ਦੁਕਾਨ ਚੋਂ ਚੋਰੀ ਕਰਨ ਦਾ ਵਿਰੋਧ ਕਰਨ ਤੇ ਵਿਅਕਤੀ ਦੀ ਹੱਤਿਆ ਕਰਕੇ ਭੱਜੇ ਚੋਰ

ਤਸਵੀਰਾਂ ਹਿੰਦੀ ਤੋਂ ਚੈੱਕ ਕਰ ਲੈਣਾ------------------
- ਲਾਸ਼ ਨੂੰ ਦੁਕਾਨ ਦੇ ਕਮਰੇ ’ਚ ਲੁਕਾ ਗਏ ਮੁਲਜ਼ਮ
- ਚੋਰੀ ਦੀ ਕਾਰ ’ਚ ਹੋਏ ਹਾਦਸੇ ਦਾ ਸ਼ਿਕਾਰ, ਅੰਬਾਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ
ਜਲੰਧਰ : ਬਸਤੀ ਨੌ ਵਿਖੇ ਚੱਲ ਰਹੀ ‘ਸੰਨ ਫਲਾਈ’ ਸਪੋਰਟਸ ਨਾਂਅ ਦੀ ਦੁਕਾਨ ਤੋਂ ਬੀਤੀ ਰਾਤ 8.50 ਲੱਖ ਰੁਪਏ ਦੀ ਨਕਦੀ ਤੇ ਕਾਰ ਚੋਰੀ ਕਰਨ ਵਾਲਿਆਂ ਨੇ ਵਾਰਦਾਤ ਦਾ ਵਿਰੋਧ ਕਰਨ ਵਾਲੇ ਵਿਅਕਤੀ ਦੀ ਹੱਤਿਆ ਕਰ ਦਿਤੀ। ਵਾਰਦਾਤ ਮਗਰੋਂ ਭੱਜਦੇ ਮੁਲਜ਼ਮਾਂ ਨੂੰ ਪੇਸ਼ ਆਏ ਸੜਕ ਹਾਦਸੇ ਪਿੱਛੋਂ ਅੰਬਾਲਾ ਪੁਲਿਸ ਨੇ ਕਾਬੂ ਕਰ ਲਿਆ ਤੇ ਜਾਂਚ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਸੂਚਨਾ ਦੇ ਦਿੱਤੀ। ਮ੍ਰਿਤਕ ਦੀ ਪਛਾਣ ਮੁਲਾਜ਼ਮ ਅਮਰਜੀਤ ਸਿੰਘ (65) ਵਾਸੀ ਆਦਮਪੁਰ ਵਜੋਂ ਦਸੀ ਗਈ ਹੈ।
ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਧਰਮਵੀਰ ਗੁਪਤਾ ਦੀ ਪਤਨੀ ਮਧੂ ਗੁਪਤਾ ਨੇ ਦੱਸਿਆ ਕਿ ਵੀਰਵਾਰ ਸਵੇਰੇ ੳਨ੍ਹਾਂ ਨੂੰ ਅੰਬਾਲਾ ਪੁਲਿਸ ਦਾ ਫੋਨ ਆਇਆ ਕਿ ੳਨਾ ਦੀ ਕਾਰ ਦੀ ਕਿਸੇ ਵਾਹਨ ਨਾਲ ਟੱਕਰ ਹੋ ਗਈ ਹੈ, ਜੋ ਕਿ ਦੋ ਵਿਅਕਤੀ ਦੁਕਾਨ ’ਚੋਂ ਚੋਰੀ ਕਰਨ ਤੋਂ ਬਾਅਦ ਲੈ ਕੇ ਜਾ ਰਹੇ ਸਨ। ਉਸ ਦਾ ਪਤੀ ਤੁਰੰਤ ਅੰਬਾਲਾ ਲਈ ਰਵਾਨਾ ਹੋ ਗਿਆ। ਉਸ ਨੇ ਦੁਕਾਨ ’ਤੇ ਆ ਕੇ ਦੇਖਿਆ ਤਾਂ ਪਿਛਲਾ ਸ਼ਟਰ ਟੁੱਟਾ ਹੋਇਆ ਸੀ, ਜਦੋਂ ਉਨ੍ਹਾਂ ਅੰਦਰ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੁਕਾਨ ਅੰਦਰੋ ਸੀਸੀਟੀਵੀ ਕੈਮਰੇ ਗਾਇਬ ਹਨ ਤੇ ਗੱਲਾ ਵੀ ਟੁੱਟਾ ਹੋਇਆ ਹੈ। ਮਧੂ ਗੁਪਤਾ ਨੇ ਦੱਸਿਆ ਕਿ ਉਸ ਦੇ ਪਤੀ ਨੇ ਕਿਸੇ ਪਾਰਟੀ ਦੀ ਪੇਮੈਂਟ ਦੇਣੀ ਸੀ, ਜਿਸ ਕਰ ਕੇ ਗੱਲੇ ’ਚ 8.50 ਲੱਖ ਰੁਪਏ ਰੱਖੇ ਹੋਏ ਸਨ, ਜਾਂਚ ਦੌਰਾਨ ਪਤਾ ਲਗਾ ਕਿ ਗੱਲੇ ’ਚੋਂ ਪੈਸੇ ਗਾਇਬ ਹਨ। ਉਨ੍ਹਾਂ ਦੇਖਿਆ ਕਿ ਦੁਕਾਨ ਨੇੜੇ ਖੜ੍ਹੀ ਉਨ੍ਹਾਂ ਦੀ ਕਾਰ ਵੀ ਗਾਇਬ ਹੈ। ਜਾਂਚ ਦੌਰਾਨ ਦੁਕਾਨ ਦੀ ਛਤ ’ਤੇ ਡੁੱਲਿਆ ਖ਼ੂਨ ਵੀ ਦੇਖਿਆ ਗਿਆ, ਜਿਸ ਤੋਂ ਲੱਗ ਰਿਹਾ ਸੀ ਕਿ ਚੋਰੀ ਕਰਨ ਵਾਲਿਆਂ ਦੀ ਦੁਕਾਨ ’ਤੇ ਰਹਿੰਦੇ ਅਮਰਜੀਤ ਸਿੰਘ ਨਾਲ ਝੜਪ ਹੋਈ ਹੈ, ਕਿਉਂਕਿ ਉਨ੍ਹਾਂ ਨੂੰ ਮੁਲਾਜ਼ਮ ਅਮਰਜੀਤ ਸਿੰਘ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ। ਵਾਰਦਾਤ ਸਬੰਧੀ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਮਧੂ ਗੁਪਤਾ ਨੇ ਜਾਣਕਾਰੀ ਦਿਤੀ ਕਿ ਜਦੋਂ ਉਨ੍ਹਾਂ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੇ ਪਛਾਣ ਲੁਕਾੳਣ ਲਈ ਆਪਣੇ ’ਤੇ ਬੋਰੀ ਪਾਈ ਹੋਈ ਸੀ, ਜਿਸ ਦੇ ਪੈਰ ਨਜ਼ਰ ਆ ਰਹੇ ਸਨ ਤੇ ਉਨ੍ਹਾਂ ਤੋਂ ਉਹ ਦੁਕਾਨ ’ਚ ਕੰਮ ਕਰਨ ਵਾਲਾ ਸੋਨੂੰ ਲੱਗ ਰਿਹਾ ਸੀ। ਪੀੜਤਾ ਨੇ ਦੱਸਿਆ ਕਿ ਸੋਨੂੰ ਉਨ੍ਹਾਂ ਕੋਲ ਪਿਛਲੇ ਕੁਝ ਸਾਲਾਂ ਤੋਂ ਕੰਮ ਕਰ ਰਿਹਾ ਸੀ, ਜੋ ਕਈ ਵਾਰ ਕੰਮ ਛੱਡ ਗਿਆ ਤੇ ਬਾਅਦ ’ਚ ਉਸ ਦੇ ਪਿਤਾ ਦੇ ਕਹਿਣ ’ਤੇ ਉਨ੍ਹਾਂ ਦੋਬਾਰਾ ਉਸ ਨੂੰ ਕੰਮ ’ਤੇ ਰੱਖ ਲਿਆ ਸੀ।
ਮੌਕੇ ’ਤੇ ਪਹੁੰਚੇ ਏਡੀਸੀਪੀ (ਸਿਟੀ-2) ਹਰਿੰਦਰ ਸਿੰਘ ਗਿੱਲ ਨੇ ਜਾਣਕਾਰੀ ਦਿੱਤੀ ਕਿ ਅੰਬਾਲਾ ਪੁਲਿਸ ਨੇ ਉਨ੍ਹਾਂ ਨਾਲ ਸੰਪਰਕ ਕਰ ਕੇ ਦੱਸਿਆ ਕਿ ਦੇਰ ਰਾਤ ਦੋ ਵਿਅਕਤੀਆਂ ਦੀ ਗੱਡੀ ਦੀ ਟੱਕਰ ਹੋ ਗਈ ਸੀ। ਜਦੋਂ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤਾਂ ਪਤਾ ਲੱਗਾ ਕਿ ਉਨ੍ਹਾਂ ਵਿਅਕਤੀਆਂ ਦੇ ਕੱਪੜਿਆਂ ’ਤੇ ਖੂਨ ਦੇ ਦਾਗ਼ ਲੱਗੇ ਹੋਏ ਸਨ। ਉਨ੍ਹਾਂ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਹ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਅਮਰਜੀਤ ਸਿੰਘ ਦੀ ਹੱਤਿਆ ਕਰ ਕੇ ਆਏ ਹਨ ਤੇ ਲਾਸ਼ ਦੁਕਾਨ ’ਤੇ ਬਣੇ ਕਮਰੇ ’ਚ ਲੁਕੋ ਆਏ ਹਨ। ਏਡੀਸੀਪੀ ਨੇ ਕਿਹਾ ਕਿ ਮ੍ਰਿਤਕ ਦੇਹ ਬਰਾਮਦ ਕਰਨ ਤੋਂ ਬਾਅਦ ਪੋਸਟਮਾਰਟਮ ਕਰਵਾੳਣ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ ਅਤੇ ਮੁਲਜ਼ਮਾਂ ਨੂੰ ਅੰਬਾਲਾ ਤੋਂ ਲਿਆੳਣ ਲਈ ਪੁਲਿਸ ਪਾਰਟੀ ਭੇਜੀ ਗਈ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੇ ਜਲੰਧਰ ਪਹੁਚਣ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।