ਪੰਜਾਬ ਵਿਧਾਨ ਸਭਾ ਸਾਰਿਆਂ ਦੀ ਸਾਂਝੀ ਸੰਸਥਾ : ਪਰਗਟ ਸਿੰਘ
ਆਜ਼ਾਦ ਮੀਡੀਆ 'ਤੇ ਕਾਪੀਰਾਈਟ ਸਟ੍ਰਾਈਕ ਜਾਰੀ ਕਰਨ
Publish Date: Sat, 24 Jan 2026 09:00 PM (IST)
Updated Date: Sat, 24 Jan 2026 09:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਬਕਾ ਸਿੱਖਿਆ ਮੰਤਰੀ ਤੇ ਵਿਧਾਇਕ ਪਰਗਟ ਸਿੰਘ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਇਕ ਗੰਭੀਰ ਤੇ ਸੰਵੇਦਨਸ਼ੀਲ ਮੁੱਦਾ ਉਠਾਇਆ ਹੈ। ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਇਸ ਮੁੱਦੇ ਤੇ ਸਪੱਸ਼ਟੀਕਰਨ, ਦਿਸ਼ਾ-ਨਿਰਦੇਸ਼ ਜਾਰੀ ਕਰਨ ਤੇ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਪੱਤਰ ਲਿਖਿਆ ਹੈ। ਇਨ੍ਹਾਂ ਪੱਤਰਾਂ ’ਚ ਉਨ੍ਹਾਂ ਨੇ ਆਮ ਆਦਮੀ ਪਾਰਟੀ ’ਤੇ ਆਪਣੇ ਅਧਿਕਾਰਤ ਪੇਜ ਤੋਂ ਸੋਸ਼ਲ ਮੀਡੀਆ ਚੈਨਲਾਂ ਤੇ ਗੈਰ-ਕਾਨੂੰਨੀ ਤੌਰ ਤੇ ਕਾਪੀਰਾਈਟ ਸਟ੍ਰਾਈਕ ਜਾਰੀ ਕਰਨ, ਉਨ੍ਹਾਂ ਨੂੰ ਮੁਅੱਤਲ ਕਰਨ ਜਾਂ ਡਿਲੀਟ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਸਰਕਾਰ ਵੱਲੋਂ ਫੈਸਲੇ ਦੀ ਜਾਂਚ ਤੇ ਮੁਲਜ਼ਮ ਪਾਏ ਗਏ ਲੋਕਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਕਾਪੀਰਾਈਟ ਸਟ੍ਰਾਈਕ ਸ਼ੁਰੂ ਕਰਨ ਲਈ ਪੰਜਾਬ ਵਿਧਾਨ ਸਭਾ ਦੀਆਂ ਫੋਟੋਆਂ ਤੇ ਵੀਡੀਓਜ਼ ਦੇ ਨਾਲ-ਨਾਲ ਮੁੱਖ ਮੰਤਰੀ ਦੇ ਸਰਕਾਰੀ ਕੰਮ ਨਾਲ ਸਬੰਧਤ ਫੋਟੋਆਂ ਦੀ ਵਰਤੋਂ ਕਰ ਰਹੀ ਹੈ। ਉਨ੍ਹਾਂ ਚੋਣ ਕਮਿਸ਼ਨ ਨੂੰ ਪੁੱਛਿਆ ਕਿ ਕੀ ਵਿਧਾਨ ਸਭਾ ਦੀਆਂ ਫੋਟੋਆਂ ਤੇ ਵੀਡੀਓਜ਼ ਨੂੰ ਕਿਸੇ ਵੀ ਰਾਜਨੀਤਿਕ ਪਾਰਟੀ ਵੱਲੋਂ ਕਾਪੀਰਾਈਟ ਸਟ੍ਰਾਈਕ ਸ਼ੁਰੂ ਕਰਨ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਪੱਤਰ ’ਚ ਕਿਹਾ ਕਿ ਇਹ ਇਕ ਗੰਭੀਰ ਸਵਾਲ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਫੋਟੋਆਂ ਤੇ ਵੀਡੀਓਜ਼ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਨਿੱਜੀ ਜਾਇਦਾਦ ਨਹੀਂ ਹਨ। ਕਾਪੀਰਾਈਟ ਐਕਟ, 1957 ਦੀ ਧਾਰਾ 17(ਡੀ) ਅਨੁਸਾਰ, ਸਰਕਾਰ ਸਰਕਾਰ ਦੇ ਹੁਕਮ, ਨਿਗਰਾਨੀ ਜਾਂ ਖਰਚੇ ਹੇਠ ਬਣਾਏ ਗਏ ਕਿਸੇ ਵੀ ਕੰਮ ਦੀ ਪਹਿਲੀ ਕਾਪੀਰਾਈਟ ਮਾਲਕ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਸਾਰੇ ਵਿਧਾਇਕਾਂ ਤੇ ਪੰਜਾਬ ਦੇ ਲੋਕਾਂ ਦੀ ਸਾਂਝੀ ਸੰਸਥਾ ਹੈ। ਪਰਗਟ ਸਿੰਘ ਨੇ ਬੀਤੀ ਰਾਤ ਸਰਹਿੰਦ ਨੇੜੇ ਰੇਲਵੇ ਟਰੈਕ ਤੇ ਹੋਏ ਧਮਾਕੇ ਦੀ ਵੀ ਸਖ਼ਤ ਨਿੰਦਾ ਕੀਤੀ। ਇਹ ਘਟਨਾ ਆਮ ਆਦਮੀ ਪਾਰਟੀ ਸਰਕਾਰ ਤੇ ਪੰਜਾਬ ਪੁਲਿਸ ਦੀ ਅਸਫਲਤਾ ਨੂੰ ਸਪੱਸ਼ਟ ਤੌਰ ਤੇ ਉਜਾਗਰ ਕਰਦੀ ਹੈ। ਸੂਬੇ ’ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਢਹਿ ਗਈ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਵਿਰੁੱਧ ਮੁਹਿੰਮ ਵੀ ਸਿਰਫ਼ ਇਕ ਦਿਖਾਵਾ ਹੈ।