ਅੱਜ ਮੀਂਹ ਪੈਣ ਦੀ ਸੰਭਾਵਨਾ, ਚੱਲਣਗੀਆਂ ਤੇਜ਼ ਹਵਾਵਾਂ
ਜਾਸ, ਜਲੰਧਰ : ਮੌਸਮ
Publish Date: Thu, 22 Jan 2026 09:15 PM (IST)
Updated Date: Thu, 22 Jan 2026 09:18 PM (IST)

ਜਾਸ, ਜਲੰਧਰ : ਮੌਸਮ ਵਿਭਾਗ ਨੇ ਇਕ ਹਫ਼ਤਾ ਪਹਿਲਾਂ ਹੀ 22 ਤੇ 23 ਜਨਵਰੀ ਨੂੰ ਮੀਂਹ, ਤੇਜ਼ ਹਵਾਵਾਂ ਤੇ ਗਰਜ ਨਾਲ ਛਿੱਟੇ ਪੈਣ ਲਈ ਅਲਰਟ ਜਾਰੀ ਕਰ ਦਿੱਤਾ ਸੀ। ਹਾਲਾਂਕਿ ਵੀਰਵਾਰ ਦੀ ਸਵੇਰ ਨੂੰ ਸੰਘਣੀ ਧੁੰਦ ਨਾਲ ਸ਼ੁਰੂਆਤ ਹੋਈ ਪਰ ਦਿਨ ਚੜ੍ਹਦਿਆਂ ਹੀ ਮੌਸਮ ਸਾਫ ਹੋ ਗਿਆ। ਦੁਪਹਿਰ ਵੇਲੇ ਤੇਜ਼ ਧੁੱਪ ਨਾਲ ਹਵਾਵਾਂ ਦੀ ਰਫ਼ਤਾਰ ਵੀ ਵਧਣ ਲੱਗੀ, ਨਾਲ ਹੀ ਕਾਲੇ ਬੱਦਲ ਵੀ ਕਈ ਵਾਰੀ ਦਿਖਾਈ ਦਿੱਤੇ ਪਰ ਰਾਤ ਵੇਲੇ ਮੌਸਮ ਖਰਾਬ ਹੋਣ ਲੱਗਾ ਸੀ। ਵਿਭਾਗ ਵੱਲੋਂ ਵੀ ਦੇਰ ਰਾਤ ਤੋਂ ਹੀ ਮੀਂਹ ਪੈਣ ਬਾਰੇ ਚਿਤਾਵਨੀ ਜਾਰੀ ਕੀਤੀ ਗਈ ਹੈ, ਇਸ ਮੁਤਾਬਕ 40 ਤੋਂ 50 ਕਿੱਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ। ਅਜਿਹੀ ਪੇਸ਼ੀਨਗੋਈ ਸ਼ੁੱਕਰਵਾਰ ਦੀ ਸਵੇਰ ਤੋਂ ਹੀ ਦਿੱਤੀ ਗਈ ਹੈ, ਜਿਸ ’ਚ ਗਰਜ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਜੇ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕਰੀਏ ਤਾਂ ਇਹ 22 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਹੈ, ਜਦਕਿ ਦੂਜੇ ਪਾਸੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹਵਾ ਦੀ ਗੁਣਵੱਤਾ ਦੇ ਸੂਚਕ ਅੰਕ ਦੀ ਗੱਲ ਕਰੀਏ ਤਾਂ ਵੱਧ ਤੋਂ ਵੱਧ 213, ਘੱਟੋ-ਘੱਟ 65 ਤੇ ਦਿਨ ਭਰ ਦੀ ਬਦਲਦੀ ਹਵਾ ਦੀ ਸਥਿਤੀ ਦੇ ਆਧਾਰ ’ਤੇ ਔਸਤ 114 ਦਰਜ ਕੀਤਾ ਗਿਆ ਹੈ। ਮੌਸਮ ਮਾਹਿਰ્ઞ ਡਾ. ਦਲਜੀਤ ਸਿੰਘ ਦਾ ਕਹਿਣਾ ਹੈ ਕਿ ਵੀਰਵਾਰ ਰਾਤ ਤੋਂ ਹੀ ਮੌਸਮ ਖਰਾਬ ਹੋਣ ਲੱਗਾ ਸੀ ਤੇ ਸਭ ਤੋਂ ਵੱਧ ਖਰਾਬ ਮੌਸਮ ਸ਼ੁੱਕਰਵਾਰ ਨੂੰ ਰਹੇਗਾ। ਇਸ ’ਚ ਹਵਾਵਾਂ ਦੀ ਰਫ਼ਤਾਰ ਵੀ ਵਧੇਗੀ ਤੇ ਤੇਜ਼ ਮੀਂਹ ਵੀ ਪਵੇਗਾ। 24 ਜਨਵਰੀ ਨੂੰ ਸਵੇਰੇ ਹਲਕੀ ਧੁੰਦ ਤੇ ਬਾਅਦ ਵਿਚ ਮੌਸਮ ਸਾਫ਼ ਰਹੇਗਾ, ਜਦਕਿ 25 ਜਨਵਰੀ ਦੀ ਸਵੇਰ ਸੰਘਣੀ ਧੁੰਦ ਕਾਰਨ ਤਾਪਮਾਨ ’ਚ ਮੁੜ ਕਮੀ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਹਲਕੇ ਹਲਕੇ ਬੱਦਲ ਵੀ ਛਾਏ ਰਹਿਣਗੇ। 26 ਤੋਂ 28 ਤੱਕ ਫਿਰ ਤੋਂ ਅਸਮਾਨ ’ਚ ਬੱਦਲ ਦਿਖਾਈ ਦੇਣਗੇ ਤੇ ਗਰਜ ਨਾਲ ਛਿੱਟੇ ਪੈਣ ਦੇ ਨਾਲ ਕਿਤੇ-ਕਿਤੇ ਮੀਂਹ ਵੀ ਪੈ ਸਕਦਾ ਹੈ। ਇਸ ਕਾਰਨ ਤਾਪਮਾਨ ’ਚ ਵੀ ਲਗਾਤਾਰ ਬਦਲਾਅ ਦੇਖਣ ਨੂੰ ਮਿਲੇਗਾ।