ਗੁਰੂ ਰਵਿਦਾਸ ਭਵਨ ਰਾਮਗੜ੍ਹ ’ਚ ਚੋਰੀ
ਗੁਰੂ ਰਵਿਦਾਸ ਭਵਨ, ਪਿੰਡ ਰਾਮਗੜ੍ਹ ’ਚ ਚੋਰੀ, ਪਿੰਡ ਵਾਸੀਆਂ ’ਚ ਰੋਸ਼
Publish Date: Wed, 26 Nov 2025 08:08 PM (IST)
Updated Date: Wed, 26 Nov 2025 08:11 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਨੇੜਲੇ ਪਿੰਡ ਰਾਮਗੜ੍ਹ ਮੱਲਾ (ਖੂਹੀ ਵਾਲਾ) ’ਚ ਬੀਤੀ ਰਾਤ ਚੋਰਾਂ ਵੱਲੋਂ ਸ੍ਰੀ ਗੁਰੂ ਰਵਿਦਾਸ ਭਵਨ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜਾਣਕਾਰੀ ਦਿੰਦਿਆਂ ਰਣਜੀਤ ਕੌਰ ਨੇ ਦੱਸਿਆ ਕਿ ਜਦੋਂ ਬੁੱਧਵਾਰ ਸਵੇਰੇ ਭਵਨ ਦੇ ਦਰਵਾਜ਼ੇ ਖੋਲ੍ਹ ਕੇ ਅੰਦਰ ਮੱਥਾ ਟੇਕਣ ਲਈ ਗਈ ਤਾਂ ਉਸ ਨੇ ਵੇਖਿਆ ਕਿ ਅੰਦਰਲਾ ਗੱਲ੍ਹਾ ਟੁੱਟੇ ਪਿਆ ਸਨ। ਇਹ ਦੇਖ ਕੇ ਉਸ ਨੇ ਰੌਲਾ ਪਾਇਆ ਜਿਸ ’ਤੇ ਨੇੜਲੇ ਘਰਾਂ ਦੇ ਰਹਿਣ ਵਾਲੇ ਲੋਕ ਮੌਕੇ ’ਤੇ ਇਕੱਠੇ ਹੋ ਗਏ। ਪਿੰਡ ਵਾਸੀਆਂ ਵੱਲੋਂ ਤੁਰੰਤ ਇਹ ਸੂਚਨਾ ਪਿੰਡ ਦੇ ਸਰਪੰਚ ਤੱਕ ਪਹੁੰਚਾਈ ਗਈ। ਸਰਪੰਚ ਨੇ ਮੌਕੇ ’ਤੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਤੇ ਇਸ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ 112 ਹੈਲਪਲਾਈਨ ਰਾਹੀਂ ਪੁਲਿਸ ਟੀਮ ਵੀ ਮੌਕੇ ’ਤੇ ਪੁੱਜੀ ਤੇ ਜਾਂਚ ਸ਼ੁਰੂ ਕੀਤੀ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵਾਰਦਾਤ ਨੂੰ ਗੰਭੀਰਤਾ ਨਾਲ ਲੈ ਕੇ ਜਲਦ ਤੋਂ ਜਲਦ ਚੋਰਾਂ ਨੂੰ ਕਾਬੂ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ।