ਸਟੇਟ ਪਬਲਿਕ ਸਕੂਲ ਵਿਖੇ ਦੋ ਦਿਨਾ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਪ੍ਰਧਾਨ ਡਾ. ਨਰੋਤਮ ਸਿੰਘ, ਉੱਪ ਪ੍ਰਧਾਨ ਡਾ. ਗਗਨਦੀਪ ਕੌਰ ਤੇ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਦੀ ਦੇਖ-ਰੇਖ ਹੇਠ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਦੋ ਦਿਨਾ ਸਮਾਗਮ ਦੇ ਪਹਿਲੇ ਦਿਨ ਦੀ ਸ਼ੁਰੂਆਤ ਬੱਚਿਆਂ ਵੱਲੋਂ ਸ਼ਬਦ ‘ਕੋਈ ਬੋਲੇ ਰਾਮ ਰਾਮ ਕੋਈ ਖੁਦਾਇ’ ਨਾਲ ਕੀਤੀ ਗਈ। ਇਸ ਮੌਕੇ ਡੀਐੱਸਪੀ ਸ਼ਾਹਕੋਟ ਸੁਖਪਾਲ ਸਿੰਘ ਨੇ ਮੁੱਖ ਮਹਿਮਾਨ ਜਦਕਿ ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਅਤੇ ਅਰੋੜਾ ਮਹਾ ਸਭਾ ਦੇ ਪ੍ਰਧਾਨ ਤੇ ਐੱਮਸੀ ਪ੍ਰਵੀਨ ਗਰੋਵਰ ਵੱਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਮਹਿਮਾਨਾਂ ਵੱਲੋਂ ਸ਼ਮ੍ਹਾਂ ਰੌਸ਼ਨ ਕੀਤੀ ਗਈ। ਵਿਦਿਆਰਥੀਆਂ ਮਨਰੂਪ ਸਿੰਘ ਤੇ ਜਸਕੀਰਤ ਕੌਰ ਦੇ ਸੁਆਗਤੀ ਭਾਸ਼ਣ ਤੇ ਗੀਤ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸ਼ਿਵ ਤਾਂਡਵ ਨਾਚ ਪੇਸ਼ ਕੀਤਾ ਗਿਆ। ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਸਕੂਲ ਦੀਆਂ ਸਰਗਰਮੀਆਂ ਤੇ ਪ੍ਰਸ਼ੰਸਾ ਸਬੰਧੀ ਸਾਲਾਨਾ ਰਿਪੋਰਟ ਪੇਸ਼ ਕੀਤੀ। ਕਰਮਨਜੋਤ ਕੌਰ ਤੇ ਜੈਸਮੀਨ ਵੱਲੋਂ ਸਟੇਜ ਦਾ ਸੰਚਾਲਨ ਕੀਤਾ ਗਿਆ। ਇਸ ਮੌਕੇ ਡੀਐੱਸਪੀ ਸੁਖਪਾਲ ਸਿੰਘ ਨੇ ਕਿਹਾ ਕਿ ਸਟੇਟ ਪਬਲਿਕ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਮਿਆਰੀ ਸਿੱਖਿਆ ਕਾਰਨ ਹੀ ਸਕੂਲ ਦੇ ਵਿਦਿਆਰਥੀ ਡਾਕਟਰ, ਇੰਜੀਨੀਅਰ ਤੇ ਹੋਰ ਉੱਚ ਅਹੁਦਿਆਂ ’ਤੇ ਪਹੁੰਚੇ ਹਨ। ਉਨ੍ਹਾਂ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਚੰਗੇ ਪ੍ਰਦਰਸ਼ਨ ਸਦਕਾ ਮਾਪਿਆਂ ਨੂੰ ਵੀ ਖੁਸ਼ੀ ਤੇ ਹੌਸਲਾ ਮਿਲਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਉਜਵਲ ਹੋਵੇਗਾ। ਇਸ ਮੌਕੇ ਡੀਐੱਸਪੀ ਸੁਖਪਾਲ ਸਿੰਘ, ਪ੍ਰਧਾਨ ਡਾ. ਨਰੋਤਮ ਸਿੰਘ, ਡਾਇਰੈਕਟਰ ਅਨਮੋਲ ਸਿੰਘ, ਐੱਮਸੀ ਪ੍ਰਵੀਨ ਗਰੋਵਰ, ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਤੇ ਪ੍ਰਬੰਧਕਾਂ ਵੱਲੋਂ ਅਕਾਦਮਿਕ ਤੇ ਹੋਰ ਸਰਗਰਮੀਆਂ ’ਚ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ।
ਦੂਜੇ ਦਿਨ ਨੀਦਰਲੈਂਡ ਤੋਂ ਇੰਟਰਨੈਸ਼ਨਲ ਕ੍ਰਿਕਟਰ ਵਿਕਰਮਜੀਤ ਸਿੰਘ ਨੇ ਮੁੱਖ ਮਹਿਮਾਨ ਵਜੋਂ ਜਦਕਿ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਗਿੱਧਾ ਤੇ ਭੰਗੜਾ ਨੂੰ ਹਾਜ਼ਰੀਨ ਵੱਲੋਂ ਖੂਬ ਪਸੰਦ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਿਕਰਮਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਪੰਜਾਬ ਦੀ ਧਰਤੀ ’ਤੇ ਆ ਕੇ ਬਹੁਤ ਖੁਸ਼ੀ ਮਿਲੀ। ਬੱਚਿਆਂ ਵੱਲੋਂ ਜੋ ਪ੍ਰੋਗਰਾਮ ਪੇਸ਼ ਕੀਤਾ ਗਿਆ, ਉਹ ਕਾਬਿਲੇ-ਤਾਰੀਫ ਸੀ। ਬੱਚਿਆਂ ਨੂੰ ਪੜ੍ਹਾਈ ਲਗਨ ਨਾਲ ਕਰਨੀ ਚਾਹੀਦੀ ਹੈ ਅਤੇ ਹਰ ਖੇਤਰ ’ਚ ਮਿਹਨਤ ਕਰਨੀ ਚਾਹੀਦੀ ਹੈ। ਉਨ੍ਹਾਂ ਬੱਚਿਆਂ ਨੂੰ ਮਾਪਿਆਂ ਤੇ ਅਧਿਆਪਕਾਂ ਦੇ ਆਗਿਆਕਾਰੀ ਬਣਨ ਤੇ ਮਿਹਨਤ ਕਰ ਕੇ ਜ਼ਿੰਦਗੀ ‘ਚ ਉੱਚਾ ਮੁਕਾਮ ਹਾਸਲ ਕਰਨ ਲਈ ਪ੍ਰੇਰਨਾ ਦਿੱਤੀ। ਨਗਰ ਪੰਚਾਇਤ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ ਨੇ ਵੀ ਸਟੇਟ ਪਬਲਿਕ ਸਕੂਲ ਵੱਲੋਂ ਇਲਾਕੇ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਸਕੂਲ ਪ੍ਰਬੰਧਕਾਂ ਤੇ ਸਟਾਫ ਦੀ ਸ਼ਲਾਘਾ ਕੀਤੀ। ਮਹਿਮਾਨਾਂ ਵੱਲੋਂ ਵੱਖ-ਵੱਖ ਖੇਤਰਾਂ ’ਚ ਮੱਲ੍ਹਾਂ ਮਾਰਨ ਵਾਲੇ ਬੱਚਿਆਂ ਨੂੰ ਇਨਾਮ ਭੇਟ ਕਰ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਇਸ ਮੌਕੇ ਪ੍ਰਿੰਸੀਪਲ ਡਾ. ਕੰਵਰ ਨੀਲ ਕਮਲ ਵੱਲੋਂ ਇਨਾਮ ਵੰਡ ਸਮਾਗਮ ’ਚ ਸ਼ਾਮਲ ਮਹਿਮਾਨਾਂ, ਬੱਚਿਆਂ ਦੇ ਮਾਪਿਆਂ ਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਾਈਸ ਪ੍ਰਿੰਸੀਪਲ ਐਂਥਨੀ ਮਸੀਹ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਬੀਪੀਈਓ ਨਿਰਮਲ ਸਿੰਘ ਗਿੱਦੜਪਿੰਡੀ, ਚਰਨਜੀਤ ਸਿੰਘ ਜੀਰਾ ਕੋਆਰਡੀਨੇਟਰ, ਵੰਦਨਾ ਮਿੱਤਲ ਐੱਮਸੀ, ਡਾ. ਰਾਜਵੀ ਛੁਰਾ ਮੈਡੀਕਲ ਅਫਸਰ, ਵੰਦਨਾ ਧਵਨ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਸਕੂਲ ਗੁਰੂ ਹਰਿਸਹਾਏ, ਦੀਪਕ ਸੋਬਤੀ ਆਰਏ, ਭਾਈ ਅੰਮ੍ਰਿਤਪਾਲ ਸਿੰਘ, ਮਾਸਟਰ ਸੁੰਦਰ ਸਿੰਘ ਕੋਆਰਡੀਨੇਟਰ ਸਮੇਤ ਵੱਡੀ ਗਿਣਤੀ ’ਚ ਬੱਚਿਆਂ ਦੇ ਮਾਪੇ ਹਾਜ਼ਰ ਸਨ।