ਟੈਨ ਕਾਫੀ ਸ਼ਾਪ ’ਚ ਚੋਰੀ, ਚੋਰ ਕੈਮਰੇ ’ਚ ਕੈਦ
ਟੈਨ ਕਾਫੀ ਸ਼ਾਪ ਦੇ ਗੱਲੇ ’ਚੋਂ ਨਗਦੀ ਕੱਢਦਾ ਚੋਰ ਹੋਇਆ ਸੀਸੀਟੀਵੀ ਕੈਮਰੇ ’ਚ ਕੈਦ
Publish Date: Thu, 11 Dec 2025 07:04 PM (IST)
Updated Date: Thu, 11 Dec 2025 07:06 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਚੋਰਾਂ ਦੇ ਹੌਸਲੇ ਇਸ ਵੇਲੇ ਇੰਨੇ ਬੁਲੰਦ ਹਨ ਕਿ ਉਹ ਰਾਤ ਤਾਂ ਕੀ ਦਿਨ ਵੇਲੇ ਵੀ ਚੋਰੀ ਕਰਨ ਲੱਗਿਆ ਨਹੀਂ ਡਰਦੇ। ਇਸ ਦੀ ਤਾਜ਼ਾ ਮਿਸਾਲ ਵੀਰਵਾਰ ਸਵੇਰੇ ਉਸ ਵੇਲੇ ਦੇਖਣ ਨੂੰ ਮਿਲੀ ਜਦ ਇਕ ਨਿਰਮਾਣ ਅਧੀਨ ਇਮਾਰਤ ਦੀ ਕੰਧ ਟੱਪ ਕੇ ਮਾਡਲ ਟਾਊਨ ’ਚ ਸਥਿਤ ਇਕ ਕਾਫੀ ਸ਼ਾਪ ’ਚ ਦਾਖਲ ਹੋ ਕੇ ਚੋਰ ਨੇ ਗੱਲੇ ’ਚੋਂ ਹਜ਼ਾਰਾਂ ਰੁਪਏ ਦੀ ਨਗਦੀ ਕੱਢ ਲਈ ਤੇ ਆਰਾਮ ਨਾਲ ਮੌਕੇ ਤੋਂ ਫਰਾਰ ਹੋ ਗਿਆ। ਉਕਤ ਸਾਰੀ ਘਟਨਾ ਕਾਫੀ ਸ਼ਾਪ ’ਚ ਲੱਗੇ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੈਨ ਕਾਫੀ ਸ਼ਾਪ ਦੇ ਮੈਨੇਜਰ ਚਿਰਾਗ ਨੇ ਦੱਸਿਆ ਕਿ ਬੁੱਧਵਾਰ ਰਾਤ 10 ਵਜੇ ਉਹ ਆਪਣੀ ਕਾਫੀ ਸ਼ਾਪ ਬੰਦ ਕਰਕੇ ਘਰ ਚਲੇ ਗਏ ਸਨ। ਵੀਰਵਾਰ ਸਵੇਰੇ 10 ਵਜੇ ਦੇ ਕਰੀਬ ਜਦ ਉਨ੍ਹਾਂ ਦਾ ਸਟਾਫ ਕਾਫੀ ਸ਼ਾਪ ਪਹੁੰਚਿਆ ਤਾਂ ਅੰਦਰ ਦੇ ਹਾਲਾਤ ਦੇਖ ਕੇ ਦੰਗ ਰਹਿ ਗਿਆ, ਕਿਉਂਕਿ ਅੰਦਰ ਸਾਰਾ ਸਾਮਾਨ ਖਿਲੜਿਆ ਪਿਆ ਸੀ। ਦਰਾਜ ਟੁੱਟਾ ਪਿਆ ਸੀ ਤੇ ਦਰਾਜ ’ਚ ਪਈ 35 ਤੋਂ 40 ਹਜ਼ਾਰ ਰੁਪਏ ਤੱਕ ਦੀ ਨਗਦੀ ਗਾਇਬ ਸੀ। ਜਦ ਉਨ੍ਹਾਂ ਕਾਫੀ ਸ਼ਾਪ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਉਸ ’ਚ ਪਤਾ ਲੱਗਾ ਕਿ ਸਵੇਰੇ 7.58 ਮਿੰਟ ’ਤੇ ਇਕ ਨੌਜਵਾਨ ਨਾਲ ਬਣ ਰਹੀ ਇਮਾਰਤ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਇਆ ਤੇ ਬਹੁਤ ਆਰਾਮ ਨਾਲ ਉਸਨੇ ਗੱਲੇ ਦਾ ਤਾਲਾ ਤੋੜਿਆ ਤੇ ਉਸ ’ਚ ਪਈ ਨਗਦੀ ਇਕ ਕੱਪੜੇ ’ਚ ਲਪੇਟ ਕੇ ਪਾ ਲਈ। ਉਸ ਨੌਜਵਾਨ ਦੇ ਹੱਥ ’ਤੇ ਇਕ ਗਰਮ ਪੱਟੀ ਬੰਨੀ ਹੋਈ ਸੀ। ਉਹ ਨਗਦੀ ਕੱਢਣ ਤੋਂ ਬਾਅਦ ਮੌਕੇ ਤੋਂ ਆਰਾਮ ਨਾਲ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ ਛੇ ਦੇ ਏਐੱਸਆਈ ਸਤਪਾਲ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਚੋਰ ਤੱਕ ਪਹੁੰਚਣ ਦੀ ਕੋਸ਼ਿਸ਼ ’ਚ ਲੱਗ ਗਏ। ਮੌਕੇ ’ਤੇ ਪਹੁੰਚੇ ਮਾਡਲ ਟਾਊਨ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਰਾਜੀਵ ਦੁਗਲ ਨੇ ਮਾਡਲ ਟਾਊਨ ’ਚ ਹੋਈ ਇਸ ਚੋਰੀ ਦੀ ਘਟਨਾ ਤੇ ਰੋਸ ਜਤਾਉਂਦੇ ਹੋਏ ਕਿਹਾ ਹੈ ਕਿ ਜੇਕਰ ਮਾਡਲ ਟਾਊਨ ਵਰਗਾ ਪਾਸ਼ ਇਲਾਕਾ ਵੀ ਸੁਰੱਖਿਤ ਨਹੀਂ ਤਾਂ ਸ਼ਹਿਰ ਦਾ ਮਾਲਕ ਹੀ ਰਾਖਾ ਹੈ। ਉਨ੍ਹਾਂ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਇਲਾਕੇ ’ਚ ਪੀਸੀਆਰ ਦੀ ਗਸ਼ਤ ਵਧਾਈ ਜਾਵੇ।