ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਮੁਖੀ ਸਣੇ ਤਿੰਨ ਗ੍ਰਿਫ਼ਤਾਰ
ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, ਮੁਖੀ ਸਣੇ ਤਿੰਨ ਗ੍ਰਿਫ਼ਤਾਰ
Publish Date: Fri, 12 Dec 2025 07:39 PM (IST)
Updated Date: Fri, 12 Dec 2025 07:42 PM (IST)

- ਮੁਲਜ਼ਮਾਂ ਕੋਲੋਂ ਅੱਠ ਮੋਬਾਈਲ ਫੋਨ ਅਤੇ ਛੇ ਦੋਪਹੀਆ ਵਾਹਨ ਬਰਾਮਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਕਮਿਸ਼ਨਰੇਟ ਪੁਲਿਸ ਦੇ ਸਪੈਸ਼ਲ ਸੈੱਲ ਤੇ ਬੱਸ ਸਟੈਂਡ ਪੁਲਿਸ ਚੌਕੀ ਨੇ ਸਾਂਝੇ ਆਪ੍ਰੇਸ਼ਨ ਦੌਰਾਨ ਦੋਪਹੀਆ ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰ ਕੇ ਗਿਰੋਹ ਦੇ ਮੁਖੀ ਤੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਜਾਣਕਾਰੀ ਦੇ ਆਧਾਰ ’ਤੇ 15 ਡਕੈਤੀਆਂ ਦਾ ਪਤਾ ਲਾਇਆ ਗਿਆ। ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ ਆਫ਼ ਪੁਲਿਸ (ਕ੍ਰਾਈਮ) ਜਯੰਤ ਪੁਰੀ ਨੇ ਦੱਸਿਆ ਕਿ ਸਪੈਸ਼ਲ ਸਟਾਫ਼ ਅਤੇ ਥਾਣਾ 6 ਦੀ ਬੱਸ ਸਟੈਂਡ ਚੌਕੀ ਦੇ ਇੰਚਾਰਜ ਨੇ ਸਾਂਝੇ ਤੌਰ ’ਤੇ ਬੱਸ ਸਟੈਂਡ ਨੇੜੇ ਇੱਕ ਨਾਕਾ ਲਾਇਆ ਸੀ। ਉਨ੍ਹਾਂ ਨੇ ਸ਼ੱਕ ਦੇ ਆਧਾਰ ’ਤੇ ਸੰਨੀ ਕੁਮਾਰ ਉਰਫ਼ ਚਿੱਟਾ ਵਾਸੀ ਪਿੰਡ ਧੰਨੋਵਾਲੀ, ਅਕਾਸ਼ਦੀਪ ਵਾਸੀ ਪੀਏਪੀ ਜਲੰਧਰ ਅਤੇ ਜਤਿੰਦਰ ਸਿੰਘ ਉਰਫ਼ ਪੱਪੂ ਵਾਸੀ ਗਲੀ ਨੰਬਰ 2 ਗੁਰਦੁਆਰਾ ਸ਼ਹੀਦਾਂ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਟੀਮ ਨੂੰ ਦੇਖ ਕੇ ਸ਼ੱਕੀ ਭੱਜ ਗਏ। ਪਹਿਲਾਂ ਤੋਂ ਹੀ ਚੌਕਸ ਪੁਲਿਸ ਮੁਲਾਜ਼ਮਾਂ ਨੇ ਪਿੱਛਾ ਕੀਤਾ ਅਤੇ ਮੋਟਰਸਾਈਕਲ ਨੂੰ ਥੋੜ੍ਹੀ ਦੂਰੀ ’ਤੇ ਘੇਰ ਲਿਆ, ਉਨ੍ਹਾਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਤੋਂ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਮੋਟਰਸਾਈਕਲ ਚੋਰੀ ਦਾ ਸੀ। ਇਸ ਤੋਂ ਇਲਾਵਾ ਮੁਲਜ਼ਮਾਂ ਨੇ ਚੋਰਾਂ ਦੇ ਇੱਕ ਪੇਸ਼ੇਵਰ ਗਿਰੋਹ ਦੇ ਮੈਂਬਰ ਹੋਣ ਦਾ ਇਕਬਾਲ ਕੀਤਾ, ਜਿਸ ਦਾ ਗਿਰੋਹ ਮੁਖੀ ਸੰਨੀ ਕੁਮਾਰ ਉਰਫ਼ ਚਿੱਟਾ ਸੀ। ਉਨ੍ਹਾਂ ਅਨੁਸਾਰ ਹੁਣ ਤਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਸ਼ਹਿਰ ਦੇ ਵੱਖ-ਵੱਖ ਪਾਰਕਿੰਗ ਸਥਾਨਾਂ, ਧਾਰਮਿਕ ਅਸਥਾਨਾਂ ਅਤੇ ਸ਼ਾਪਿੰਗ ਮਾਲ ਅਹਾਤਿਆਂ ਤੋਂ ਦੋ ਦਰਜਨ ਤੋਂ ਵੱਧ ਦੋਪਹੀਆ ਵਾਹਨ ਚੋਰੀ ਕਰ ਕੇ ਵੇਚੇ ਹਨ। ਮੁੱਢਲੀ ਪੁੱਛਗਿੱਛ ਦੌਰਾਨ ਗਿਰੋਹ ਨੇ 15 ਤੋਂ ਵੱਧ ਡਕੈਤੀ ਅਤੇ ਖੋਹ ਦੀਆਂ ਘਟਨਾਵਾਂ ਨੂੰ ਕਬੂਲ ਕੀਤਾ। ਪੁਲਿਸ ਅਧਿਕਾਰੀਆਂ ਅਨੁਸਾਰ ਹੁਣ ਤਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੈਂਗ ਦੇ ਮੁਖੀ ਸੰਨੀ ਕੁਮਾਰ ਉਰਫ਼ ਚਿੱਟਾ ਖ਼ਿਲਾਫ਼ ਸ਼ਹਿਰ ਦੇ ਵੱਖ-ਵੱਖ ਥਾਣਿਆਂ ਵਿੱਚ ਲੁੱਟ-ਖੋਹ ਦੇ ਚਾਰ ਮਾਮਲੇ ਦਰਜ ਹਨ, ਜਦੋਂਕਿ ਆਕਾਸ਼ਦੀਪ ਉਰਫ਼ ਆਕਾਸ਼ ਖ਼ਿਲਾਫ਼ ਲੁੱਟ-ਖੋਹ ਦੇ ਅੱਠ ਮਾਮਲੇ ਅਤੇ ਜਤਿੰਦਰ ਸਿੰਘ ਉਰਫ਼ ਪੱਪੂ ਖ਼ਿਲਾਫ਼ ਤਿੰਨ ਮਾਮਲੇ ਦਰਜ ਹਨ। ਪੁਲਿਸ ਅਧਿਕਾਰੀਆਂ ਅਨੁਸਾਰ ਤਿੰਨਾਂ ਮੁਲਜ਼ਮਾਂ ਨੂੰ ਰਿਮਾਂਡ ’ਤੇ ਲਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਕੀਤੀਆਂ ਗਈਆਂ ਡਕੈਤੀਆਂ ਅਤੇ ਦੋਪਹੀਆ ਵਾਹਨ ਚੋਰੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਦੀ ਜਾਣਕਾਰੀ ਦੇ ਆਧਾਰ ’ਤੇ ਡਕੈਤੀ ਅਤੇ ਚੋਰੀ ਦੀਆਂ ਹੋਰ ਵੀ ਕਈ ਘਟਨਾਵਾਂ ਦਾ ਪਤਾ ਲੱਗਣ ਦੀ ਸੰਭਾਵਨਾ ਹੈ।