ਨੇਬਰਹੁੱਡ ਯੋਜਨਾ ਤਹਿਤ ਮਾਡਲ ਟਾਊਨ ’ਚ ਸੁਰੱਖਿਅਤ ਫੁੱਟਪਾਥ ਤੇ ਸੜਕਾਂ ਬਣਨਗੀਆਂ

-ਪਾਰਕਿੰਗ ਤੇ ਰੋਡ ਇੰਫ੍ਰਾਸਟ੍ਰਕਚਰ ਸਮੇਤ ਹੋਰ ਕੰਮਾਂ ਲਈ ਕੇਂਦਰ ਤੋਂ ਮਿਲਣਗੇ 6.34 ਕਰੋੜ
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਕੇਂਦਰ ਸਰਕਾਰ ਦੀ ਨੇਬਰਹੁੱਡ ਸਕੀਮ ਤਹਿਤ ਮਾਡਲ ਟਾਊਨ ਮਾਰਕੀਟ ਤੇ ਇਸਦੇ ਨਜ਼ਦੀਕੀ ਇਲਾਕਿਆਂ ਵਿਚ ਇੰਫ੍ਰਾਸਟ੍ਰਕਚਰ ਨੂੰ ਬਿਹਤਰ ਬਣਾਉਣ ਦੇ ਕੰਮ ਕਰੇਗਾ। ਇਸ ਪ੍ਰਾਜੈਕਟ ਦਾ ਮੁੱਖ ਧਿਆਨ ਪੈਦਲ ਚੱਲਣ ਵਾਲਿਆਂ ਲਈ ਫੁੱਟਪਾਥਾਂ ਨੂੰ ਸੁਧਾਰਨਾ ਹੈ। ਖ਼ਾਸ ਕਰਕੇ ਸਕੂਲਾਂ ਤੇ ਹਸਪਤਾਲਾਂ ਦੇ ਇਲਾਕੇ ‘ਚ ਉੱਚ ਮਿਆਰੀ ਤੇ ਸੁਰੱਖਿਅਤ ਫੁੱਟਪਾਥ ਬਣਾਏ ਜਾਣਗੇ ਤਾਂ ਜੋ ਲੋਕ ਆਸਾਨੀ ਤੇ ਸੁਰੱਖਿਅਤ ਤਰੀਕੇ ਨਾਲ ਆ-ਜਾ ਸਕਣ। ਸਕੂਲਾਂ ਦੇ ਬਾਹਰ ਬੱਚਿਆਂ ਦੇ ਆਉਣ-ਜਾਣ ਲਈ ਵੱਖਰਾ ਮਾਰਗ ਬਣਾਉਣਾ ਲਾਜ਼ਮੀ ਹੋਵੇਗਾ।
ਮਾਰਕੀਟਾਂ ਵਿਚ ਇਸ ਤਰ੍ਹਾਂ ਦੇ ਫੁੱਟਪਾਥ ਬਣਾਏ ਜਾਣਗੇ, ਜਿਨ੍ਹਾਂ ਨਾਲ ਲੋਕਾਂ ਦੀ ਆਵਾਜਾਈ ਸੌਖੀ ਹੋਵੇ ਅਤੇ ਉਨ੍ਹਾਂ ਨੂੰ ਸੜਕਾਂ ’ਤੇ ਨਾ ਤੁਰਨਾ ਪਵੇ। ਇਸ ਪ੍ਰਾਜੈਕਟ ਤਹਿਤ ਚੁਣੇ ਹੋਏ ਪੂਰੇ ਇਲਾਕੇ ਦੀਆਂ ਸੜਕਾਂ ਦੁਬਾਰਾ ਬਣਾਈਆਂ ਜਾਣਗੀਆਂ। ਮੁੱਖ ਸੜਕਾਂ ‘ਤੇ ਖਾਲੀ ਥਾਵਾਂ ਨੂੰ ਪਾਰਕਿੰਗ ਵਜੋਂ ਮਾਰਕ ਕੀਤਾ ਜਾਵੇਗਾ। ਮਾਰਕੀਟ ਨੂੰ ਸੁੰਦਰ ਬਣਾਉਣ ਲਈ ਫੈਂਸੀ ਲਾਈਟਾਂ ਲਗਾਈਆਂ ਜਾਣਗੀਆਂ।
ਨਗਰ ਨਿਗਮ ਇਸ ਦਾ ਐਸਟੀਮੇਟ ਤਿਆਰ ਕਰਕੇ ਕੇਂਦਰ ਸਰਕਾਰ ਨੂੰ ਭੇਜ ਚੁੱਕਾ ਹੈ ਤੇ ਹਾਊਸ ਵਿਚ ਪ੍ਰਸਤਾਵ ਪਾਸ ਕਰਕੇ ਟੈਂਡਰ ਵੀ ਲਗਾ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ ਹਰ ਸ਼ਹਿਰ ਨੂੰ ਇੱਕ ਚੁਣੇ ਹੋਏ ਇਲਾਕੇ ਦਾ ਮੌਜੂਦਾ ਇੰਫ੍ਰਾਸਟ੍ਰਕਚਰ ਹੋਰ ਬਿਹਤਰ ਕਰਨ ਲਈ ਫੰਡ ਦਿੱਤੇ ਜਾ ਰਹੇ ਹਨ। ਮਹਾਨਗਰ ਦੇ ਮਾਡਲ ਟਾਊਨ ਇਲਾਕੇ ਨੂੰ ਇਸ ਲਈ 6.34 ਕਰੋੜ ਰੁਪਏ ਮਿਲਣਗੇ। ਇਸ ਵਿਚ ਮਾਡਲ ਟਾਊਨ ਦੀ ਪੂਰੀ ਮਾਰਕੀਟ ਅਤੇ ਆਸ-ਪਾਸ ਦਾ ਵੱਡਾ ਹਿੱਸਾ ਸ਼ਾਮਲ ਕੀਤਾ ਗਿਆ ਹੈ, ਬੀਐੱਸਐੱਨਐੱਲ ਦਫ਼ਤਰ ਤੋਂ ਮਾਡਲ ਟਾਊਨ ਮਾਰਕੀਟ, ਗੁਰਦੁਆਰਾ ਸਾਹਿਬ ਦੇ ਨੇੜੇ ਵਾਲਾ ਇਲਾਕਾ, ਮੇਅਰ ਹਾਊਸ ਰੋਡ, ਮਾਤਾ ਰਾਣੀ ਚੌਕ ਵਾਲੀ ਰੋਡ, ਸ਼ਿਵਾਨੀ ਪਾਰਕ ਦੇ ਚਾਰੇ ਪਾਸਿਆਂ ਦਾ ਹਿੱਸਾ।
ਮਾਡਲ ਟਾਊਨ ਮਾਰਕੀਟ ਸ਼ਹਿਰ ਦੀਆਂ ਸਭ ਤੋਂ ਮਸ਼ਹੂਰ ਮਾਰਕੀਟਾਂ ‘ਚੋਂ ਇੱਕ ਹੈ ਪਰ ਇੱਥੇ ਲੋਕਾਂ ਲਈ ਤੁਰਨ ਵਾਸਤੇ ਫੁੱਟਪਾਥ ਹੀ ਨਹੀਂ। ਲੋਕ ਸੜਕ ’ਤੇ ਤੁਰਦੇ ਹਨ ਤੇ ਗੱਡੀਆਂ ਵੀ ਸੜਕਾਂ ’ਤੇ ਹੀ ਲਗਦੀਆਂ ਹਨ। ਇਸ ਕਰਕੇ ਇੱਥੇ ਟ੍ਰੈਫਿਕ ਅਕਸਰ ਬੇਤਰਤੀਬੀ ਦਾ ਸ਼ਿਕਾਰ ਹੁੰਦਾ ਹੈ ਅਤੇ ਮਾਰਕਿਟ ਆਉਣ ਵਾਲਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਐੱਸਈ ਰਜਨੀਸ਼ ਡੋਗਰਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਮਕਸਦ ਪੈਦਲ ਚਲਣ ਵਾਲਿਆਂ ਨੂੰ ਸੁਰੱਖਿਅਤ ਰਾਹ ਮੁਹੱਈਆ ਕਰਨਾ ਹੈ। ਮਾਡਲ ਟਾਊਨ ਵਿਚ ਇਸ ਤਰ੍ਹਾਂ ਦੇ ਫੁੱਟਪਾਥ ਬਣਾਏ ਜਾਣਗੇ ਕਿ ਉਨ੍ਹਾਂ ‘ਤੇ ਕਬਜ਼ਾ ਨਾ ਹੋ ਸਕੇ ਅਤੇ ਨਾ ਹੀ ਗੱਡੀਆਂ ਖੜ੍ਹੀਆਂ ਕਰਕੇ ਆਵਾਜਾਈ ਰੁਕੇ। ਮੇਅਰ ਵਨੀਤ ਧੀਰ ਨੇ ਕਿਹਾ ਕਿ ਜਲਦੀ ਹੀ ਮਾਡਲ ਟਾਊਨ ਮਾਰਕੀਟ ਨੂੰ ਇਕ ਨਵਾਂ ਰੂਪ ਮਿਲੇਗਾ ਅਤੇ ਪੈਦਲ ਚੱਲਣ ਵਾਲਿਆਂ ਨੂੰ ਸੁਰੱਖਿਅਤ ਫੁੱਟਪਾਥਾਂ ਦੀ ਸਹੂਲਤ ਮਿਲੇਗੀ। ਸਕੂਲਾਂ ਦੇ ਬਾਹਰ ਸਪੀਡ ਲਿਮਟ ਬੋਰਡ ਲਗਾਏ ਜਾਣਗੇ ਤਾਂ ਜੋ ਬੱਚੇ ਸੁਰੱਖਿਅਤ ਰਹਿ ਸਕਣ।
---
ਪ੍ਰਾਜੈਕਟ ਤਹਿਤ ਹੋਣਗੇ ਇਹ ਕੰਮ
-ਲੋਕਾਂ ਲਈ ਸੁਰੱਖਿਅਤ ਫੁੱਟਪਾਥ ਬਣਾਉਣੇ। ਮਾਰਕੀਟਾਂ ਵਿਚ ਲੋਕਾਂ ਦੀ ਆਵਾਜਾਈ ਸੌਖੀ ਕਰਨੀ ਹੈ। ਹਸਪਤਾਲਾਂ ਤੇ ਸਕੂਲਾਂ ਦੇ ਆਸ-ਪਾਸ ਖ਼ਾਸ ਧਿਆਨ ਦੇਣਾ ਹੈ।
-ਤੈਅ ਕੀਤੇ ਇਲਾਕੇ ਵਿਚ ਸਟਰੀਟ ਲਾਈਟਾਂ ਲਈ ਫੈਂਸੀ ਪੋਲ ਲਗਾਏ ਜਾਣਗੇ, ਜਿਸ ਨਾਲ ਮਾਰਕੀਟ ਦੀ ਖੂਬਸੂਰਤੀ ਵਧੇਗੀ।
-ਸੜਕਾਂ ਦੇ ਕੰਢਿਆਂ ਵਾਲੀਆਂ ਖਾਲੀ ਥਾਵਾਂ ’ਤੇ ਪਾਰਕਿੰਗ ਲਈ ਮਾਰਕਿੰਗ ਹੋਵੇਗੀ। ਸੜਕ ’ਤੇ ਗੱਡੀਆਂ ਖੜ੍ਹਨ ਤੋਂ ਰੋਕ ਕੇ ਟ੍ਰੈਫ਼ਿਕ ਨੂੰ ਸੁਚਾਰੂ ਬਣਾਉਣਾ ਹੈ।
-ਮਾਰਕੀਟ ਤੇ ਸਕੂਲਾਂ ਦੇ ਨੇੜੇ ਸਪੀਡ ਲਿਮਟ ਬੋਰਡ ਲਾ ਕੇ ਟ੍ਰੈਫ਼ਿਕ ਪ੍ਰਬੰਧਨ ਸੁਧਾਰਨਾ ਹੈ। ਇਸ ਨਾਲ ਹਾਦਸਿਆਂ ਦਾ ਖਤਰਾ ਵੀ ਘਟੇਗਾ।
-ਇਲਾਕੇ ਵਿਚ ਸਾਈਨ ਬੋਰਡ ਲਾਏ ਜਾਣਗੇ, ਜਿਸ ਨਾਲ ਲੋਕਾਂ ਨੂੰ ਸੁਵਿਧਾ ਰਹੇਗੀ।
-ਸਾਰੇ ਰਸਤੇ ਲੁੱਕ ਤੇ ਬਜਰੀ ਨਾਲ ਨਵੇਂ ਬਣਾਏ ਜਾਣਗੇ।
-ਥਰਮੋਪਲਾਸਟਿਕ ਪੇਂਟ ਨਾਲ ਸੜਕਾਂ ’ਤੇ ਮਾਰਕਿੰਗ ਕੀਤੀ ਜਾਵੇਗੀ ਤੇ ਲੋਕਾਂ ਨੂੰ ਅਲਰਟ ਕਰਨ ਲਈ ਲਾਈਟ ਵਾਲੇ ਸਟੱਡ ਵੀ ਲਾਏ ਜਾਣਗੇ।