-ਪਿੰਡ ਅਮਰੀ ਖੇੜਾ ਤੋਂ

-ਪਿੰਡ ਅਮਰੀ ਖੇੜਾ ਤੋਂ ਸ਼ੁਰੂ ਹੋਵੇਗਾ ਪਲਾਂਟ, ਪਾਈਪ ਲਾਈਨ ’ਤੇ ਮੀਟਰ ਲੱਗਣ ’ਤੇ ਆਏਗਾ ਬਿੱਲ
ਜਾਸ, ਜਲੰਧਰ : ਪਾਈਪਇਡ ਨੈਚਰਲ ਗੈਸ (ਪੀਐੱਨਜੀ) ਪ੍ਰੋਜੈਕਟ ਜਲੰਧਰ ’ਚ ਸ਼ੁਰੂ ਹੋਣ ’ਚ ਹਾਲੇ ਤਿੰਨ ਤੋਂ ਚਾਰ ਸਾਲ ਲੱਗਣਗੇ। ਅਡਾਨੀ ਗਰੁੱਪ ਨੇ ਸ਼ਹਿਰ ’ਚ ਗੈਸ ਪਾਈਪ ਲਾਈਨ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਪਾਈਪ ਲਾਈਨ ਤੋਂ ਗੈਸ ਲੈਣ ਵਾਲਿਆਂ ਦੇ ਅਰਜ਼ੀਆਂ ਦੇ ਬਾਅਦ ਹੀ ਪਤਾ ਲੱਗੇਗਾ ਕਿ ਕਿੰਨੇ ਲੋਕ ਇਸ ’ਚ ਦਿਲਚਸਪੀ ਲੈਂਦੇ ਹਨ। ਇਸ ਸਮੇਂ ਕੰਪਨੀ ਗੈਸ ਪਾਈਪ ਲਾਈਨ ਲਈ ਆਪਣੇ ਸਰੋਤ ਤਿਆਰ ਕਰ ਰਹੀ ਹੈ। ਜਲੰਧਰ ਦੇ ਲਾਂਬੜਾ ਮਾਰਗ ਦੇ ਪਿੰਡ ਅਮਰੀ ਖੇੜਾ ’ਚ ਗੈਸ ਪ੍ਰੋਜੈਕਟ ਲਗਪਗ ਤਿਆਰ ਹੈ। ਕੰਪਨੀ ਦੇ ਪ੍ਰੋਜੈਕਟ ਮੈਨੇਜਰ ਅਜੈ ਬਹਾਦੁਰ ਨੇ ਦੱਸਿਆ ਕਿ ਜਲੰਧਰ ਨੂੰ ਇਕ ਮੈਟਰੋ ਸਿਟੀ ਦੀ ਤਰ੍ਹਾਂ ਗੈਸ ਸਹੂਲਤ ਦੇਣ ’ਤੇ ਕੰਮ ਚੱਲ ਰਿਹਾ ਹੈ।
ਘਰਾਂ ’ਚ ਪਾਈਪ ਲਾਈਨ ਰਾਹੀਂ ਪੀਐੱਨਜੀ ਗੈਸ ਸਹੂਲਤ ਅਗਲੇ ਤਿੰਨ ਸਾਲਾਂ ਦੇ ਬਾਅਦ ਮਿਲੇਗੀ। ਨਗਰ ਨਿਗਮ ਕੋਲੋਂ ਕੰਪਨੀ ਨੇ ਅੰਡਰਗ੍ਰਾਊਂਡ ਪਾਈਪ ਲਾਈਨ ਪਾਉਣ ਲਈ ਮਨਜ਼ੂਰੀ ਲੈ ਲਈ ਹੈ ਤੇ ਲੋਕ ਨਿਰਮਾਣ ਵਿਭਾਗ, ਇੰਪਰੂਵਮੈਂਟ ਟਰੱਸਟ ਤੇ ਹੋਰ ਵਿਭਾਗਾਂ ਦੀ ਮਨਜ਼ੂਰੀ ਲਈ ਅਰਜ਼ੀ ਦਿੱਤੀ ਗਈ ਹੈ। ਕੰਪਨੀ ਦੇ ਪ੍ਰੋਜੈਕਟ ਮੈਨੇਜਰ ਅਜੈ ਬਹਾਦੁਰ ਨੇ ਕਿਹਾ ਕਿ ਹਾਲੇ ਤੱਕ ਜਲੰਧਰ ਦੇ ਦੋ ਲੱਖ ਘਰਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਤੱਕ ਗੈਸ ਸਪਲਾਈ ਕਰਨੀ ਹੈ। ਹਾਲਾਂਕਿ, ਇਹ ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਲੋਕ ਇਸ ਸਹੂਲਤ ਦਾ ਲਾਭ ਲੈਂਦੇ ਹਨ ਪਰ ਜਦੋਂ ਇਹ ਸਹੂਲਤ ਸ਼ੁਰੂ ਹੋਵੇਗੀ ਤਾਂ ਲੋਕਾਂ ਨੂੰ ਰਾਹਤ ਮਿਲੇਗੀ।
---
ਵਾਤਾਵਰਨ ਲਈ ਬਿਹਤਰ
ਘਰਾਂ ਨੂੰ ਮਿਲਣ ਵਾਲੀ ਪੀਐੱਨਜੀ ਗੈਸ ਸੀਐੱਨਜੀ ਦਾ ਬਦਲ ਹੈ। ਇਹ ਇਕ ਕੁਦਰਤੀ ਗੈਸ ਹੈ ਜੋ ਪੰਪ ਤੇ ਘਰਾਂ ਦੀ ਸਪਲਾਈ ਲਈ ਵੱਖਰੇ ਫਾਰਮੈਟ ’ਚ ਆਉਂਦੀ ਹੈ। ਪੀਐੱਨਜੀ ਵਾਤਾਵਰਨ ਲਈ ਲਾਭਦਾਇਕ ਹੈ। ਐੱਲਪੀਜੀ ਨਾਲ ਹੋਣ ਵਾਲੇ ਨੁਕਸਾਨ ਪੀਐੱਨਜੀ ਨਾਲ ਨਹੀਂ ਹੋਣਗੇ। ਸਰਦੀ ’ਚ ਸਿਲੰਡਰ ਵਿਚ ਗੈਸ ਜੰਮਣਾ, ਗੈਸ ਚੋਰੀ ਹੋਣ ਦੇ ਮੌਕੇ ਬਹੁਤ ਘੱਟ ਹਨ। ਗੈਸ ਪਾਈਪ ਲਾਈਨ ਰਾਹੀਂ ਘਰਾਂ ਨੂੰ ਗੈਸ ਮਿਲਣ ਦੇ ਮਾਪਦੰਡ ਰਸੋਈ ’ਚ ਲੱਗੇ ਮੀਟਰ ਰਾਹੀਂ ਹੋਵੇਗਾ। ਜਿੰਨੀ ਗੈਸ ਵਰਤੀ ਜਾਵੇਗੀ ਓਨੀ ਹੀ ਬਿੱਲ ਆਏਗਾ। ਇਸ ਨਾਲ ਗੈਸ ਚੋਰੀ, ਚੁੱਲ੍ਹੇ ’ਚ ਖਰਾਬੀ ਵਰਗੀਆਂ ਸਮੱਸਿਆਵਾਂ ਨਹੀਂ ਆਉਣਗੀਆਂ।
---
ਪਿੰਡ ਅਮਰੀ ਖੇੜਾ ਤੋਂ ਸ਼ੁਰੂ ਹੋਵੇਗਾ ਪਲਾਂਟ
ਪ੍ਰਤਾਪਪੁਰਾ ਨੇੜੇ ਪਿੰਡ ਅਮਰੀ ਖੇੜਾ ਤੋਂ ਗੈਸ ਪਲਾਂਟ ਸ਼ੁਰੂ ਹੋ ਚੁੱਕਾ ਹੈ, ਹਾਲਾਂਕਿ ਇੱਥੇ ਤੋਂ ਸੀਐੱਨਜੀ ਗੈਸ ਸਪਲਾਈ ਹੋ ਰਹੀ ਹੈ। ਘਰਾਂ ਨੂੰ ਪੀਐੱਨਜੀ ਗੈਸ ਇੱਥੇ ਤੋਂ ਸਪਲਾਈ ਕੀਤੀ ਜਾਵੇਗੀ। ਕੰਪਨੀ ਦੇ ਪ੍ਰੋਜੈਕਟ ਹੈੱਡ ਅਜੈ ਬਹਾਦੁਰ ਨੇ ਦੱਸਿਆ ਕਿ ਪ੍ਰੋਜੈਕਟ ਦੀ ਕੀਮਤ ਅਤੇ ਸਮੇਂ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਸਰਕਾਰੀ ਵਿਭਾਗਾਂ ਦੀ ਮਨਜ਼ੂਰੀ ਮਗਰੋਂ ਕੰਮ ਲਗਾਤਾਰ ਜਾਰੀ ਹੈ। ਇਕ ਵਾਰੀ ਪਾਈਪ ਲਾਈਨ ਪਾਉਣ ਦੇ ਬਾਅਦ ਘਰਾਂ ਦੇ ਮਾਲਕ ਗੈਸ ਪਾਈਪ ਲਾਈਨ ਲਈ ਅਰਜ਼ੀ ਦੇ ਸਕਣਗੇ। ਸੜਕ ਤੋਂ ਪਾਈਪ ਲਾਈਨ ਲਈ ਘਰਾਂ ਤੱਕ ਕਨੈਕਸ਼ਨ ਲਈ ਵੱਖਰੀ ਫੀਸ ਅਦਾ ਕਰਨੀ ਪਵੇਗੀ। ਹਾਲੇ ਫੀਸ ਤੈਅ ਨਹੀਂ ਕੀਤੀ ਗਈ ਹੈ।