ਕੂਲ ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਅਤੇ ਪੁਰਾਣੇ ਈਡੀ ਦਫ਼ਤਰ ਨਾਲ ਲੱਗਦੀ ਇਕ ਇਮਾਰਤ ਦੀ ਪੰਜਵੀਂ ਮੰਜ਼ਿਲ ’ਤੇ ਬਿਨਾਂ ਸੇਫ਼ਟੀ ਬੈਲਟ ਦੇ ਪੇਂਟ ਕਰ ਰਹੇ ਦੋ ਵਿਅਕਤੀ ਹੇਠਾਂ ਡਿੱਗ ਪਏ। ਹਾਦਸੇ ਦੌਰਾਨ ਦੋਵੇਂ ਦੀ ਮੌਤ ਹੋ ਗਈ। ਦੋਵਾਂ ਕੋਲੋਂ ਕੋਈ ਪਛਾਣ ਪੱਤਰ ਨਾ ਮਿਲਣ ਕਾਰਨ ਪਛਾਣ ਨਹੀਂ ਹੋ ਸਕੀ।

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਕੂਲ ਰੋਡ ’ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਅਤੇ ਪੁਰਾਣੇ ਈਡੀ ਦਫ਼ਤਰ ਨਾਲ ਲੱਗਦੀ ਇਕ ਇਮਾਰਤ ਦੀ ਪੰਜਵੀਂ ਮੰਜ਼ਿਲ ’ਤੇ ਬਿਨਾਂ ਸੇਫ਼ਟੀ ਬੈਲਟ ਦੇ ਪੇਂਟ ਕਰ ਰਹੇ ਦੋ ਵਿਅਕਤੀ ਹੇਠਾਂ ਡਿੱਗ ਪਏ। ਹਾਦਸੇ ਦੌਰਾਨ ਦੋਵੇਂ ਦੀ ਮੌਤ ਹੋ ਗਈ। ਦੋਵਾਂ ਕੋਲੋਂ ਕੋਈ ਪਛਾਣ ਪੱਤਰ ਨਾ ਮਿਲਣ ਕਾਰਨ ਪਛਾਣ ਨਹੀਂ ਹੋ ਸਕੀ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਸਥਾਨ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੋਵੇਂ ਪੇਂਟ ਕਰਨ ਲਈ ਪਹਿਲੇ ਦਿਨ ਹੀ ਆਏ ਸਨ ਅਤੇ ਠੇਕੇਦਾਰ ਕੋਲ ਕੰਮ ਕਰਦੇ ਸਨ। ਉਹ ਸਵੇਰੇ ਲਗਭਗ 9 ਵਜੇ ਸਾਈਕਲ ’ਤੇ ਕੰਮ ਲਈ ਆਏ ਸਨ। ਦੋਵੇਂ ਇਕੱਠੇ ਕੰਮ ਕਰ ਰਹੇ ਸਨ ਪਰ ਕਿਸੇ ਨੇ ਵੀ ਸੇਫ਼ਟੀ ਬੈਲਟ ਨਹੀਂ ਪਾਈ ਹੋਈ ਸੀ। ਇਸੇ ਦੌਰਾਨ ਇਕ ਮਜ਼ਦੂਰ ਦਾ ਪੈਰ ਪੌੜੀ ਤੋਂ ਤਿਲਕ ਗਿਆ ਅਤੇ ਦੂਜੇ ਨੇ ਉਸਨੂੰ ਬਚਾਉਣ ਲਈ ਉਸਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਤਾਂ ਦੋਵੇਂ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਇਕੱਠੇ ਹੇਠਾਂ ਡਿੱਗ ਗਏ।
ਹਾਦਸੇ ਦੌਰਾਨ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਹਾਲੇ ਸਾਹ ਲੈ ਲਿਆ ਸੀ। ਲੋਕਾਂ ਨੇ ਉਸਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਮਿਲਦੇ ਹੀ ਬੱਸ ਸਟੈਂਡ ਚੌਕੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਵਿੱਚ ਜੁਟ ਗਈ। ਪੁਲਿਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੇ ਹਨ। ਚੌਕੀ ਇੰਚਾਰਜ ਮੋਹਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਠੇਕੇਦਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸਦਾ ਮੋਬਾਈਲ ਬੰਦ ਆ ਰਿਹਾ ਹੈ। ਪਰਿਵਾਰਕ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਘਟਨਾ ਦੀ ਕਰਵਾਈ ਜਾਵੇਗੀ ਜਾਂਚ-ਸਹਾਇਕ ਕਮਿਸ਼ਨਰ ਲੇਬਰ
ਦੋ ਮਜ਼ਦੂਰਾਂ ਦੇ ਇਮਾਰਤ ਦੀ ਪੰਜਵੀਂ ਮੰਜ਼ਿਲ ਤੋਂ ਡਿੱਗ ਹੋਈ ਮੌਤ ਸਬੰਧੀ ਪੁੱਛੇ ਜਾਣ ’ਤੇ ਲੇਬਰ ਵਿਭਾਗ ਦੇ ਸਹਾਇਕ ਕਮਿਸ਼ਨਰ ਪ੍ਰਦੀਪ ਚੌਧਰੀ ਨੇ ਦੱਸਿਆ ਕਿ ਘਟਨਾ ਦੀ ਜਾਂਚ ਕਰਨ ਲਈ ਲੇਬਰ ਇੰਸਪੈਕਟਰ ਦੀ ਅਗਵਾਈ ’ਚ ਟੀਮ ਗਠਿਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਤੇ ਸੁਰੱਖਿਆ ਨਿਯਮਾਂ ਦੀ ਉਲੰਘਣਾ ਸਬੰਧੀ ਜੇਕਰ ਖਾਮੀਆ ਪਾਈਆ ਗਈਆ ਤਾਂ ਜ਼ਿੰਮੇਵਾਰ ਵਿਅਕਤੀਆ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।