ਡਾ. ਅੰਬੇਡਕਰ ਦੀ ਨਿਆਂ ਤੇ ਸਮਾਨਤਾ ਪ੍ਰਤੀ ਅਟੁੱਟ ਵਚਨਬੱਧਤਾ : ਡਾ. ਮੁਰੂਗਨ
ਸੂਚਨਾ ਤੇ ਪ੍ਰਸਾਰਣ ਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਡਾ. ਐੱਲ ਮੁਰੁਗਨ ਨੇ ਜਲੰਧਰ ਦਾ ਦੌਰਾ ਕੀਤਾ
Publish Date: Sat, 06 Dec 2025 10:44 PM (IST)
Updated Date: Sat, 06 Dec 2025 10:45 PM (IST)

ਕੇਂਦਰੀ ਰਾਜ ਮੰਤਰੀ ਨੇ ਬਾਬਾ ਸਾਹਿਬ ਨੂੰ ਭੇਟ ਕੀਤੀ ਸ਼ਰਧਾਂਜਲੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਂਦਰੀ ਸੂਚਨਾ ਤੇ ਪ੍ਰਸਾਰਣ ਤੇ ਸੰਸਦੀ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਜਲੰਧਰ ਦਾ ਦੌਰਾ ਕੀਤਾ। ਆਪਣੇ ਇਸ ਇਕ ਰੋਜ਼ਾ ਦੌਰੇ ਦੌਰਾਨ ਕੇਂਦਰੀ ਮੰਤਰੀ ਵੱਲੋਂ ਇਕ ਸਮਾਗਮ ਦੌਰਾਨ ਬਾਬਾ ਸਾਹਿਬ ਡਾ. ਬੀ ਆਰ. ਅੰਬੇਡਕਰ ਨੂੰ ਮਹਾ-ਪ੍ਰੀਨਿਰਵਾਣ ਦਿਵਸ ਮੌਕੇ ਜਿੱਥੇ ਸ਼ਰਧਾਂਜਲੀ ਭੇਟ ਕੀਤੀ, ਉਥੇ ਸਥਾਨਕ ਸਕੂਲ ਦੇ ਸਾਲਾਨਾ ਸਮਾਗਮ ’ਚ ਸ਼ਿਰਕਤ ਕੀਤੀ। ਕੇਂਦਰੀ ਮੰਤਰੀ ਡਾ. ਐੱਲ ਮੁਰੂਗਨ ਨੇ ਮਹਾ-ਪ੍ਰੀਨਿਰਵਾਣ ਦਿਵਸ ਮੌਕੇ ਡਾ. ਬੀ.ਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਡਾ. ਅੰਬੇਡਕਰ ਦੀ ਨਿਆਂ ਤੇ ਸਮਾਨਤਾ ਪ੍ਰਤੀ ਅਟੁੱਟ ਵਚਨਬੱਧਤਾ ਭਾਰਤ ਦਾ ਮਾਰਗ-ਦਰਸ਼ਨ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਨੇ ਆਪਣੇ ਸੰਘਰਸ਼ਮਈ ਜੀਵਨ ਦੌਰਾਨ ਹਮੇਸ਼ਾ ਸਮਾਜ ਦੇ ਸਰਬਪੱਖੀ ਵਿਕਾਸ ’ਤੇ ਕਾਰਜ ਕੀਤਾ, ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਹੈ। ਡਾ. ਅੰਬੇਡਕਰ ਸਕੂਲ ’ਚ ਛੂਤ-ਛਾਤ ਦਾ ਸਾਹਮਣਾ ਕਰਨ ਦੇ ਬਾਵਜੂਦ ਖੁਦ ਬੈਰਿਸਟਰ ਬਣੇ ਤੇ ਦੇਸ਼ ਤੇ ਦੱਬੇ-ਕੁਚਲੇ ਸਮਾਜ ਦੀ ਸੇਵਾ ਕਰਨ ਲਈ ਲੰਡਨ ਤੋਂ ਭਾਰਤ ਵਾਪਸ ਆਏ। ਮੁਰੂਗਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਕਈ ਉੱਚ ਪੱਧਰੀ ਸੰਸਥਾਨਾਂ ਤੇ ਭੀਮ ਐਪ” ਦੇ ਨਾਂ ਡਾ. ਅੰਬੇਡਕਰ ਦੇ ਨਾਂ ’ਤੇ ਰੱਖੇ ਹਨ, ਜਿਸ ਨੇ ਡਾ. ਅੰਬੇਡਕਰ ਦੇ ਮਾਣ ਨੂੰ ਹੋਰ ਵਧਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਡਾ. ਅੰਬੇਡਕਰ ਦੇ ਦ੍ਰਿਸ਼ਟੀਕੋਣ ਅਨੁਸਾਰ ਸਮਾਜ ਦੇ ਹਰ ਵਰਗ ਦੀ ਤਰੱਕੀ ਲਈ ਲਗਾਤਾਰ ਕਾਰਜ ਕਰ ਰਹੇ ਹਨ। ਉਪਰੰਤ ਸਥਾਨਕ ਸਕੂਲ ਦੇ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਸੰਬੋਧਨ ਹੁੰਦੇ ਹੋਏ ਡਾ. ਐੱਲ ਮੁਰੁਗਨ ਨੇ ਕਿਹਾ ਕਿ ਸਾਡਾ ਦੇਸ਼ ਵਿਕਸਿਤ ਭਾਰਤ ਵੱਲ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਇਸ ਤਰੱਕੀ ’ਚ ਸਿੱਖਿਆ ਦੀ ਵੀ ਬਹੁਤ ਅਹਿਮ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦੇ ਆਉਣ ਵਾਲੇ ਲੀਡਰ ਹਨ ਤੇ ਸਰਕਾਰ ਦੇਸ਼ ਦੇ ਬੱਚਿਆਂ ਦੀ ਸਿੱਖਿਆ ਲਈ ਬੇਹੱਦ ਗੰਭੀਰ ਹੈ। ਡਾ. ਐੱਲ ਮੁਰੂਗਨ ਨੇ ਕਿਹਾ ਕਿ ਸਾਡਾ ਦੇਸ਼ ਟੈਕਨਾਲੋਜੀ, ਰੱਖਿਆ ਤੇ ਵਿਗਿਆਨ ਦੇ ਖੇਤਰ ’ਚ ਲਗਾਤਾਰ ਨਵੀਆਂ ਬੁਲੰਦੀਆਂ ਨੂੰ ਹਾਸਲ ਕਰ ਰਿਹਾ ਹੈ।