ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਅੱਠ ਗੈਰਕਾਨੂੰਨੀ ਪਿਸਤੌਲ, 45 ਅਣਚੱਲੇ ਕਾਰਤੂਸ ਤੇ ਇਕ ਸਿਲਵਰ ਰੰਗ ਦੀ ਸਵਿਫਟ ਕਾਰ ਬਰਾਮਦ ਕੀਤੀ ਸੀ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਰਾਮਦ ਹਥਿਆਰ ਜਲੰਧਰ ਅਤੇ ਅੰਮ੍ਰਿਤਸਰ ਦੇ ਨੈੱਟਵਰਕ ਰਾਹੀਂ ਮੁਲਜ਼ਮਾਂ ਤੱਕ ਪਹੁੰਚਾਏ ਗਏ ਸੀ।

ਜਾਗਰਣ ਸੰਵਾਦਦਾਤਾ, ਜਲੰਧਰ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਗੈਂਗਸਟਰ ਗੋਲਡੀ ਬਰਾੜ ਗੈਂਗ ਦੇ ਚਾਰ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਕੇ ਜਲੰਧਰ ਵਿਚ ਹੋਣ ਵਾਲੀ ਗੈਂਗਵਾਰ ਤੇ ਦੋ ਹੱਤਿਆਵਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੋ ਦਿਨਾਂ ਅੰਦਰ ਦੋ ਵੱਖ ਵੱਖ ਮਰਡਰ ਕਰਨ ਦੀ ਤਿਆਰੀ ਵਿਚ ਸਨ। ਇਸ ਲਈ ਉਨ੍ਹਾਂ ਨੇ ਟਾਰਗੇਟ ਤੈਅ ਕਰ ਲਏ ਸਨ ਤੇ ਸਬੰਧਤ ਇਲਾਕਿਆਂ ਦੀ ਰੇਕੀ ਵੀ ਪੂਰੀ ਕਰ ਲਈ ਸੀ। ਪੁਲਿਸ ਨੂੰ ਸ਼ੱਕ ਹੈ ਕਿ ਪੂਰੀ ਸਾਜ਼ਿਸ਼ ਗੋਲਡੀ ਬਰਾੜ ਦੇ ਇਸ਼ਾਰੇ ’ਤੇ ਰਚੀ ਜਾ ਰਹੀ ਸੀ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਅੱਠ ਗੈਰਕਾਨੂੰਨੀ ਪਿਸਤੌਲ, 45 ਅਣਚੱਲੇ ਕਾਰਤੂਸ ਤੇ ਇਕ ਸਿਲਵਰ ਰੰਗ ਦੀ ਸਵਿਫਟ ਕਾਰ ਬਰਾਮਦ ਕੀਤੀ ਸੀ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਬਰਾਮਦ ਹਥਿਆਰ ਜਲੰਧਰ ਅਤੇ ਅੰਮ੍ਰਿਤਸਰ ਦੇ ਨੈੱਟਵਰਕ ਰਾਹੀਂ ਮੁਲਜ਼ਮਾਂ ਤੱਕ ਪਹੁੰਚਾਏ ਗਏ ਸੀ। ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਥਿਆਰ ਸਪਲਾਈ ਕਰਨ ਵਾਲੇ ਕੌਣ ਲੋਕ ਸਨ ਤੇ ਉਨ੍ਹਾਂ ਦਾ ਗੈਂਗ ਨਾਲ ਕੀ ਸਬੰਧ ਹੈ।
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਟੀਮ ਨੇ ਇਹ ਕਾਰਵਾਈ ਕੀਤੀ ਹੈ। ਪੁਲਿਸ ਨੇ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਬਦਮਾਸ਼ ਵੱਡੀ ਮਾਤਰਾ ਵਿਚ ਹਥਿਆਰ ਲੈ ਕੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਘੁੰਮ ਰਹੇ ਹਨ। ਸੂਚਨਾ ਦੇ ਅਧਾਰ ’ਤੇ ਪੁਲਿਸ ਨੇ ਕੈਂਟ ਰੋਡ ਸਥਿਤ ਸ਼ਮਸ਼ਾਨਘਾਟ ਦੇ ਕੋਲ ਜਮਸ਼ੇਰ ਡੇਅਰਿਆਂ ਤੋਂ ਅਰਬਨ ਅਸਟੇਟ ਫੇਜ-2 ਜਾਣ ਵਾਲੇ ਰਸਤਿਆਂ ’ਤੇ ਨਾਕਾਬੰਦੀ ਕਰ ਕੇ ਚੈਕਿੰਗ ਸ਼ੁਰੂ ਕੀਤੀ। ਇਸੇ ਦੌਰਾਨ ਸਿਲਵਰ ਰੰਗ ਦੀ ਸਵਿਫਟ ਕਾਰ ਵਿਚ ਸਵਾਰ ਚਾਰ ਨੌਜਵਾਨਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ। ਤਲਾਸ਼ੀ ਦੇ ਦੌਰਾਨ ਕਾਰ ਵਿਚੋਂ ਅੱਠ ਪਿਸਤੌਲ ਤੇ 45 ਕਾਰਤੂਸ ਬਰਾਮਦ ਹੋਏ। ਪੁਲਿਸ ਨੇ ਤੁਰੰਤ ਚਾਰਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਸੁਖਵੰਤ ਸਿੰਘ ਉਰਫ ਸੁੱਖਾ ਸ਼ੇਖੋਂ ਨਿਵਾਸੀ ਪਿੰਡ ਧੀਰਪੁਰ ਕਰਤਾਰਪੁਰ, ਜੁਗਰਾਜ ਸਿੰਘ ਨਿਵਾਸੀ ਪਿੰਡ ਧੀਰਪੁਰ ਕਰਤਾਰਪੁਰ, ਗੁਰਪ੍ਰੀਤ ਸਿੰਘ ਨਿਵਾਸੀ ਮੱਲੀਆਂ ਲੋਹੀਆਂ ਤੇ ਨੀਰਜ ਨਿਵਾਸੀ ਬਾਜੀਗਰ, ਮੁਹੱਲਾ ਰਾਮਾਮੰਡੀ ਦੇ ਰੂਪ ਵਿਚ ਹੋਈ ਸੀ
ਗੋਲਡੀ ਬਰਾੜ ਦੇ ਸਿੱਧੇ ਸੰਪਰਕ ਵਿਚ ਸੀ ਸੁਖਵੰਤ
ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਸੁਖਵੰਤ ਸਿੰਘ ਸਿੱਧੇ ਗੋਲਡੀ ਬਰਾੜ ਦੇ ਸੰਪਰਕ ਵਿਚ ਸੀ। ਉਹ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਫਿਰੌਤੀ, ਫਾਇਰਿੰਗ ਤੇ ਹੱਤਿਆ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮਾਂ ਦੇ ਸਬੰਧ ਵਿਦੇਸ਼ ਵਿਚ ਬੈਠੇ ਗੈਂਗਸਟਰਾਂ ਨਾਲ ਵੀ ਜੁੜੇ ਹੋਏ ਹਨ। ਇਸੇ ਐਂਗਲ ਨਾਲ ਉਨ੍ਹਾਂ ਦੇ ਮੋਬਾਈਲ ਫੋਨ, ਸੋਸ਼ਲ ਮੀਡੀਆ ਅਕਾਉਂਟ ਤੇ ਵਿੱਤੀ ਲੈਣਦੇਣ ਦੀ ਜਾਂਚ ਕੀਤੀ ਜਾ ਰਹੀ ਹੈ।
ਰਿਮਾਡ ’ਤੇ ਪੁੱਛਗਿੱਛ ਕਰ ਰਹੀ ਪੁਲਿਸ
ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਸੱਤ ਦਿਨ ਦਾ ਰਿਮਾਂਡ ਲਿਆ ਹੈ। ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਹੱਤਿਆ ਲਈ ਕਿਨ੍ਹਾਂ ਲੋਕਾਂ ਨੂੰ ਨਿਸ਼ਾਨਾਂ ਬਣਾਇਆ ਜਾਣਾ ਸੀ, ਗੈਂਗ ਦੇ ਹੋਰ ਮੈਂਬਰ ਕੌਣ ਹਨ ਤੇ ਹਾਲ ਹੀ ਵਿਚ ਹੋਈਆਂ ਕਿਹੜੀਆਂ ਵਾਰਦਾਤਾਂ ਵਿਚ ਇਨ੍ਹਾਂ ਦੀ ਹਿੱਸੇਦਾਰੀ ਹੈ।