਿੰਸਕ ਝੜਪ, ਇਕ ਜ਼ਖ਼ਮੀ
ਕਾਰ ਪਾਰਕਿੰਗ ਨੂੰ ਲੈ ਕੇ ਹੋਈ ਹਿੰਸਕ ਝੜਪ, ਹਥਿਆਰਬੰਦ ਹਮਲਾਵਰਾਂ ਨੇ ਇਕ ਨੌਜਵਾਨ ਨੂੰ ਕੀਤਾ ਜ਼ਖਮੀ
Publish Date: Mon, 01 Dec 2025 09:58 PM (IST)
Updated Date: Mon, 01 Dec 2025 09:59 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੰਤੋਸ਼ੀ ਨਗਰ ’ਚ ਐਤਵਾਰ ਦੇਰ ਰਾਤ ਇਕ ਗਲੀ ’ਚ ਪਾਰਕਿੰਗ ਨੂੰ ਲੈ ਕੇ ਹੋਈ ਹਿੰਸਕ ਝੜਪ ਦੌਰਾਨ ਝਗੜਾ ਇਸ ਹੱਦ ਤੱਕ ਵਧ ਗਿਆ ਕਿ ਇਕ ਧਿਰ ਨੇ ਗਲੀ ਤੇ ਘਰਾਂ ’ਚ ਖੜ੍ਹੀਆਂ ਕਾਰਾਂ ਦੇ ਸ਼ੀਸ਼ੇ ਤੋੜ ਦਿੱਤੇ। ਹਮਲਾਵਰ ਹਥਿਆਰ ਲਹਿਰਾਉਂਦੇ ਸੀਸੀਟੀਵੀ ’ਚ ਕੈਦ ਹੋ ਗਏ। ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਇਆ, ਜਿਸ ’ਚ ਇਕ ਦਰਜਨ ਹਮਲਾਵਰ ਇਕ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਦੇ ਤੇ ਮੂੰਹ ਤੇ ਲੱਤਾਂ ਮਾਰਦੇ ਦਿਖਾਈ ਦੇ ਰਹੇ ਹਨ। ਸੰਤੋਸ਼ੀ ਨਗਰ ਦੇ ਰਹਿਣ ਵਾਲੇ ਮਿੰਟੂ ਕੁਮਾਰ ਨੇ ਦੱਸਿਆ ਕਿ ਉਸਦੇ ਭਰਾ ਰਾਜੀਵ ਕੁਮਾਰ ਦੀ ਕਾਰ ਪਾਰਕਿੰਗ ਨੂੰ ਲੈ ਕੇ ਕੁਝ ਨੌਜਵਾਨਾਂ ਨਾਲ ਲੜਾਈ ਹੋਈ ਸੀ। ਥੋੜ੍ਹੀ ਦੇਰ ਬਾਅਦ ਉਹੀ ਨੌਜਵਾਨ ਦੋਸਤਾਂ ਨਾਲ ਵਾਪਸ ਆਏ ਤੇ ਰਾਜੀਵ ਕੁਮਾਰ ਤੇ ਹਮਲਾ ਕੀਤਾ। ਜ਼ਖਮੀ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ ਤੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੌਰਾਨ ਸਥਾਨਕ ਲੋਕਾਂ ਅਨੁਸਾਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਸਾਰੇ ਮੁਲਜ਼ਮ ਮੌਕੇ ਤੋਂ ਭੱਜ ਗਏ ਸਨ।