ਠੰਢ ਕਾਰਨ ਅਣਪਛਾਤੇ ਦੀ ਮੌਤ, ਓਵਰਬ੍ਰਿਜ ਹੇਠਾਂ ਮਿਲੀ ਲਾਸ਼
ਠੰਢ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ, ਓਵਰਬ੍ਰਿਜ ਹੇਠਾਂ ਮਿਲੀ ਲਾਸ਼
Publish Date: Sun, 25 Jan 2026 08:25 PM (IST)
Updated Date: Mon, 26 Jan 2026 04:16 AM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਇਲਾਕੇ ’ਚ ਪੈ ਰਹੀ ਕੜਾਕੇ ਦੀ ਠੰਢ ਨੇ ਇਕ ਅਣਪਛਾਤੇ ਦੀ ਜਾਨ ਲੈ ਲਈ। ਤੜਕਸਾਰ ਕਰੀਬ 4:30 ਵਜੇ ਮਲਸੀਆਂ ਦੇ ਸਾਹਲਾ ਨਗਰ ਸਥਿਤ ਖੇਡ ਸਟੇਡੀਅਮ ਨੇੜੇ ਬਣੇ ਓਵਰ ਬ੍ਰਿਜ (ਨੈਸ਼ਨਲ ਹਾਈਵੇ ਨਕੋਦਰ ਰੋਡ) ਦੇ ਥੱਲਿਓਂ ਠੰਢ ਕਾਰਨ ਇਕ ਵਿਅਕਤੀ ਦੀ ਲਾਸ਼ ਮਿਲਣ ਦੀ ਸੂਚਨਾ ਮਿਲੀ। ਜਾਣਕਾਰੀ ਦਿੰਦਿਆਂ ਮਲਸੀਆਂ ਚੌਕੀ ਦੇ ਇੰਚਾਰਜ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਡਿਊਟੀ ਦੌਰਾਨ ਗਸ਼ਤ ਕਰ ਰਹੀ ਸੀ। ਜਦੋਂ ਉਹ ਤੜਕੇ ਕਰੀਬ 4:30 ਵਜੇ ਸਾਹਲਾ ਨਗਰ ਪੁੱਲ ਹੇਠਾਂ ਪਹੁੰਚੇ ਤਾਂ ਉੱਥੇ ਇਕ ਵਿਅਕਤੀ ਕੰਬਲ ਲੈ ਕੇ ਪਿਆ ਸੀ। ਜਦੋਂ ਜਾਂਚ ਕੀਤੀ ਤਾਂ ਉਹ ਮ੍ਰਿਤਕ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਉਕਤ ਵਿਅਕਤੀ ਦੀ ਮੌਤ ਠੰਢ ਲੱਗਣ ਕਾਰਨ ਹੋਈ ਜਾਪਦੀ ਹੈ, ਹਾਲਾਂਕਿ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਹੋਵੇਗੀ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸ਼ਨਾਖਤ ਲਈ 72 ਘੰਟਿਆਂ ਵਾਸਤੇ ਸਿਵਲ ਹਸਪਤਾਲ ਨਕੋਦਰ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ।