ਫਿਰੌਤੀ ਮੰਗਣ ਵਾਲੇ ਦੋ ਜਣੇ ਆਏ ਪੁਲਿਸ ਅੜਿੱਕੇ
ਫਿਰੌਤੀ ਮੰਗਣ ਵਾਲੇ ਦੋ ਜਣੇ ਆਏ ਪੁਲਿਸ ਅੜਿੱਕੇ
Publish Date: Fri, 30 Jan 2026 09:13 PM (IST)
Updated Date: Fri, 30 Jan 2026 09:16 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਾਬੂਵਾਲ ਚੌਕ ਦੇ ਨੇੜੇ ਸਥਿਤ ਹਸਪਤਾਲ ਦੇ ਮਾਲਕ ਕੋਲੋਂ ਫਿਰੌਤੀ ਮੰਗਣ ਦੇ ਮਾਮਲੇ ’ਚ ਪੁਲਿਸ ਨੇ ਦੋ ਵਿਅਕਤੀਆ ਨੂੰ ਕਾਬੂ ਕੀਤਾ ਹੈ। ਥਾਣਾ ਮੁਖੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਇੰਗਲੈਂਡ ਰਹਿੰਦੇ ਵਿਅਕਤੀ ਵੱਲੋਂ ਫੋਨ ’ਤੇ ਇਕ ਕਰੋੜ ਰੁਪਏ ਫਿਰੌਤੀ ਵਜੋਂ ਮੰਗੇ ਗਏ ਸਨ। ਇਸ ਬਾਰੇ ਪਹਿਲਾਂ ਤਾਂ ਡਾਕਟਰ ਵੱਲੋਂ ਬਹੁਤਾ ਗੌਰ ਨਹੀਂ ਕੀਤਾ ਗਿਆ। ਫੋਨ ’ਤੇ ਧਮਕੀਆਂ ਵਗੈਰਾ ਵੀ ਦਿੱਤੀਆਂ ਗਈਆਂ। ਫਿਰ ਇਕ ਦਿਨ ਹਸਪਤਾਲ ਦੇ ਬਾਹਰ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਵੱਲੋਂ ਪਿਸਤੌਲ ਨਾਲ ਦੋ ਫਾਇਰ ਵੀ ਕੀਤੇ ਗਏ, ਜਿਸ ਨਾਲ ਡਾਕਟਰ ਤੇ ਉਸਦੀ ਡਾਕਟਰ ਪਤਨੀ ਵੱਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ। ਇਸੇ ਦੌਰਾਨ ਇਕ ਨੌਜਵਾਨ ਨੇ ਡਾਕਟਰ ਨੂੰ ਮਿਲ ਕੇ ਕਿਹਾ ਗਿਆ ਕਿ ਉਸ ਨੂੰ ਇੰਗਲੈਂਡ ਰਹਿੰਦੇ ਜੱਗੇ ਵੱਲੋਂ ਕਿਹਾ ਗਿਆ ਹੈ ਕਿ ਇਹ ਰਕਮ ਉਸ ਕੋਲੋਂ ਲੈ ਕੇ ਜੱਗੇ ਦੇ ਪਿਉ ਨੂੰ ਪਿੰਡ ਸ਼ਾਹਜਹਾਨ ਪੁਰ ਜ਼ਿਲ੍ਹਾ ਕਪੂਰਥਲਾ ਨੂੰ ਪਹੁੰਚਾਉਣੀ ਹੈ। ਜੋੜੇ ਵੱਲੋਂ ਵੀ ਆਪਣੇ ਤੌਰ ’ਤੇ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਗਈ ਤਾਂ ਉਨ੍ਹਾਂ ਨੂੰ ਇਹ ਯਕੀਨ ਹੋ ਗਿਆ ਕਿ ਉੱਕਤ ਲੜਕਾ ਦਿਲਬਾਗ ਸਿੰਘ ਉਰਫ਼ ਬਾਬਾ ਉਰਫ਼ ਬਾਗਾ ਪੁੱਤਰ ਪ੍ਰਦੁਮਣ ਸਿੰਘ ਪਿੰਡ ਘੁਦੂਵਾਲ ਦਾ ਰਹਿਣ ਵਾਲਾ ਹੈ। ਥਾਣਾ ਮੁਖੀ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੇ ਜਾਣ ਉਪਰੰਤ ਦਿਲਬਾਗ ਸਿੰਘ ਉੱਰਫ਼ ਬਾਗਾ ਤੇ ਜੱਗੇ ਦੇ ਬਾਪ ਨਿਰਮਲ ਸਿੰਘ ਨਿੰਮਾ ਵਾਸੀ ਸ਼ਾਹਜਹਾਨਪੁਰ ਜ਼ਿਲ੍ਹਾ ਕਪੂਰਥਲਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘੀ ਜਾਂਚ ਕੀਤੀ ਜਾਵੇਗੀ।