ਖੇਲੋ ਇੰਡੀਆ ’ਵਰਸਿਟੀ ਖੇਡਾਂ 'ਚ ਜਲੰਧਰ ਦੇ ਦੋ ਖਿਡਾਰੀਆਂ ਨੂੰ ਕਾਂਸੀ ਮੈਡਲ
ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 'ਚ ਬਾਕਸਿੰਗ ਕੋਚ ਅਰਿਹੰਤ ਦੇ ਦੋ ਖਿਡਾਰੀਆਂ ਨੂੰ ਕਾਂਸੀ ਮੈਡਲ
Publish Date: Mon, 08 Dec 2025 10:06 PM (IST)
Updated Date: Mon, 08 Dec 2025 10:09 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਹਿਲੀ ਦਸੰਬਰ ਤੋਂ ਪੰਜ ਦਸੰਬਰ 2025 ਤੱਕ ਰਾਜਸਥਾਨ ਦੇ ਭਰਤਪੁਰ ਵਿਖੇ ਕਰਵਾਏ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ 2025 ਸੰਪੰਨ ਹੋਈਆਂ ਹਨ। ਇਨ੍ਹਾਂ ਖੇਡਾਂ ’ਚ ਜਲੰਧਰ ਤੋਂ ਬਾਕਸਿੰਗ ਕੋਚ ਅਰਿਹੰਤ ਕੁਮਾਰ ਦੀ ਅਗਵਾਈ ਹੇਠ ਟ੍ਰੇਨਿੰਗ ਲੈ ਰਹੇ ਦੋ ਬਾਕਸਿੰਗ ਖਿਡਾਰੀਆਂ ਆਸ਼ੂਤੋਸ਼ ਭਗਤ ਤੇ ਰਜਤ ਨੇ ਆਪੋ-ਆਪਣੇ ਵਜ਼ਨ ’ਚ ਦੋ ਕਾਂਸੀ ਦੇ ਤਗਮੇ ਹਾਸਲ ਕੀਤੇ ਹਨ। ਦੱਸਣਯੋਗ ਹੈ ਕਿ ਇਨ੍ਹਾਂ ਦੋਵਾਂ ਬਾਕਸਿੰਗ ਖਿਡਾਰੀਆਂ ’ਚੋਂ ਆਸ਼ੂਤੋਸ਼ ਭਗਤ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਹੈ ਤੇ ਰਜਤ ਨੇ ਮਹਾਰਾਜਾ ਭੂਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪੰਜਾਬ ਦੀ ਨੁਮਾਇੰਦਗੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਖਿਡਾਰੀ ਸਾਲ 2012 ਤੋਂ ਸਰਕਾਰੀ ਆਰਟਸ ਐਂਡ ਸਪੋਰਟਸ ਕਾਲਜ ਜਲੰਧਰ ਵਿਖੇ ਕੋਚ ਅਰਿਹੰਤ ਕੁਮਾਰ ਤੋਂ ਸਿਖਲਾਈ ਲੈ ਰਹੇ ਸਨ। ਇਸ ਪ੍ਰਾਪਤੀ ਮੌਕੇ ਕੋਚ ਅਰਿਹੰਤ ਕੁਮਾਰ ਨੇ ਦੋਹਾਂ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਇਹ ਦੋਵੇਂ ਬਹੁਤ ਹੋਣਹਾਰ ਖਿਡਾਰੀ ਹਨ। ਇਸ ਮੌਕੇ ਉਨ੍ਹਾਂ ਨੇ ਖਿਡਾਰੀਆਂ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ ਤੇ ਅੱਗੇ ਤੋਂ ਹੋਰ ਬਿਹਤਰ ਪ੍ਰਦਰਸ਼ਨ ਕਰਨ ਲਈ ਕਿਹਾ ਹੈ।