ਸੜਕ ਕਿਨਾਰੇ ਖੜ੍ਹੇ ਵਾਹਨ ਹਾਦਸਿਆਂ ਨੂੰ ਦੇ ਰਹੇ ਸੱਦਾ, ਰਾਹਗੀਰਾਂ ਦੀ ਜਾਨ ਨੂੰ ਖਤਰਾ
ਹਾਈਵੇ ਤੇ ਸੜਕ ਕਿਨਾਰੇ ਖੜ੍ਹੇ ਵਾਹਨ ਹਾਦਸਿਆਂ ਨੂੰ ਦੇ ਰਹੇ ਨੇ ਨਿਊਤਾ, ਰਾਹਗੀਰਾਂ ਦੀ ਜਾਨ ਨੂੰ ਖਤਰਾ
Publish Date: Sun, 07 Dec 2025 09:53 PM (IST)
Updated Date: Mon, 08 Dec 2025 04:13 AM (IST)

---------------ਤਸਵੀਰਾਂ ਹਿੰਦੀ ਚੋਂ ਦੇਖ ਕੇ ਲਗਾਈਆਂ ਜਾਣ-------------- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਠੰਢ ਵਧਣ ਦੇ ਨਾਲ-ਨਾਲ ਧੁੰਦ ਕਾਰਨ ਵਿਜ਼ੀਬਿਲਿਟੀ ਵੀ ਘੱਟ ਹੋਣ ਲੱਗੀ ਹੈ। ਅਜਿਹੀ ਸਥਿਤੀ ’ਚ ਹਾਈਵੇ ਦੇ ਕਿਨਾਰੇ ਖੜ੍ਹੇ ਵਾਹਨ ਹਾਦਸਿਆਂ ਦਾ ਵੱਡਾ ਕਾਰਨ ਬਣ ਰਹੇ ਹਨ ਤੇ ਕਈ ਲੋਕ ਇਨ੍ਹਾਂ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਹਾਦਸਿਆਂ ਦੇ ਬਾਅਦ ਕੁਝ ਦਿਨ ਤੱਕ ਪੁਲਿਸ ਕਾਰਵਾਈ ਕਰਦੀ ਹੈ ਪਰ ਫਿਰ ਵਾਹਨ ਮੁੜ ਸੜਕਾਂ ਦੇ ਕਿਨਾਰੇ ਖੜ੍ਹੇ ਨਜ਼ਰ ਆਉਣ ਲੱਗਦੇ ਹਨ। ਚਾਹੇ ਮੁੱਖ ਸੜਕਾਂ ਹੋਣ ਜਾਂ ਨੇਸ਼ਨਲ ਹਾਈਵੇ, ਹਰ ਜਗ੍ਹਾ ਇਸ ਤਰ੍ਹਾਂ ਖੜ੍ਹੇ ਵਾਹਨ ਗੰਭੀਰ ਖਤਰਾ ਬਣੇ ਹੋਏ ਹਨ। ਟ੍ਰੈਫ਼ਿਕ ਪੁਲਿਸ ਨੇ ਇਨ੍ਹਾਂ ਵਾਹਨਾਂ ਤੇ ਕੋਈ ਸਖ਼ਤਾਈ ਨਹੀਂ ਕੀਤੀ, ਜਿਸ ਕਾਰਨ ਸੜਕ ਕਿਨਾਰੇ ਖੜ੍ਹੇ ਵਾਹਨਾਂ ਤੇ ਗੈਰ-ਕਾਨੂੰਨੀ ਪਾਰਕਿੰਗ ਦੇ ਮਾਮਲੇ ਵਧਦੇ ਜਾ ਰਹੇ ਹਨ। ਐਤਵਾਰ ਦੁਪਹਿਰ ਮਕਸੂਦਾਂ ਬਾਈਪਾਸ ਤੋਂ ਲੈਕੇ ਰਾਮਾਮੰਡੀ ਫ਼ਲਾਈਓਵਰ ਤੱਕ ਦੌਰਾ ਕੀਤਾ ਗਿਆ ਤਾਂ ਫੋਕਲ ਪੁਆਇੰਟ, ਇੰਡਿਅਨ ਆਇਲ ਤੋਂ ਬਾਹਰ ਸਰਵਿਸ ਲੇਨ ਤੇ ਹਾਈਵੇ ਤੇ ਕਈ ਥਾਵਾਂ ਤੇ ਵਾਹਨ ਖੜ੍ਹੇ ਹਾਦਸਿਆਂ ਨੂੰ ਸੱਦਾ ਦਿੰਦੇ ਨਜ਼ਰ ਆਏ। ਹਾਈਵੇ ਤੇ ਖੜ੍ਹੇ ਵਾਹਨਾਂ ਤੇ ਕੋਈ ਰਿਫ਼ਲੈਕਟਰ ਵੀ ਨਹੀਂ ਸੀ, ਜਿਸ ਕਰ ਕੇ ਧੁੰਦ ’ਚ ਹਾਦਸਿਆਂ ਦੀ ਸੰਭਾਵਨਾ ਹੋਰ ਵੱਧ ਦਿਖਾਈ ਦਿੱਤੀ। ਟ੍ਰੈਫ਼ਿਕ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਕਰ ਕੇ ਚਾਲਕਾਂ ’ਚ ਗੈਰ-ਕਾਨੂੰਨੀ ਪਾਰਕਿੰਗ ਦੀ ਆਦਤ ਬੇਫ਼ਿਕਰੀ ਨਾਲ ਵੱਧ ਰਹੀ ਹੈ। ਹਾਦਸੇ ਤੋਂ ਬਾਅਦ ਹਰ ਅਧਿਕਾਰੀ ਦੂਜੇ ਤੇ ਜ਼ਿੰਮੇਵਾਰੀ ਪਾਉਂਦਾ ਹੈ ਤੇ ਨਤੀਜਾ ਇਹ ਹੁੰਦਾ ਹੈ ਕਿ ਕਾਰਵਾਈ ਨਾ ਹੋਣ ਕਰਕੇ ਕਈ ਵਾਰ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਕ ਮਹੀਨੇ ’ਚ ਸੜਕ ਕਿਨਾਰੇ ਵਾਹਨਾਂ ਕਾਰਨ ਤਿੰਨ ਲੋਕਾਂ ਦੀ ਜਾਨ ਗਈ ਪਰ ਹਾਲਾਤ ਨਹੀਂ ਬਦਲੇ ਪਿਛਲੇ ਇਕ ਮਹੀਨੇ ’ਚ ਹਾਈਵੇ ’ਤੇ ਖੜ੍ਹੇ ਵਾਹਨ ਤਿੰਨ ਲੋਕਾਂ ਦੀ ਜਾਨ ਲੈ ਚੁੱਕੇ ਹਨ। ਫਗਵਾੜਾ ਤੋਂ ਪੀਏਪੀ ਚੌਕ ਪਰਾਗਪੁਰ ਰੋਡ ਨੇੜੇ ਦੋ ਦਿਨ ਤੋਂ ਸੜਕ ਕਿਨਾਰੇ ਖੜ੍ਹੇ ਖਰਾਬ ਵਾਹਨ ਨਾਲ ਟੱਕਰ ਮਾਰਨ ਕਾਰਨ ਪਿੰਡ ਖੁਸਰੋਪੁਰ ਦੇ ਐਕਸ-ਸਰਵਿਸਮੈਨ ਅਵਤਾਰ ਸਿੰਘ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਚਹਿਡੂ ਪੂਲ ਦੇ ਕੋਲ ਕਾਰ ਸਵਾਰ ਦੰਪਤੀ ਹਾਦਸੇ ’ਚ ਜ਼ਖ਼ਮੀ ਹੋਏ। ਉੱਥੇ ਹੀ ਪਿੱਛੋਂ ਆ ਰਿਹਾ ਟਰੱਕ ਰੁਕ ਗਿਆ ਪਰ ਉਸੇ ਸਮੇਂ ਤੇਜ਼ ਰਫ਼ਤਾਰ ਨਾਲ ਆ ਰਹੀ ਬਾਈਕ ਟਰੱਕ ਨਾਲ ਟੱਕਰਾ ਗਈ। ਇਸ ਹਾਦਸੇ ’ਚ ਕੇਰਲਾ ਦੇ ਰਹਿਣ ਵਾਲੇ ਅਸਮੇ ਰਾਊਫ਼ ਦੀ ਮੌਤ ਹੋ ਗਈ ਤੇ ਉਸ ਦਾ ਸਾਥੀ ਵਿਨਾਇਕ ਜ਼ਖ਼ਮੀ ਹੋ ਗਿਆ। ਤੀਜਾ ਹਾਦਸਾ ਨਕੋਦਰ ਹਾਈਵੇ ’ਤੇ ਹੋਇਆ, ਜਿੱਥੇ ਢਾਬੇ ਦੇ ਬਾਹਰ ਕਾਰ ਚਾਲਕ ਰੁੱਕਿਆ ਹੋਇਆ ਸੀ, ਪਰ ਪਿੱਛੋਂ ਆਏ ਵਾਹਨ ਨੇ ਉਸ ਨਾਲ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਵੀ ਮੌਤ ਹੋ ਗਈ। ਇੰਡੀਅਨ ਆਇਲ ਡਿਪੋ, ਫੋਕਲ ਪੁਆਇੰਟ ਚੌਕ ਤੇ ਲੰਮਾ ਪਿੰਡ ਦੇ ਬਾਹਰ ਵਾਹਨਾਂ ਦੀ ਲੰਮੀ ਕਤਾਰ ਜਲੰਧਰ-ਮਕਸੂਦਾਂ ਚੌਕ ਤੋਂ ਰਾਮਾਮੰਡੀ ਫਲਾਈਓਵਰ ਤੱਕ ਦੇ ਦੌਰੇ ਦੌਰਾਨ ਕਈ ਥਾਵਾਂ ਤੇ ਸੜਕ ਕਿਨਾਰੇ ਵਾਹਨ ਖੜ੍ਹੇ ਦਿਖੇ। ਫੋਕਲ ਪੋਇੰਟ ਖੇਤਰ ’ਚ ਬਾਹਰੀ ਸੂਬਿਆਂ ਤੋਂ ਆਏ ਟਰੱਕ ਡਰਾਈਵਰ ਟਰੱਕ ਸੜਕ ਕਿਨਾਰੇ ਖੜ੍ਹੇ ਕਰ ਕੇ ਉਨ੍ਹਾਂ ’ਚ ਆਰਾਮ ਕਰ ਰਹੇ ਸਨ। ਲੰਮਾ ਪਿੰਡ ਚੌਕ ’ਤੇ ਰੇਤ ਦੀਆਂ ਟ੍ਰਾਲੀਆਂ ਤੇ ਟਿੱਪਰ ਖੜ੍ਹੇ ਮਿਲੇ। ਸੁੱਚੀ ਪਿੰਡ ’ਚ ਇੰਡਿਅਨ ਆਇਲ ਡਿਪੋ ਹੋਣ ਕਰ ਕੇ ਤੇਲ ਭਰਵਾਉਣ ਲਈ ਬਾਹਰੀ ਸ਼ਹਿਰਾਂ ਤੋਂ ਆਏ ਵਾਹਨਾਂ ਦੀ ਲੰਮੀ ਲਾਈਨ ਸੜਕ ਕਿਨਾਰੇ ਲੱਗੀ ਦਿਖਾਈ ਦਿੱਤੀ। ਨੇੜਲੇ ਲੋਕਾਂ ਨੇ ਦੱਸਿਆ ਕਿ ਪਾਰਕਿੰਗ ਦੀ ਸਹੂਲਤ ਹੈ ਪਰ ਡਰਾਈਵਰ ਖਰਚਾ ਬਚਾਉਣ ਲਈ ਵਾਹਨ ਸੜਕ ਦੇ ਕਿਨਾਰੇ ਹੀ ਖੜ੍ਹੇ ਕਰ ਦਿੰਦੇ ਹਨ। ਏਡੀਸੀਪੀ ਟ੍ਰੈਫ਼ਿਕ ਗੁਰਬਾਜ ਸਿੰਘ ਦਾ ਬਿਆਨ ਏਡੀਸੀਪੀ ਟ੍ਰੈਫ਼ਿਕ ਗੁਰਬਾਜ ਸਿੰਘ ਨੇ ਕਿਹਾ ਕਿ ਟ੍ਰੈਫ਼ਿਕ ਪੁਲਿਸ ਦੀਆਂ ਟੀਮਾਂ ਹਾਈਵੇ ’ਤੇ ਗਸ਼ਤ ਕਰਦੀਆਂ ਹਨ ਤੇ ਨਿਯਮ ਤੋੜਨ ਵਾਲਿਆਂ ਤੇ ਕਾਰਵਾਈ ਵੀ ਹੁੰਦੀ ਹੈ ਪਰ ਹਾਈਵੇ ’ਤੇ ਐੱਨਐੱਚਆਈ ਦੀ ਟੀਮ ਨੂੰ ਵੀ ਧਿਆਨ ਦੇਣ ਦੀ ਜ਼ਰੂਰਤ ਹੈ। ਉਹ ਕਹਿੰਦੇ ਹਨ ਕਿ ਆਉਣ ਵਾਲੇ ਦਿਨਾਂ ’ਚ ਮਿਲੀਜੁਲੀ ਕਾਰਵਾਈ ਚਲਾਈ ਜਾਵੇਗੀ ਤੇ ਸੜਕ ਕਿਨਾਰੇ ਖੜ੍ਹੇ ਵਾਹਨਾਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ, ਤਾਂ ਜੋ ਧੁੰਦ ਵਾਲੇ ਦਿਨਾਂ ’ਚ ਕੋਈ ਹਾਦਸਾ ਨਾ ਹੋਵੇ। ਜੇ ਕੋਈ ਨਿਯਮ ਤੋੜਦਾ ਪਾਇਆ ਗਿਆ ਤਾਂ ਉਸ ’ਤੇ ਭਾਰੇ ਚਲਾਨ ਤੋਂ ਇਲਾਵਾ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।