ਦੋ ਕਿੱਲੋ ਅਫੀਮ ਦੀ ਖੇਪ ਸਮੇਤ ਸਮੱਗਲਰ ਆਇਆ ਪੁਲਿਸ ਅੜਿੱਕੇ
ਦੋ ਕਿੱਲੋ ਅਫੀਮ ਦੀ ਖੇਪ ਸਮੇਤ ਤਸਕਰ ਆਇਆ ਪੁਲਿਸ ਅੜਿੱਕੇ
Publish Date: Fri, 19 Dec 2025 07:10 PM (IST)
Updated Date: Fri, 19 Dec 2025 07:13 PM (IST)

- ਪੁਲਿਸ ਨੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ ਤੇ ਕਾਰਵਾਈ ਕਰਦੇ ਹੋਏ ਉਸ ਵੇਲੇ ਅਫੀਮ ਦੀ ਖੇਪ ਸਮੇਤ ਇੱਕ ਨਸ਼ਾ ਸਮੱਗਲਰ ਨੂੰ ਕਾਬੂ ਕਰ ਲਿਆ, ਜਦੋਂ ਉਹ ਅਫੀਮ ਦੇ ਸਪਲਾਈ ਦੇਣ ਲਈ ਜਾ ਰਿਹਾ ਸੀ। ਪੁਲਿਸ ਨੇ ਉਸ ਦੇ ਕਬਜ਼ੇ ਵਿਚੋਂ ਦੋ ਕਿੱਲੋ ਤੋਂ ਵੱਧ ਅਫੀਮ ਬਰਾਮਦ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਥਾਣਾ ਰਾਮਾ ਮੰਡੀ ਦੇ ਮੁਖੀ ਜਸਪਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਇੱਕ ਨਸ਼ਾ ਸਮੱਗਲਰ ਕੋਲੋਂ ਅਫੀਮ ਦੀ ਖੇਪ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਥਾਣਾ ਮੁਖੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰੂ ਗੋਬਿੰਦ ਸਿੰਘ ਐਵਨਿਊ ਵਿੱਚ ਇੱਕ ਨਸ਼ਾ ਸਮੱਗਲਰ ਅਫੀਮ ਦੀ ਖੇਪ ਸਪਲਾਈ ਕਰਨ ਲਈ ਆ ਰਿਹਾ ਹੈ, ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਏਐੱਸਆਈ ਰੁਪਿੰਦਰ ਸਿੰਘ ਨੂੰ ਪੁਲਿਸ ਪਾਰਟੀ ਸਮੇਤ ਗੁਰੂ ਗੋਬਿੰਦ ਸਿੰਘ ਐਵਨਿਊ ਵਿੱਚ ਭੇਜਿਆ। ਜਦੋਂ ਪੁਲਿਸ ਪਾਰਟੀ ਗੁਰੂ ਗੋਬਿੰਦ ਸਿੰਘ ਐਵਨਿਊ ਵਿੱਚ ਪਹੁੰਚੀ ਤਾਂ ਪੈਦਲ ਜਾ ਰਹੇ ਇੱਕ ਨੌਜਵਾਨ ਜਿਸ ਦੇ ਹੱਥ ਵਿੱਚ ਇੱਕ ਮੋਮੀ ਲਿਫਾਫਾ ਸੀ ਨੇ ਜਦ ਪੁਲਿਸ ਪਾਰਟੀ ਦੇਖੀ ਤਾਂ ਇਕਦਮ ਘਬਰਾ ਗਿਆ ਅਤੇ ਲਿਫਾਫਾ ਹੇਠਾਂ ਸੁੱਟ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਪਾਰਟੀ ਨੇ ਉਸ ਦਾ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਜਦੋਂ ਉਸ ਦਾ ਨਾਂ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਸਾਹਿਲ ਵਾਸੀ ਅਰਜੁਨ ਨਗਰ ਦੱਸਿਆ। ਜਦੋਂ ਏਐੱਸਆਈ ਰੁਪਿੰਦਰ ਸਿੰਘ ਨੇ ਸਾਹਿਲ ਵੱਲੋਂ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਵਿੱਚ ਅਫੀਮ ਬਰਾਮਦ ਹੋਈ। ਜਦੋਂ ਅਫੀਮ ਨੂੰ ਤੋਲਿਆ ਗਿਆ ਤਾਂ ਉਸ ਦਾ ਵਜ਼ਨ ਦੋ ਕਿੱਲੋ 10 ਗ੍ਰਾਮ ਨਿਕਲਿਆ ਪੁਲਿਸ ਨੇ ਸਾਹਿਲ ਨੂੰ ਗਿਰਫ਼ਤਾਰ ਕਰ ਕੇ ਉਸ ਖ਼ਿਲਾਫ਼ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕੀਤਾ। ਉਸ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਦੋ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਰਿਮਾਂਡ ਦੌਰਾਨ ਪੁੱਛਗਿੱਛ ਕਰ ਕੇ ਸਾਹਿਲ ਕੋਲੋਂ ਉਸ ਦੇ ਨੈੱਟਵਰਕ ਬਾਰੇ ਪਤਾ ਲਾਇਆ ਜਾਵੇਗਾ ਅਤੇ ਉਸ ਦੇ ਸਾਥੀਆਂ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਵੇਗਾ। ਫਿਲਹਾਲ ਪੁਲਿਸ ਉਸ ਕੋਲੋਂ ਡੂੰਘਾਈ ਨਾਲ ਪੁੱਛਗਿਛ ਕਰ ਰਹੀ ਹੈ।