ਅੱਤਵਾਦੀਆਂ ਦੇ ਨੈੱਟਵਰਕ ’ਚ ਸਰਗਰਮ ਸਨ ਸੱਤ ਹੋਰ ਜਣੇ
ਆਰਡੀਐਕਸ ਮਾਮਲੇ ’ਚ ਦੋ ਗ੍ਰਿਫ਼ਤਾਰ, ਅੱਤਵਾਦੀਆਂ ਦੇ ਨੈੱਟਵਰਕ ’ਚ ਸੱਤ ਹੋਰ ਲੋਕ, ਸੀਆਈ ਟੀਮ ਕਰ ਰਹੀ ਭਾਲ
Publish Date: Mon, 17 Nov 2025 10:40 PM (IST)
Updated Date: Mon, 17 Nov 2025 10:43 PM (IST)

-ਫੋਨ ਰਿਕਾਰਡਾਂ ਤੇ ਸੀਸੀਟੀਵੀ ਫੁਟੇਜ ਰਾਹੀਂ ਨਵੇਂ ਲਿੰਕ ਮਿਲੇ, 15 ਲੋਕਾਂ ਤੋਂ ਪੁੱਛਗਿੱਛ ਕੀਤੀ -ਬੀਕੇਆਈ ਮਾਡਿਊਲ ਨੂੰ ਯੂਕੇ ਤੋਂ ਮਿਲ ਰਹੀਆਂ ਹਦਾਇਤਾਂ ਸੁਕਰਾਂਤ, ਜਾਗਰਣ, ਜਲੰਧਰ : ਬੀਤੇ 9 ਅਕਤੂਬਰ ਨੂੰ 2.5 ਕਿਲੋ ਆਰਡੀਐਕਸ ਸਮੇਤ ਫੜੇ ਗਏ ਦੋ ਸ਼ੱਕੀ ਅੱਤਵਾਦੀਆਂ ਦੇ ਕੇਸ ’ਚ ਜਾਂਚ ਲਗਾਤਾਰ ਡੂੰਘੀ ਹੁੰਦੀ ਜਾ ਰਹੀ ਹੈ। ਸੀਆਈ ਨੇ ਜਾਂਚ ’ਚ ਪਤਾ ਲਾਇਆ ਹੈ ਕਿ ਗ੍ਰਿਫ਼ਤਾਰ ਮੁੱਖ ਮੁਲਜ਼ਮਾਂ ਦੇ ਨੈੱਟਵਰਕ ’ਚ ਲਗਪਗ ਸੱਤ ਹੋਰ ਲੋਕ ਵੀ ਸਰਗਰਮ ਸਨ, ਜੋ ਆਰਡੀਐਕਸ ਦੀ ਸਪਲਾਈ ਤੇ ਮੂਵਮੈਂਟ ’ਚ ਮਦਦ ਕਰ ਰਹੇ ਸਨ। ਹਾਲਾਂਕਿ ਇਹ ਸਭ ਇਸ ਵੇਲੇ ਫਰਾਰ ਹਨ ਤੇ ਸੀਆਈ ਦੀਆਂ ਟੀਮਾਂ ਉਨਾਂ ਦੀ ਭਾਲੀ ’ਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ। ਜਾਣਕਾਰੀ ਮੁਤਾਬਕ ਸੀਆਈ ਹੁਣ ਤੱਕ ਕਰੀਬ 15 ਲੋਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਇਹ ਸਭ ਫੜੇ ਗਏ ਮੁਲਜ਼ਮਾਂ ਦੇ ਸੰਪਰਕ ’ਚ ਰਹੇ ਸਨ ਪਰ ਬਰਾਮਦਗੀ ਦੇ ਦਿਨ ਜਾਂ ਉਸ ਦੇ ਨੇੜੇ ਉਨ੍ਹਾਂ ਦੀ ਕਾਲ ਡਿਟੇਲ ਜਾਂ ਲੋਕੇਸ਼ਨ ’ਚ ਸਰਗਰਮੀ ਘੱਟ ਪਾਈ ਗਈ। ਕੁਝ ਲੋਕ ਤਾਂ ਗ੍ਰਿਫ਼ਤਾਰੀ ਦੀ ਭਿਣਕ ਲੱਗਦੇ ਹੀ ਗਾਇਬ ਹੋ ਗਏ। --- ਮੋਬਾਈਲ ਤੋਂ ਮਿਲੇ ਨੰਬਰ, ਦੋ ਲੋਕ ਲਗਾਤਾਰ ਸੰਪਰਕ ’ਚ ਦੋਵੇਂ ਗ੍ਰਿਫ਼ਤਾਰ ਮੁਲਜ਼ਮਾਂ ਦੇ ਮੋਬਾਈਲ ਫੋਨਾਂ ਤੋਂ ਕਈ ਨੰਬਰ ਮਿਲੇ ਹਨ ਜਿਨ੍ਹਾਂ ਨਾਲ ਉਹ ਗ੍ਰਿਫ਼ਤਾਰੀ ਤੋਂ ਕੁਝ ਦਿਨ ਪਹਿਲਾਂ ਤੱਕ ਲਗਾਤਾਰ ਸੰਪਰਕ ’ਚ ਸਨ। ਇਨਾਂ ’ਚੋਂ ਦੋ ਨੰਬਰ ਅਜਿਹੇ ਹਨ ਜੋ ਸਿੱਧੇ ਜਾਂ ਅਸਿੱਧੇ ਤੌਰ ’ਤੇ ਆਰਡੀਐਕਸ ਪਹੁੰਚਾਉਣ ’ਚ ਮੁਲਜ਼ਮਾਂ ਦੀ ਮਦਦ ਕਰ ਰਹੇ ਸਨ। ਇਨ੍ਹਾਂ ਦੋਵਾਂ ਦੀ ਪੂਰੀ ਤਰ੍ਹਾਂ ਪਛਾਣ ਹੋ ਚੁੱਕੀ ਹੈ ਪਰ ਫਰਾਰ ਹਨ ਤੇ ਆਪਣੀ ਲੋਕੇਸ਼ਨ ਵਾਰ-ਵਾਰ ਬਦਲ ਰਹੇ ਹਨ। ਫੋਨ ਰਿਕਾਰਡ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਸੱਤ ਲੋਕਾਂ ’ਤੇ ਹੁਣ ਸ਼ੱਕ ਹੈ, ਉਨ੍ਹਾਂ ’ਚੋਂ ਕੁਝ ਮੁਲਜ਼ਮਾਂ ਦੇ ਨੇੜਲੇ ਹਨ, ਜਦਕਿ ਕੁਝ ਸਪਲਾਈ ਚੇਨ ਨਾਲ ਜੁੜੇ ਏਜੰਟ ਮੰਨੇ ਜਾ ਰਹੇ ਹਨ। --- ਸੀਸੀਟੀਵੀ ’ਚ ਕੁਝ ਲੋਕ ਮੁਲਜ਼ਮਾਂ ਨੂੰ ਮਿਲਦੇ ਦਿਸੇ ਪੁਲਿਸ ਨੇ ਉਨ੍ਹਾਂ ਥਾਵਾਂ ਦੇ ਸੀਸੀਟੀਵੀ ਕੈਮਰੇ ਖੰਗਾਲੇ ਹਨ ਜਿੱਥੇ ਮੁਲਜ਼ਮ ਫੜੇ ਜਾਣ ਤੋਂ ਪਹਿਲਾਂ ਆਏ-ਗਏ ਸਨ। ਫੁਟੇਜ ’ਚ ਦੋ–ਤਿੰਨ ਸੰਦੇਹੀ ਵਿਅਕਤੀ ਮੁਲਜ਼ਮਾਂ ਨਾਲ ਗੱਲਬਾਤ ਕਰਦੇ ਦਿਸੇ ਹਨ। ਹੁਣ ਸੀਆਈ ਇਨ੍ਹਾਂ ਦੀ ਪਛਾਣ ਤੇ ਮੂਵਮੈਂਟ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਹ ਗਰੁੱਪ ਮਿਲ ਕੇ ਆਰਡੀਐਕਸ ਦੀ ਸਪਲਾਈ ਚੇਨ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਿਹਾ ਸੀ। --- ਬੀਕੇਆਈ ਦਾ ਐਕਟਿਵ ਮੋਡੀਊਲ, ਰਿੰਦਾ ਦੇ ਨਜ਼ਦੀਕੀ ਬੈਠੇ ਸਨ ਯੂਕੇ ’ਚ ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਇਹ ਪੂਰਾ ਮੋਡੀਊਲ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਹੋਇਆ ਸੀ। ਇਹ ਨੈੱਟਵਰਕ ਹਰਵਿੰਦਰ ਰਿੰਦਾ ਦੇ ਯੂਕੇ ’ਚ ਬੈਠੇ ਸਾਥੀਆਂ ਨਿਸ਼ਾਨ ਜੋੜੀਆ ਤੇ ਆਦੇਸ਼ ਜਮਰਾਏ ਵੱਲੋਂ ਚਲਾਇਆ ਜਾ ਰਿਹਾ ਸੀ। ਦੋਵੇਂ ਇਸ ਸਮੇਂ ਵਿਦੇਸ਼ ’ਚ ਬੈਠੇ ਪਾਕਿਸਤਾਨ-ਸਮਰਥਿਤ ਨੈੱਟਵਰਕ ਤੋਂ ਪੰਜਾਬ ’ਚ ਅੱਤਵਾਦ ਨੂੰ ਵਧਾਉਣ ’ਚ ਸ਼ਾਮਲ ਮੰਨੇ ਜਾ ਰਹੇ ਹਨ। --- ਪੁਰਾਣਾ ਰਿਕਾਰਡ ਖੋਲ੍ਹਿਆ, ਨੈੱਟਵਰਕ ਦੇ ਕਈ ਸੂਬਿਆਂ ਨਾਲ ਜੁੜੇ ਹੋਣ ਦਾ ਸ਼ੱਕ ਸੀਆਈ ਨੂੰ ਸ਼ੱਕ ਹੈ ਕਿ ਇਹ ਨੈੱਟਵਰਕ ਸਿਰਫ ਜਲੰਧਰ ਤੱਕ ਸੀਮਤ ਨਹੀਂ। ਮੋਬਾਈਲ ਲੋਕੇਸ਼ਨ ਤੇ ਮੂਵਮੈਂਟ ਪੈਟਰਨ ਤੋਂ ਪਤਾ ਲੱਗ ਰਿਹਾ ਹੈ ਕਿ ਇਸ ਦੀਆਂ ਕੜੀਆਂ ਹਰਿਆਣਾ, ਦਿੱਲੀ ਤੇ ਰਾਜਸਥਾਨ ਤੱਕ ਹੋ ਸਕਦੀਆਂ ਹਨ। ਹੁਣ ਆਰਡੀਐਕਸ ਦੇ ਸਰੋਤ, ਉਸ ਦੀ ਟਰਾਂਸਪੋਰਟ ਚੇਨ ਤੇ ਡਲਿਵਰੀ ਪੁਆਇੰਟ ਦੀ ਵੀ ਜਾਂਚ ਹੋ ਰਹੀ ਹੈ। --- ਦਿੱਲੀ ਤੇ ਹਰਿਆਣਾ ਪੁਲਿਸ ਨਾਲ ਕਰ ਰਹੀਆਂ ਸਾਂਝੀ ਜਾਂਚ ਮੋਡੀਊਲ ਦਾ ਪੂਰੀ ਜਾਣਕਾਰੀ ਹਾਸਲ ਕਰਨਲਈ ਹੁਣ ਸੀਆਈ ਦੀਆਂ ਟੀਮਾਂ ਦਿੱਲੀ ਤੇ ਹਰਿਆਣਾ ਪੁਲਿਸ ਦੇ ਨਾਲ ਮਿਲ ਕੇ ਜਾਂਚ ਕਰ ਰਹੀਆਂ ਹਨ। ਸੀਸੀਟੀਵੀ, ਲੋਕੇਸ਼ਨ ਟ੍ਰੇਸਿੰਗ ਤੇ ਵਿਦੇਸ਼ੀ ਨੈੱਟਵਰਕ ਤੋਂ ਇਨਪੁੱਟ ਇਕੱਠੇ ਕੀਤੇ ਜਾ ਰਹੇ ਹਨ। ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ।