AAP ਸਰਪੰਚ ਦੀ ਸੜਕ ਹਾਦਸੇ 'ਚ ਮੌਤ, ਮੋਟਰਸਾਈਕਲ 'ਤੇ ਜਾਂਦਿਆਂ ਨੂੰ ਨਿੱਜੀ ਕਾਲਜ ਦੀ ਬੱਸ ਨੇ ਮਾਰੀ ਟੱਕਰ; ਭਤੀਜੀ ਦੀ ਹਾਲਤ ਗੰਭੀਰ
ਵਿਧਾਇਕ ਰਾਜਾ ਗਿੱਲ ਨੇ ਮ੍ਰਿਤਕ ਦੇ ਪਰਿਵਾਰ ਨੂੰ ਜ਼ਖ਼ਮੀ ਸੋਨਾਕਸ਼ੀ ਦੇ ਇਲਾਜ ਲਈ ਮਾਲੀ ਇਮਦਾਦ ਵੀ ਕੀਤੀ। ਟਾਂਡਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਕਬਜ਼ੇ 'ਚ ਲੈਣ ਤੋ ਬਾਅਦ ਨਿੱਜੀ ਕਾਲਜ ਦੀ ਬੱਸ ਕਾਬੂ ਕਰ ਕੇ ਬਸਤੀ ਬੋਹੜੀ ਚੌਂਕੀ ਬੰਦ ਕਰਕੇ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।
Publish Date: Wed, 27 May 2026 04:28 PM (IST)
Updated Date: Wed, 27 May 2026 05:05 PM (IST)
ਸੁਰਿੰਦਰ ਢਿੱਲੋਂ , ਪੰਜਾਬੀ ਜਾਗਰਣ ਟਾਂਡਾ ਉੜਮੁੜ : ਹਲਕਾ ਉੜਮੁੜ ਦੇ ਬਲਾਕ ਟਾਂਡਾ ਅਧੀਨ ਪੈਂਦੇ ਪਿੰਡ ਬਸਤੀ ਬੋਹੜਾਂ ਦੀ ਆਮ ਆਦਮੀ ਪਾਰਟੀ (AAP Punjab) ਦੀ ਮੌਜੂਦਾ ਮਹਿਲਾ ਸਰਪੰਚ ਦੀ ਪਤੀ ਨਾਲ ਮੋਟਰਸਾਈਕਲ 'ਤੇ ਜਾਂਦਿਆਂ ਨਿੱਜੀ ਕਾਲਜ ਬੱਸ ਨਾਲ ਟਕਰਾਉਣ ਕਾਰਨ ਮੌਕੇ 'ਤੇ ਮੌਤ ਹੋ ਗਈ ਜਦਕਿ ਉਸਦੀ ਭਤੀਜੀ ਗੰਭੀਰ ਰੂਪ 'ਚ ਜ਼ਖਮੀ ਹੈ। ਮ੍ਰਿਤਕ ਸਰਪੰਚ ਦੀ ਪਛਾਣ ਨਿਕਿਤਾ ਪਤਨੀ ਸੁਖਵਿੰਦਰ ਸਿੰਘ ਤੇ ਜ਼ਖ਼ਮੀ ਭਤੀਜੀ ਦੀ ਪਛਾਣ ਸੋਨਾਕਸ਼ੀ ਵਾਸੀ ਬਸਤੀ ਬੋਹੜਾਂ ਥਾਣਾ ਟਾਂਡਾ ਵਜੋਂ ਹੋਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕਾ ਦੇ ਪਤੀ ਸੁਖਵਿੰਦਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਹ ਆਪਣੀ ਪਤਨੀ ਤੇ ਭਤੀਜੀ ਸੋਨਾਕਸ਼ੀ ਨਾਲ ਮੋਟਰਸਾਈਕਲ 'ਤੇ ਪਿੰਡ ਬਸਤੀ ਬੋਹੜਾਂ ਤੋਂ ਪਿੰਡ ਜਲਾਲਪੁਰ ਨੂੰ ਕਿਸੇ ਨਿੱਜੀ ਕੰਮ ਲਈ ਜਾ ਰਹੇ ਸਨ। ਜਦੋਂ ਉਹ ਡਿਪਸ ਕਾਲਜ ਸਾਹਮਣੇ ਪਹੁੰਚੇ ਤਾਂ ਅਚਾਨਕ ਬੇਗੋਵਾਲ ਵੱਲੋਂ ਆ ਰਹੀ ਕਾਲਜ ਬੱਸ ਨੇ ਮੋੜ ਕੱਟ ਲਿਆ ਜਿਸ ਕਾਰਨ ਮੋਟਰਸਾਈਕਲ ਬੱਸ ਨਾਲ ਜਾ ਟਕਰਾਇਆ। ਹਾਦਸੇ 'ਚ ਨਿਕਿਤਾ ਤੇ ਸੋਨਾਕਸ਼ੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ ਪਰ ਮੋਟਰਸਾਈਕਲ ਚਾਲਕ ਸੁਖਵਿੰਦਰ ਸਿੰਘ ਦੇ ਮਮੂਲੀ ਸੱਟਾਂ ਲੱਗੀਆਂ।
ਮੌਕੇ 'ਤੇ ਬਸਤੀ ਬੋਹੜਾਂ ਚੌਕੀ ਇੰਚਾਰਜ ਰਾਜਵਿੰਦਰ ਸਿੰਘ ਨੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆਂ ਜਿੱਥੇ ਡਾਕਟਰਾਂ ਨੇ ਨਿਕਿਤਾ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਸੋਨਾਕਸ਼ੀ ਹਸਪਤਾਲ ਵਿਖੇ ਜ਼ੇਰੇ ਇਲਾਜ ਹੈ। ਨਿਕਿਤਾ ਦੀਆਂ ਤਿੰਨ ਬੇਟੀਆਂ ਹਨ ਜੋ ਅਜੇ ਬਹੁਤ ਛੋਟੀਆਂ ਹਨ। ਇਸ ਹਾਦਸੇ ਬਾਰੇ ਪਤਾ ਲੱਗਣ 'ਤੇ ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਗਿੱਲ ਮੌਕੇ 'ਤੇ ਹਸਪਤਾਲ ਪਹੁੰਚੇ ਤੇ ਸੋਨਾਕਸ਼ੀ ਦੀ ਹਾਲਤ ਦਾ ਜਾਇਜ਼ਾ ਲੈਣ ਤੋਂ ਬਾਅਦ ਮ੍ਰਿਤਕ ਸਰਪੰਚ ਨਿਕਿਤਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਵਿਧਾਇਕ ਰਾਜਾ ਗਿੱਲ ਨੇ ਮ੍ਰਿਤਕ ਦੇ ਪਰਿਵਾਰ ਨੂੰ ਜ਼ਖ਼ਮੀ ਸੋਨਾਕਸ਼ੀ ਦੇ ਇਲਾਜ ਲਈ ਮਾਲੀ ਇਮਦਾਦ ਵੀ ਕੀਤੀ। ਟਾਂਡਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਕਬਜ਼ੇ 'ਚ ਲੈਣ ਤੋ ਬਾਅਦ ਨਿੱਜੀ ਕਾਲਜ ਦੀ ਬੱਸ ਕਾਬੂ ਕਰ ਕੇ ਬਸਤੀ ਬੋਹੜੀ ਚੌਂਕੀ ਬੰਦ ਕਰਕੇ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।