ਵਿਜੀਲੈਂਸ ਬਿਊਰੋ ਨੇ 80 ਤੋਂ ਵੱਧ ਐੱਲਡੀਪੀ ਮਾਮਲਿਆਂ ’ਤੇ ਇੰਪਰੂਵਮੈਂਟ ਟਰੱਸਟ ਤੋਂ ਰਿਪੋਰਟਾਂ ਮੰਗੀਆਂ
ਵਿਜੀਲੈਂਸ ਬਿਊਰੋ ਨੇ 80 ਤੋਂ ਵੱਧ ਐੱਲਡੀਪੀ ਮਾਮਲਿਆਂ ’ਤੇ ਇੰਪਰੂਵਮੈਂਟ ਟਰੱਸਟ ਤੋਂ ਰਿਪੋਰਟਾਂ ਮੰਗੀਆਂ
Publish Date: Wed, 19 Nov 2025 09:00 PM (IST)
Updated Date: Wed, 19 Nov 2025 09:01 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਿਜੀਲੈਂਸ ਬਿਊਰੋ ਨੇ ਇੰਪਰੂਵਮੈਂਟ ਟਰੱਸਟ ਤੋਂ ਐੱਲਡੀਪੀ ਕੋਟੇ ’ਚ ਜਾਰੀ ਕੀਤੀਆਂ ਗਈਆਂ ਪਲਾਟਾਂ ਦੀਆਂ ਫਾਈਲਾਂ ਬਾਰੇ ਰਿਪੋਰਟ ਮੰਗੀ ਹੈ। ਲੋਕਲ ਡਿਸਪਲੇਸਮੈਂਟ ਪਰਸਨ (ਐੱਲਡੀਪੀ) ਤਹਿਤ ਪਲਾਟਾਂ ਦੇ ਐਵਾਰਡ ’ਚ ਵੱਡੀ ਗੜਬੜੀ ਦੀ ਗੱਲ ਪਹਿਲਾਂ ਵੀ ਸਾਹਮਣੇ ਆ ਚੁੱਕੀ ਹੈ। ਇਸ ਮਾਮਲੇ ’ਚ 2022-23 ’ਚ ਕਈ ਸ਼ਿਕਾਇਤਾਂ ਹੋਈਆਂ ਸਨ ਤੇ ਉਸ ਤੋਂ ਹੀ ਇਹ ਜਾਂਚ ਚੱਲ ਰਹੀ ਹੈ। ਹੁਣ ਵਿਜੀਲੈਂਸ ਬਿਊਰੋ ਨੇ ਕਰੀਬ 80 ਪਲਾਟਾਂ ਦੀਆਂ ਫਾਈਲਾਂ ਨਾਲ ਸਬੰਧਤ ਰਿਕਾਰਡ ਤਲਬ ਕੀਤਾ ਹੈ। ਇਨ੍ਹਾਂ ਪਲਾਟਾਂ ’ਚ ਕਰੋੜਾਂ ਰੁਪਏ ਦੀ ਗੜਬੜੀ ਦੇ ਦੋਸ਼ ਹਨ। ਇਹ ਪਲਾਟ ਉਨ੍ਹਾਂ ਲੋਕਾਂ ਨੂੰ ਦਿੱਤੇ ਗਏ ਸਨ, ਜਿਨ੍ਹਾਂ ਦੀ ਜ਼ਮੀਨ ਲੈ ਕੇ ਟਰੱਸਟ ਨੇ ਕਾਲੋਨੀਆਂ ਵਿਕਸਤ ਕੀਤੀਆਂ ਸਨ। ਜਿਨ੍ਹਾਂ ਦੀ ਜ਼ਮੀਨ ਲਈ ਗਈ, ਉਨ੍ਹਾਂ ਸਭ ਨੂੰ ਪਲਾਟ ਤਾਂ ਦਿੱਤੇ ਗਏ ਪਰ ਕਈ ਅਲਾਟੀਆਂ ਨੂੰ ਇਸ ਬਾਰੇ ਪਤਾ ਹੀ ਨਹੀਂ ਸੀ। ਕੁਝ ਸਾਲਾਂ ਬਾਅਦ ਇਹ ਪਲਾਟ ਬਹੁਤ ਮਹਿੰਗੇ ਹੋ ਗਏ ਤੇ ਭੂ-ਮਾਫੀਆ ਸਰਗਰਮ ਹੋ ਗਿਆ। ਮਾਫੀਆ ਨੇ ਜਾਂ ਤਾਂ ਕਾਗਜ਼ਾਂ ’ਚ ਹੇਰਾਫੇਰੀ ਕਰਕੇ ਇਹ ਪਲਾਟ ਆਪਣੇ ਨਾਮ ਕਰਵਾ ਲਏ ਜਾਂ ਫਿਰ ਜਿਨ੍ਹਾਂ ਦੇ ਨਾਮ ’ਤੇ ਸਨ, ਉਨਾਂ ਨੂੰ ਥੋੜ੍ਹੇ ਪੈਸੇ ਦੇ ਕੇ ਆਪਣੇ ਨਾਮ ਕਰਵਾ ਲਏ। ਵਿਜੀਲੈਂਸ ਬਿਊਰੋ ਪਹਿਲਾਂ ਵੀ ਇਹ ਮਾਮਲੇ ਵੇਖ ਚੁੱਕੀ ਹੈ ਤੇ ਹੁਣ ਲਗਭਗ 80 ਕੇਸਾਂ ’ਚ ਮੁੜ ਜਾਣਕਾਰੀ ਮੰਗੀ ਹੈ। ਇੰਪਰੂਵਮੈਂਟ ਟਰੱਸਟ ਦੇ ਕਰਮਚਾਰੀ ਬੁੱਧਵਾਰ ਨੂੰ ਇਨ੍ਹਾਂ ਫਾਈਲਾਂ ਦੀ ਰਿਪੋਰਟ ਤਿਆਰ ਕਰਦੇ ਰਹੇ। ਰਿਕਾਰਡ ’ਚ ਦੱਸਿਆ ਜਾ ਰਿਹਾ ਹੈ ਕਿ ਇਹ ਪਲਾਟ ਕਿਨ੍ਹਾਂ ਲੋਕਾਂ ਨੂੰ ਦਿੱਤੇ ਗਏ ਸਨ ਤੇ ਹੁਣ ਇਨ੍ਹਾਂ ਦੇ ਮਾਲਕ ਕੌਣ ਹਨ। ਇਹ ਪਲਾਟ ਕਿੰਨੇ ਲੋਕਾਂ ਦੇ ਪਾਸ ਰਹੇ ਹਨ ਤੇ ਕਿਸ ਨੇ ਕਿਸਨੂੰ ਵੇਚੇ ਹਨ। ਵਿਜੀਲੈਂਸ ਇਹ ਜਾਣਨਾ ਚਾਹਦੀ ਹੈ ਕਿ ਜਿਨ੍ਹਾਂ ਵਿਅਕਤੀਆਂ ਨੂੰ ਪਲਾਟ ਅਲਾਟ ਕੀਤੇ ਗਏ ਸਨ, ਕੀ ਉਨ੍ਹਾਂ ਨੇ ਖੁਦ ਇਹ ਪਲਾਟ ਵੇਚੇ ਹਨ ਜਾਂ ਮਾਫੀਆ ਦੀ ਇਸ ’ਚ ਭੂਮਿਕਾ ਹੈ। ਐੱਲਡੀਪੀ ਕੋਟੇ ਦੇ ਪਲਾਟ ਕਈ ਪ੍ਰਮੁੱਖ ਕਾਲੋਨੀਆਂ ’ਚ ਸਨ ਤੇ 40 ਤੋਂ 50 ਸਾਲ ਪਹਿਲਾਂ ਇਨ੍ਹਾਂ ਦੀ ਵੈਲਿਊ ਨਾਂਹ ਬਰਾਬਰ ਸੀ ਪਰ ਹੁਣ ਇਕ-ਇਕ ਪਲਾਟ ਕਰੋੜਾਂ ਰੁਪਏ ਦਾ ਹੋ ਚੁੱਕਿਆ ਹੈ। ਕਾਂਗਰਸ ਸਰਕਾਰ ਦੇ ਸਮੇਂ, ਜਦੋਂ ਨਵਜੋਤ ਸਿੱਧੂ ਲੋਕਲ ਬਾਡੀ ਮੰਤਰੀ ਸਨ, ਉਦੋਂ ਵੀ ਐੱਲਡੀਪੀ ਕੋਟੇ ਦੇ ਪਲਾਟਾਂ ਨੂੰ ਲੈ ਕੇ ਸ਼ਿਕਾਇਤਾਂ ਆਈਆਂ ਸਨ ਤੇ ਜਾਂਚ ਵੀ ਸ਼ੁਰੂ ਹੋਈ ਸੀ।