ਹਾਈਵੇ ’ਤੇ ਖੜ੍ਹੇ ਵਾਹਨ ਦੇ ਰਹੇ ਨੇ ਹਾਦਸਿਆਂ ਨੂੰ ਸੱਦਾ, ਜਾਨ ਦਾ ਖੌਅ ਬਣੀ ਧੁੰਦ
ਹਾਈਵੇ ਦੀ ਸਰਵਿਸ ਲੇਨ ’ਚ ਖੜ੍ਹੇ ਵਾਹਨ ਦੇ ਰਹੇ ਹਾਦਸਿਆਂ ਨੂੰ ਦਾਵਤ, ਧੁੰਦ ’ਚ ਲੋਕਾਂ ਦੀ ਜਾਨ ਨੂੰ ਖਤਰਾ
Publish Date: Wed, 26 Nov 2025 08:42 PM (IST)
Updated Date: Wed, 26 Nov 2025 08:44 PM (IST)

ਪੰਜਾਬੀ ਜਾਗਰਣ ਟੀਮ, ਜਲੰਧਰ : ਠੰਢ ਵੱਧਣ ਨਾਲ ਰਾਤ ਤੇ ਸਵੇਰੇ ਧੁੰਦ ਕਾਰਨ ਦਿਸਣਹੱਦ ਘੱਟ ਹੋ ਰਹੀ ਹੈ। ਮੰਗਲਵਾਰ ਰਾਤ ਹਾਈਵੇ ’ਤੇ ਦਿਸਣਹੱਦ ਲਗਪਗ 100 ਮੀਟਰ ਰਹੀ। ਅਜਿਹੀ ਸਥਿਤੀ ’ਚ ਨੈਸ਼ਨਲ ਹਾਈਵੇ ਦੇ ਕਿਨਾਰੇ ਖੜ੍ਹੇ ਵਾਹਨ ਵੱਡੇ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਪਿਛਲੇ ਦੋ ਹਫ਼ਤਿਆਂ ’ਚ ਹਾਈਵੇ ’ਤੇ ਖੜ੍ਹੇ ਵਾਹਨਾਂ ਕਰਕੇ ਦੋ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਕ ਦਿਨ ਦੀ ਕਾਰਵਾਈ ਤੋਂ ਬਾਅਦ ਫਿਰ ਵਾਹਨ ਸੜਕਾਂ ’ਤੇ ਖੜ੍ਹੇ ਹੋਣ ਲੱਗ ਪਏ ਹਨ, ਚਾਹੇ ਸ਼ਹਿਰ ਦੀਆਂ ਮੁੱਖ ਸੜਕਾਂ ਹੋਣ ਜਾਂ ਨੈਸ਼ਨਲ ਹਾਈਵੇ। ਹਰ ਥਾਂ ਇਸੇ ਤਰ੍ਹਾਂ ਖੜ੍ਹੇ ਵਾਹਨ ਖਤਰਾ ਪੈਦਾ ਕਰ ਰਹੇ ਹਨ। ਇਕ ਸਾਲ ’ਚ ਟ੍ਰੈਫ਼ਿਕ ਪੁਲਿਸ ਨੇ ਇਸ ਮਾਮਲੇ ’ਚ ਕੋਈ ਖ਼ਾਸ ਸਖ਼ਤੀ ਨਹੀਂ ਕੀਤੀ, ਜਿਸ ਕਾਰਨ ਸੜਕ ਕਿਨਾਰੇ ਵਾਹਨ ਖੜ੍ਹੇ ਕਰਨ ਦੀ ਆਦਤ ਵੱਧਦੀ ਗਈ ਹੈ। ਹੁਣ ਤਾਪਮਾਨ ਘਟਣ ਤੇ ਧੁੰਦ ਪੈਣ ਨਾਲ ਇਨ੍ਹਾਂ ਖੜ੍ਹੇ ਵਾਹਨਾਂ ਨਾਲ ਟੱਕਰਾਂ ਦੇ ਮਾਮਲੇ ਵੱਧਣ ਦੀ ਸੰਭਾਵਨਾ ਹੈ। ਬੁੱਧਵਾਰ ਦੁਪਹਿਰ ਪਠਾਨਕੋਟ ਚੌਕ ਤੋਂ ਪੀਏਪੀ ਚੌਕ ਤੱਕ ਹਾਈਵੇ ’ਤੇ ਇਹ ਮਸਲਾ ਸਾਫ਼ ਨਜ਼ਰ ਆਇਆ। ਫੋਕਲ ਪੁਆਇੰਟ, ਇੰਡਸਟ੍ਰੀਅਲ ਏਰੀਆ, ਗੁਰੂ ਗੋਬਿੰਦ ਸਿੰਘ ਐਵੀਨਿਊ ਦੇ ਬਾਹਰ ਸਰਵਿਸ ਲੇਨ ’ਚ ਕਈ ਵਾਹਨ ਕਤਾਰਾਂ ’ਚ ਖੜ੍ਹੇ ਦੇਖੇ ਗਏ। ਕਈ ਥਾਵਾਂ ’ਤੇ ਇਹ ਗੱਲ ਪੱਕੀ ਆਦਤ ਬਣ ਚੁੱਕੀ ਹੈ। ਇਸ ਤਰ੍ਹਾਂ ਦੇ ਵਾਹਨਾਂ ’ਤੇ ਰਿਫਲੈਕਟਰ ਨਹੀਂ ਹੁੰਦੇ, ਜਿਸ ਨਾਲ ਧੁੰਦ ’ਚ ਹਾਦਸਿਆਂ ਦਾ ਖਤਰਾ ਹੋਰ ਵੱਧ ਜਾਂਦਾ ਹੈ। ਟ੍ਰੈਫ਼ਿਕ ਪੁਲਿਸ ਵੱਲੋਂ ਕੜੀ ਕਾਰਵਾਈ ਨਾ ਹੋਣ ਤੋਂ ਬਾਅਦ ਇਨ੍ਹਾਂ ਵਾਹਨ ਚਾਲਕਾਂ ਨੇ ਬੇਖ਼ੌਫ਼ ਹੋ ਕੇ ਸੜਕਾਂ ਦੇ ਕਿਨਾਰੇ ਵਾਹਨ ਖੜ੍ਹੇ ਕਰਨਾ ਆਮ ਕਰ ਲਿਆ ਹੈ। --- ਪਿਛਲੇ ਦੋ ਹਫ਼ਤਿਆਂ ’ਚ ਦੋ ਜਾਨਾਂ ਗਈਆਂ ਪਿਛਲੇ ਦੋ ਹਫ਼ਤਿਆਂ ’ਚ ਹਾਈਵੇ ’ਤੇ ਖੜ੍ਹੇ ਵਾਹਨਾਂ ਕਾਰਨ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਤਵਾਰ ਰਾਤ ਚਹੇੜੂ ਪੁਲ ਨੇੜੇ ਕਾਰ ਸਵਾਰ ਪਰਿਵਾਰ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ’ਚ ਇਕ ਦੀ ਮੌਤ ਤੇ ਇਕ ਜਖ਼ਮੀ ਹੋਇਆ। ਇਸ ਤੋਂ ਚਾਰ ਦਿਨ ਬਾਅਦ ਪਰਾਗਪੁਰ ਰੋਡ ’ਤੇ ਸੜਕ ਕੰਢੇ ਖੜ੍ਹੇ ਟਰੱਕ ਨਾਲ ਟਕਰਾਉਣ ਕਰਕੇ ਬਾਈਕ ਸਵਾਰ ਦੀ ਮੌਤ ਹੋ ਗਈ। --- ਸੁੱਚੀ ਪਿੰਡ ਦੇ ਬਾਹਰ ਵਾਹਨਾਂ ਦੀ ਲੰਮੀ ਕਤਾਰ ਜਲੰਧਰ ’ਚ ਨੈਸ਼ਨਲ ਹਾਈਵੇ ’ਤੇ ਸੁੱਚੀ ਪਿੰਡ ’ਚ ਇੰਡੀਅਨ ਆਇਲ ਦਾ ਡਿਪੂ ਹੋਣ ਕਰਕੇ ਬਾਹਰੀ ਸੂਬਿਆਂ ਤੋਂ ਆਏ ਟੈਂਕਰ ਤੇ ਟਰੱਕ ਅਕਸਰ ਲੰਮੀ ਕਤਾਰ ’ਚ ਖੜ੍ਹੇ ਰਹਿੰਦੇ ਹਨ। ਡਿਪੂ ’ਚ ਪਾਰਕਿੰਗ ਹੈ ਪਰ ਪਾਰਕਿੰਗ ਫੀਸ ਬਚਾਉਣ ਲਈ ਕਈ ਚਾਲਕ ਸੜਕ ਕਿਨਾਰੇ ਵਾਹਨ ਖੜ੍ਹੇ ਕਰਦੇ ਹਨ। ਇਹ ਕਤਾਰ ਕਈ ਵਾਰ ਗੁਰੂ ਗੋਬਿੰਦ ਸਿੰਘ ਐਵੀਨਿਊ ਤੱਕ ਪਹੁੰਚ ਜਾਂਦੀ ਹੈ, ਜਿਸ ਨਾਲ ਕਾਲੋਨੀ ਵਾਲਿਆਂ ਨੂੰ ਆਵਾਜਾਈ ’ਚ ਮੁਸ਼ਕਲ ਆਉਂਦੀ ਹੈ। --- ਡੀਸੀ ਤੇ ਸੀਪੀ ਨੂੰ ਦਿੱਤੀ ਸ਼ਿਕਾਇਤ, ਪੱਕਾ ਹੱਲ ਨਹੀਂ ਗੁਰੂ ਗੋਬਿੰਦ ਸਿੰਘ ਐਵੀਨਿਊ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਰਾਜਨ ਗੁਪਤਾ ਨੇ ਦੱਸਿਆ ਕਿ ਕਾਲੋਨੀ ਦੇ ਬਾਹਰ ਸਰਵਿਸ ਲੇਨ ’ਚ ਖੜ੍ਹੇ ਟਰੱਕ ਤੇ ਟੈਂਕਰ ਧੁੰਦ ’ਚ ਕਈ ਵਾਰ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਬਾਰੇ ਡੀਸੀ ਤੇ ਸੀਪੀ ਨੂੰ ਸ਼ਿਕਾਇਤ ਦਿੱਤੀ ਸੀ। ਉਸ ਤੋਂ ਬਾਅਦ ਸੀਪੀ ਦੇ ਹੁਕਮਾਂ ’ਤੇ ਕਾਰਵਾਈ ਹੋਈ ਪਰ ਫਿਰ ਦੁਬਾਰਾ ਉਹੋ ਜਿਹੇ ਹਾਲਾਤ ਬਣ ਗਏ ਹਨ। ਉਹ ਕਹਿੰਦੇ ਹਨ ਕਿ ਇਸ ਸਮੱਸਿਆ ਦਾ ਪੱਕਾ ਹੱਲ ਹੋਣਾ ਚਾਹੀਦਾ ਹੈ। --- ਟ੍ਰੈਫ਼ਿਕ ਪੁਲਿਸ ਕਰੇਗੀ ਖ਼ਾਸ ਮੁਹਿੰਮ ਨੈਸ਼ਨਲ ਹਾਈਵੇ ’ਤੇ ਖੜ੍ਹੇ ਵਾਹਨਾਂ ਵਿਰੁੱਧ ਸੜਕ ਸੁਰੱਖਿਆ ਫੋਰਸ ਕਾਰਵਾਈ ਕਰਦੀ ਹੈ। ਧੁੰਦ ਸਮੇਂ ਟ੍ਰੈਫ਼ਿਕ ਪੁਲਿਸ ਖ਼ਾਸ ਮੁਹਿੰਮ ਚਲਾਏਗੀ ਤੇ ਅਜਿਹੇ ਵਾਹਨਾਂ ’ਤੇ ਰਿਫਲੈਕਟਰ ਲਗਵਾਏ ਜਾਣਗੇ। -ਗੁਰਬਾਜ਼ ਸਿੰਘ, ਏਸੀਪੀ ਟ੍ਰੈਫਿਕ