ਪਰਸ ਕੱਢ ਕੇ ਭੱਜ ਰਹੇ ਦੋ ਲੁਟੇਰੇ ਕਾਬੂ
ਪਰਸ ਕੱਢ ਕੇ ਭੱਜ ਰਹੇ ਦੋ ਲੁਟੇਰੇ ਕਾਬੂ
Publish Date: Wed, 28 Jan 2026 09:39 PM (IST)
Updated Date: Wed, 28 Jan 2026 09:40 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਾਰਾਦਰੀ ਦੀ ਹੱਦ ’ਚ ਪੈਂਦੇ ਲਾਡੋਵਾਲੀ ਰੋਡ ਤੋਂ ਇਕ ਨੌਜਵਾਨ ਦਾ ਪਰਸ ਕੱਢ ਕੇ ਭੱਜ ਰਹੇ ਦੋ ਲੁਟੇਰਿਆਂ ਨੂੰ ਨੌਜਵਾਨ ਦੀ ਬਹਾਦਰੀ ਕਾਰਨ ਲੋਕਾਂ ਦੀ ਮਦਦ ਨਾਲ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਨਵਜੀਤ ਸਿੰਘ ਵਾਸੀ ਫਾਜਿਲਕਾ ਹਾਲ ਵਾਸੀ ਬਾਰਾਦਰੀ ਕਿਸੇ ਕੰਮ ਲਈ ਪੈਦਲ ਹੀ ਲਾਡੋ ਵਾਲੀ ਰੋਡ ਕੋਲੋਂ ਲੰਘ ਰਿਹਾ ਸੀ। ਇਸ ਦੌਰਾਨ ਇਕ ਮੋਟਰਸਾਈਕਲ ਉੱਪਰ ਦੋ ਨੌਜਵਾਨ ਉਸ ਦੇ ਕੋਲ ਆ ਕੇ ਰੁਕ ਗਏ ਤੇ ਉਸ ਨੂੰ ਡਰਾ ਧਮਕਾ ਕੇ ਉਸਦੀ ਜੇਬ ’ਚੋਂ ਪਰਸ ਕੱਢ ਲਿਆ। ਪਰਸ ਕੱਢਣ ਤੋਂ ਬਾਅਦ ਜਿੱਦਾਂ ਹੀ ਦੋਵੇਂ ਨੌਜਵਾਨ ਮੌਕੇ ਤੋਂ ਭੱਜਣ ਲੱਗੇ ਤਾਂ ਨਵਜੀਤ ਨੇ ਉਨ੍ਹਾਂ ਦਾ ਮੋਟਰਸਾਈਕਲ ਪਿੱਛੋਂ ਦੀ ਫੜ ਲਿਆ ਤੇ ਰੌਲਾ ਪਾ ਦਿੱਤਾ। ਜਿਵੇਂ ਹੀ ਨਵਜੀਤ ਨੇ ਉਨ੍ਹਾਂ ਦਾ ਮੋਟਰਸਾਈਕਲ ਪਿੱਛੋਂ ਫੜਿਆ ਤਾਂ ਉਹ ਘਬਰਾ ਕੇ ਡਿੱਗ ਪਏ। ਇਸ ਦੌਰਾਨ ਲੋਕ ਮੌਕੇ ’ਤੇ ਇਕੱਠੇ ਹੋ ਗਏ ਤੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ। ਲੁਟੇਰਿਆਂ ਕੋਲੋਂ ਨਵਜੀਤ ਦਾ ਪਰਸ ਵੀ ਬਰਾਮਦ ਕਰ ਲਿਆ ਗਿਆ। ਲੋਕਾਂ ਨੇ ਲੁਟੇਰਿਆਂ ਦੀ ਚੰਗੀ ਤਰ੍ਹਾਂ ਭੁਗਤ ਸਵਾਰੀ ਤੇ ਇਸ ਦੀ ਸੂਚਨਾ ਥਾਣਾ ਬਾਰਾਦਰੀ ਦੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਏਐੱਸਆਈ ਸੁਖਦੀਪ ਸਿੰਘ ਮੌਕੇ ’ਤੇ ਪੁੱਜੇ ਤੇ ਦੋਵੇਂ ਨੌਜਵਾਨਾਂ ਜਿਨ੍ਹਾਂ ਦੀ ਪਛਾਣ ਸੌਰਵ ਨਾਹਰ ਤੇ ਬਲਜੀਤ ਸਿੰਘ ਹਨੀ ਵਾਸੀ ਕਾਜੀ ਮੰਡੀ ਦੇ ਰੂਪ ’ਚ ਹੋਈ ਹੈ, ਨੂੰ ਗ੍ਰਿਫਤਾਰ ਕਰ ਲਿਆ ਗਿਆ। ਏਐੱਸਆਈ ਸੁਖਦੀਪ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।