ਗੁਰੂ ਪਰੰਪਰਾ ਦੀ ਮਹਾਨਤਾ ਤੇ ਸਿੱਖੀ ਦੇ ਮੂਲ ਸਿਧਾਂਤ ਦੱਸੇ
ਸ੍ਰੀ ਗੁਰੂ ਨਾਨਕ ਪਬਲਿਕ ਸਕੂਲ ’ਚ ਚਾਰ ਸਾਹਿਬਜ਼ਾਦਿਆਂ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
Publish Date: Sat, 20 Dec 2025 09:02 PM (IST)
Updated Date: Sat, 20 Dec 2025 09:04 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਿੱਖ ਇਤਿਹਾਸ ਦੀ ਅਮਰ ਵਿਰਾਸਤ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਵਸ ਮਨਾਇਆ ਗਿਆ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਕਵਿਤਾਵਾਂ, ਸ਼ਬਦ ਕੀਰਤਨ, ਸੰਵਾਦ ਤੇ ਵਿਚਾਰਾਤਮਕ ਲੈਕਚਰਾਂ ਰਾਹੀਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਅਟੱਲ ਆਸਥਾ, ਅਡਿੱਗ ਹੌਂਸਲੇ ਤੇ ਧਰਮ ਲਈ ਦਿੱਤੀ ਅਮਰ ਕੁਰਬਾਨੀ ਨੂੰ ਦਿਲ ਛੂਹਣ ਵਾਲੇ ਅੰਦਾਜ਼ ’ਚ ਪੇਸ਼ ਕੀਤਾ। ਪ੍ਰੋਗਰਾਮ ਨੇ ਸਾਰੇ ਦਰਸ਼ਕਾਂ ਦੇ ਮਨਾਂ ’ਚ ਗੁਰੂ ਪਰੰਪਰਾ ਦੀ ਮਹਾਨਤਾ ਤੇ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਨਵੀਂ ਰੋਸ਼ਨੀ ’ਚ ਉਜਾਗਰ ਕੀਤਾ। ਇਸ ਮੌਕੇ ’ਤੇ ਸਕੂਲ ਦੀ ਕੰਟਰੋਲਰ ਚਰਨਜੀਤ ਕੌਰ ਨੇ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੇਵਲ ਇਤਿਹਾਸ ਨਹੀਂ, ਸਗੋਂ ਮਨੁੱਖਤਾ ਲਈ ਸਦਾ ਕਾਇਮ ਰਹਿਣ ਵਾਲਾ ਪ੍ਰੇਰਣਾਸ੍ਰੋਤ ਹੈ। ਪ੍ਰਿੰਸੀਪਲ ਜਗਜੀਤ ਸਿੰਘ ਨੇ ਕਿਹਾ ਕਿ ਚਾਰ ਸਾਹਿਬਜ਼ਾਦਿਆਂ ਦਾ ਬਲਿਦਾਨ ਸਿੱਖ ਇਤਿਹਾਸ ਦੀ ਅਮੁੱਲ ਧਰੋਹਰ ਹੈ, ਜੋ ਨੌਜਵਾਨ ਪੀੜ੍ਹੀ ਨੂੰ ਨਿਡਰਤਾ, ਸੇਵਾ, ਤਿਆਗ ਤੇ ਨਿਸ਼ਕਾਮ ਜੀਵਨ ਜੀਉਣ ਦੀ ਪ੍ਰੇਰਣਾ ਦਿੰਦਾ ਹੈ।