ਨਸ਼ੀਲੇ ਪਦਾਰਥਾਂ ਤੇ ਨਾਜਾਇਜ਼ ਅਸਲੇ ਸਮੇਤ ਦੋ ਕਾਬੂ
ਕੋਕੀਨ, ਚਰਸ, ਆਈਸ, ਗੋਲੀਆਂ, 2 ਨਜਾਇਜ਼ ਅਸਲੇ ਤੇ 5 ਜਿੰਦਾ ਰੌਂਦ ਸਮੇਤ ਦੋ ਗ੍ਰਿਫਤਾਰ
Publish Date: Sat, 15 Nov 2025 08:20 PM (IST)
Updated Date: Sat, 15 Nov 2025 08:23 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸੀਆਈਏ ਸਟਾਫ ਦੀ ਪੁਲਿਸ ਨੇ ਇੰਟਰਸਟੇਟ ਡਰੱਗ ਨੈੱਟਵਰਕ ’ਚ ਸ਼ਾਮਲ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 205 ਗ੍ਰਾਮ ਕੋਕੀਨ, 2 ਕਿੱਲੋਗ੍ਰਾਮ ਚਰਸ, 20 ਗ੍ਰਾਮ ਆਈਸ, 22 ਗ੍ਰਾਮ ਐੱਲਐੱਸਟਡੀ ਗੋਲੀਆਂ, 2 ਨਾਜਾਇਜ਼ ਅਸਲੇ ਤੇ 5 ਰੌਂਦ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਟੀਮ ਨਸ਼ਾ ਸਮੱਗਲਰਾਂ ਸਬੰਧੀ ਤਲਾਸ਼ ਮੁਹਿੰਮ ਦੌਰਾਨ ਸਰਵਿਸ ਲੇਨ ਨੇੜੇ ਮੰਦਾਕਨੀ ਫਾਰਮ ਜੀਟੀ ਰੋਡ ਫਗਵਾੜਾ ਜਲੰਧਰ ’ਤੇ ਮੌਜੂਦ ਸੀ। ਇਸ ਦੌਰਾਨ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ ਗਿਆ, ਜਿਸ ਨੇ ਆਪਣਾ ਨਾਮ ਸਾਗਰ ਬੱਬਰ ਵਾਸੀ ਦਸ਼ਮੇਸ਼ ਨਗਰ, ਮਾਡਲ ਹਾਊਸ ਜਲੰਧਰ ਦੱਸਿਆ। ਜਦ ਟੀਮ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 200 ਗ੍ਰਾਮ ਕੋਕੀਨ, 2 ਕਿੱਲੋਗ੍ਰਾਮ ਚਰਸ, 20 ਗ੍ਰਾਮ ਆਈਸ, 22 ਗ੍ਰਾਮ ਐੱਲਐੱਸਡੀ ਗੋਲੀਆਂ ਤੇ ਇਕ ਪਿਸਟਲ .32 ਬੋਰ ਬਰਾਮਦ ਕੀਤੇ ਗਏ। ਦੌਰਾਨੇ ਕਾਰਵਾਈ ਉਸ ਦੇ ਸਾਥੀ ਧਰਮਾਂਸ਼ੂ ਉਰਫ ਲਵ ਵਾਸੀ ਬਸਤੀ ਸ਼ੇਖ ਜਲੰਧਰ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਜਿਸ ਤੋਂ 5 ਗ੍ਰਾਮ ਕੋਕੀਨ ਤੇ ਇਕ ਰਿਵਾਲਵਰ .32 ਬੋਰ ਸਮੇਤ 5 ਰੌਂਦ ਮਿਲੇ। ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਥਾਣਾ ਰਾਮਾ ਮੰਡੀ ਵਿਖੇ ਦਰਜ ਕੀਤਾ ਗਿਆ ਹੈ।
ਮੁੱਢਲੀ ਪੁੱਛਗਿੱਛ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸਾਗਰ ਬੱਬਰ ਖਿਲਾਫ ਐੱਨਡੀਪੀਐੱਸ ਐਕਟ ਅਧੀਨ ਸੁੰਦਰ ਨਗਰ (ਹਿਮਾਚਲ ਪ੍ਰਦੇਸ਼) ਤੇ ਖਰੜ (ਮੋਹਾਲੀ) ’ਚ 2 ਮੁਕੱਦਮੇ ਪਹਿਲਾਂ ਤੋਂ ਦਰਜ ਹਨ, ਜਦਕਿ ਧਰਮਾਂਸ਼ੂ ਉਰਫ ਲਵ ਖ਼ਿਲਾਫ਼ ਵੀ ਥਾਣਾ ਕੁਰਾਲੀ, ਮੋਹਾਲੀ ’ਚ ਐੱਨਡੀਪੀਐੱਸ ਐਕਟ ਦਾ ਮੁਕੱਦਮਾ ਦਰਜ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪੁੱਛਗਿਛ ਦੌਰਾਨ ਇਨ੍ਹਾਂ ਦੇ ਨੈੱਟਵਰਕ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇਗੀ।