ਕਾਂਗਰਸ ਦਾ ਕੰਮ ਝੂਠੇ ਦੋਸ਼ ਲਾਉਣਾ : ਅੰਮ੍ਰਿਤਪਾਲ ਸਿੰਘ
ਕਾਂਗਰਸ ਦਾ ਕੰਮ ਝੂਠੇ ਇਲਜ਼ਾਮ ਲਗਾਉਣਾ : ਅੰਮ੍ਰਿਤਪਾਲ ਸਿੰਘ
Publish Date: Fri, 05 Dec 2025 08:53 PM (IST)
Updated Date: Sat, 06 Dec 2025 04:15 AM (IST)

ਕਿਹਾ- ਕਾਂਗਰਸੀ ਆਗੂ ਬੇਰੀ ਵੱਲੋਂ ਪੈਨਸ਼ਨ ਬਾਰੇ ਬਿਆਨ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਜਲੰਧਰ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕਾਂਗਰਸ ਦੇ ਦੌਰ ’ਚ ਲੋਕ ਪੈਨਸ਼ਨਾਂ ਲਈ ਮਹੀਨਿਆਂ ਤੱਕ ਬੈਂਕਾਂ ਤੇ ਦਫ਼ਤਰਾਂ ਦੇ ਚੱਕਰ ਲਾਉਂਦੇ ਰਹੇ। ਹਜ਼ਾਰਾਂ ਹੱਕਦਾਰਾਂ ਦੀਆਂ ਫਾਈਲਾਂ ਕਾਂਗਰਸੀ ਦੌਰ ’ਚ ਦੱਬੀਆਂ ਪਈਆਂ ਸਨ। ਹੁਣ ਉਹੇ ਲੋਕ ਅੱਜ ਸੱਚਾਈ ਦੇ ਠੇਕੇਦਾਰ ਬਣ ਕੇ ਝੂਠ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਆ ਕੇ ਨਾ ਸਿਰਫ਼ ਪੈਂਡਿੰਗ ਫਾਈਲਾਂ ਖੋਲ੍ਹੀਆਂ ਸਗੋਂ ਹਜ਼ਾਰਾਂ ਨਵੀਆਂ ਪੈਨਸ਼ਨਾਂ ਜਾਰੀ ਕਰ ਕੇ ਯੋਗ ਹੱਕਦਾਰਾਂ ਨੂੰ ਉਨ੍ਹਾਂ ਦਾ ਹੱਕ ਦਿੱਤਾ। ਕਾਂਗਰਸ ਦੇ ਸਮੇਂ ਵਾਂਗ ਪੈਨਸ਼ਨ ਰਾਜਨੀਤਿਕ ਸਿਫ਼ਾਰਸ਼ ’ਤੇ ਨਹੀਂ ਯੋਗਤਾ ’ਤੇ ਦਿੱਤੀ ਜਾ ਰਹੀ ਹੈ। ਅੰਮ੍ਰਿਤਪਾਲ ਸਿੰਘ ਨੇ ਤਿੱਖੇ ਸ਼ਬਦਾਂ ’ਚ ਕਿਹਾ ਕਿ ਬੇਰੀ ਦੇ ਬਿਆਨ ’ਚ ਨਾ ਤੱਥ ਹਨ, ਨਾ ਸੱਚ, ਸਿਰਫ਼ ਡਰ, ਹਤਾਸ਼ਾ ਤੇ ਝੂਠ ਦੀ ਰਾਜਨੀਤੀ ਹੈ। ਕਾਂਗਰਸ ਜਦੋਂ ਜਲੰਧਰ ਨੂੰ ਵਿਕਾਸ ਦੇ ਨਾਂ ’ਤੇ ਧੋਖਾ ਦੇ ਰਹੀ ਸੀ, ਉਸ ਵੇਲੇ ਇਨ੍ਹਾਂ ਨੂੰ ਬਜ਼ੁਰਗਾਂ ਦੀ ਪੈਨਸ਼ਨ ਯਾਦ ਨਹੀਂ ਸੀ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦੇ ਕੰਮ ਨੂੰ ਲੋਕ ਖੁਦ ਮਹਿਸੂਸ ਕਰ ਰਹੇ ਹਨ। ਇਸ ਲਈ ਕਾਂਗਰਸ ਹੁਣ ਡਰ ਤੋਂ ਝੂਠੇ ਬਿਆਨਾਂ ਦਾ ਸਹਾਰਾ ਲੈ ਰਹੀ ਹੈ ਤਾਂ ਜੋ ਲੋਕਾਂ ਦੀ ਨਜ਼ਰ ’ਚ ਕੁਝ ਬਚਿਆ ਜਾ ਸਕੇ। ਅੰਮ੍ਰਿਤਪਾਲ ਸਿੰਘ ਨੇ ਸਪੱਸ਼ਟ ਕਿਹਾ ‘ਆਪ’ ਸਰਕਾਰ ਲੋਕ ਭਲਾਈ ਦਾ ਹਰ ਵਾਅਦਾ ਪੂਰਾ ਕਰ ਰਹੀ ਹੈ।