ਯੁੱਧ ਨਸ਼ਿਆਂ ਵਿਰੁੱਧ ਦੇ ਪਹਿਲੇ ਪੜਾਅ ਨਾਲੋਂ ਵੀ ਵੱਧ ਸਫਲ ਹੋਵੇਗਾ ਦੂਜਾ ਪੜਾਅ-ਭਗਵੰਤ ਸਿੰਘ ਮਾਨ

-ਪਿਛਲੀਆਂ ਸਰਕਾਰ ਦੇ ਗੁਨਾਹ ਮਾਫ਼ ਨਹੀਂ ਕੀਤੇ ਜਾ ਸਕਦੇ : ਮੁੱਖ ਮੰਤਰੀ
ਜਤਿੰਦਰ ਪੰਮੀ, ਪੰਜਾਬੀ ਜਾਗਰਣ,
ਜਲੰਧਰ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਜਿੱਥੇ ਸੂਬਾ ਸਰਕਾਰ ਕਈ ਲੋਕ-ਪੱਖੀ ਤੇ ਵਿਕਾਸ-ਮੁਖੀ ਨੀਤੀਆਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਉੱਥੇ ਹੀ ਵਿਰੋਧੀ ਧਿਰ ਫੁੱਟਪਾਊ ਏਜੰਡੇ 'ਤੇ ਨਿਰਭਰ ਹੈ। ਉਨ੍ਹਾਂ ਕਿਹਾ ਕਿ ਲੋਕ ਅਕਾਲੀਆਂ ਨੂੰ ਕਦੇ ਮਾਫ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੇ ਗਲਤੀ ਨਹੀਂ ਸਗੋਂ ਗੁਨਾਹ ਕੀਤੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਰਕਾਰ ਸੂਬਾ ਵਾਸੀਆਂ ਦੇ ਸਰਗਰਮ ਸਹਿਯੋਗ ਨਾਲ ਰੰਗਲਾ ਪੰਜਾਬ ਸਿਰਜੇਗਾ ਤੇ ਇਹ ਲਹਿਰ ਸੂਬੇ ਦੀ ਕਿਸਮਤ ਨੂੰ ਨਵਾਂ ਰੂਪ ਦੇਵੇਗੀ। ਮੁੱਖ ਮੰਤਰੀ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਦੇ ਦੂਜੇ ਪੜਾਅ ਦਾ ਆਗਾਜ਼ ਕਰਨ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਆਪਣੇ ਮੌਕੇ ਦੀ ਉਡੀਕ ਕਰ ਰਹੀ ਹੈ ਪਰ ਸੂਬਾ ਸਰਕਾਰ ਪੰਜਾਬ ਨੂੰ ਪ੍ਰਗਤੀਸ਼ੀਲ, ਖੁਸ਼ਹਾਲ ਅਤੇ ਰੰਗਲਾ ਸੂਬਾ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਨਸ਼ਿਆਂ ਵਿਰੁੱਧ ਜੰਗ ਦਾ ਰੂਪ ਹੈ ਅਤੇ ਇਸ ਰਾਹੀਂ ਸੂਬਾ ਸਰਕਾਰ ਸੂਬੇ ਦੇ ਨੌਜਵਾਨਾਂ, ਕਿਸਾਨਾਂ, ਪਾਣੀ ਅਤੇ ਵਾਤਾਵਰਣ ਨੂੰ ਬਚਾਏਗੀ। ਭਗਵੰਤ ਸਿੰਘ ਮਾਨ ਨੇ ਸਪੱਸ਼ਟ ਤੌਰ 'ਤੇ ਕਿਹਾ ਕਿ ਸੂਬੇ ਦੇ ਲੋਕਾਂ ਦੇ ਹੱਕਾਂ ਦਾ ਰਾਖੀ ਤੇ ਉਨ੍ਹਾਂ ਦੀ ਖੁਸ਼ਹਾਲੀ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ੇ ਵੇਚ ਕੇ ਲੋਕਾਂ ਦੇ ਘਰਾਂ ’ਚ ਸੱਥਰ ਵਿਛਾਉਣ ਵਾਲੇ ਲੋਕ ਸੂਬੇ ਦੇ ਦੁਸ਼ਮਣ ਹਨ ਤੇ ਉਨ੍ਹਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਸਮੱਸਿਆ ਨੂੰ ਪੂਰੀ ਤਰ੍ਹਾਂ ਖਤਮ ਕਰਨ ਅਤੇ ਪੰਜਾਬ ਨੂੰ ਅਸਲ ਅਰਥਾਂ ਵਿੱਚ ਨਸ਼ਾ ਮੁਕਤ ਬਣਾਉਣ ਤੱਕ ਟਿਕ ਕੇ ਨਹੀਂ ਬੈਠਣਗੇ। ਉਨ੍ਹਾਂ ਕਿਹਾ ਕਿ ਦੂਜਾ ਪੜਾਅ, ਪਹਿਲੇ ਪੜਾਅ ਨਾਲੋਂ ਵਧੇਰੇ ਸਫਲ ਸਾਬਤ ਹੋਵੇਗਾ ਤੇ ਪੰਜਾਬ ਇਸ ਮੁਹਿੰਮ ਦੇ ਹਿੱਸੇ ਵਜੋਂ ਸਫਲਤਾ ਦੀ ਇੱਕ ਨਵੀਂ ਕਹਾਣੀ ਲਿਖੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿਆਪਕ ਅਤੇ ਬਹੁ-ਪੱਖੀ ਰਣਨੀਤੀ ਅਪਣਾਈ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦਾ ਅਸਲ ਆਗੂ ਉਹ ਹੁੰਦਾ ਹੈ ਜੋ ਲੋਕਾਂ ਦੀ ਭਾਸ਼ਾ ਵਿੱਚ ਗੱਲ ਕਰਦਾ ਹੈ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਵਿਰੋਧੀ ਧਿਰ ਦਾ ਕੋਈ ਵੀ ਆਗੂ ਅਜਿਹਾ ਨਹੀਂ ਹੈ। ‘ਆਪ’ ਪੰਜਾਬ ਦੇ ਇੰਚਾਰਜ ਮੁਨੀਸ਼ ਸਿਸੋਦੀਆ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਇਕ ਸਾਲ ਸਫਲਤਾ ਨਾਲ ਮੁਕੰਮਲ ਹੋਣ ’ਤੇ ਸੂਬਾ ਸਰਕਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਲੋਕ ਲਹਿਰ ਨੂੰ ਸਫਲ ਕਰਕੇ ਪੰਜਾਬ ਨੇ ਵੱਡੀ ਮਿਸਾਲ ਕਾਇਮ ਕੀਤੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਸ ਮੁਹਿੰਮ ਦਾ ਸਿਹਰਾ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਂਦਾ ਹੈ। ਇਸ ਤੋਂ ਪਹਿਲਾਂ ਨਸ਼ਿਆਂ ਖਿਲਾਫ਼ ਕਾਰਵਾਈ ਸਿਰਫ ਖਾਨਾਪੂਰਤੀ ਹੁੰਦੀ ਸੀ, ਕਿਉਂਕਿ ਸਿਆਸੀ ਤੌਰ ’ਤੇ ਕਿਸੇ ਕੋਲ ਇਹ ਚੁਣੌਤੀ ਕਬੂਲ ਕਰਨ ਦੀ ਜੁਅੱਰਤ ਨਹੀਂ ਸੀ। ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੀ ਅਲਾਮਤ ਤੋਂ ਮੁਕਤ ਕਰਨ ਲਈ ਵਿਆਪਕ ਮੁਹਿੰਮ ਚਲਾਈ ਗਈ। ਸਿਸੋਦੀਆ ਨੇ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ਼ ਕਾਰਵਾਈ ਲਈ ਲੋਕਾਂ ਦੇ ਸਾਥ ਨਾਲ ਸੂਬੇ ਵਿੱਚੋਂ ਨਸ਼ਿਆਂ ਨੂੰ ਜੜ੍ਹੋਂ ਪੁੱਟ ਦਿੱਤਾ ਜਾਵੇਗਾ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਤਰੁਣਪ੍ਰੀਤ ਸਿੰਘ ਸੌਂਦ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਤੇ ਹੋਰ ਸ਼ਖਸੀਅਤਾਂ ਨੇ ਵੀ ਸੰਬੋਧਨ ਕੀਤਾ।
---
ਮੁਹਿੰਮ ਤਹਿਤ ਨਸ਼ਿਆਂ ਦੀ ਸਪਲਾਈ ਲਾਈਨ ਤੋੜੀ : ਡੀਜੀਪੀ ਸ਼ੁਕਲਾ
ਪੰਜਾਬ ਨਸ਼ਾ ਮੁਕਤ ਸੂਬਾ ਬਣਾਉਣ ਲਈ ਇੱਕ ਵਿਆਪਕ ਅਤੇ ਬਹੁ-ਪੱਖੀ ਰਣਨੀਤੀ ਅਪਣਾਈ ਗਈ ਹੈ। ਡੀਜੀਪੀ ਸਪੈਸ਼ਲ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਕਿ ਇਸ ਮੁਹਿੰਮ ਤਹਿਤ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਗਈ ਹੈ, ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਵੱਡੇ ਤਸਕਰਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਹੈ, ਨਸ਼ਾ ਪੀੜਤਾਂ ਲਈ ਇਲਾਜ ਤੇ ਮੁੜ ਵਸੇਬਾ ਯਕੀਨੀ ਬਣਾਇਆ ਗਿਆ ਹੈ ਅਤੇ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ’ਤੇ ਬੁਲਡੋਜ਼ਰ ਚਲਾਏ ਗਏ ਹਨ। ਇਸ ਤੋਂ ਇਲਾਵਾ ਪਹਿਲੀ ਮਾਰਚ ਤੋਂ 31 ਦਸੰਬਰ, 2025 ਵਿਚਾਲੇ ਐੱਨ.ਡੀ.ਪੀ.ਐੱਸ. ਐਕਟ ਤਹਿਤ 29,352 ਮਾਮਲੇ ਦਰਜ ਕੀਤੇ ਗਏ, 39,981 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, 1,849 ਕਿੱਲੋਗ੍ਰਾਮ ਹੈਰੋਇਨ ਤੇ 28 ਟਨ ਭੁੱਕੀ ਜ਼ਬਤ ਕੀਤੀ ਗਈ ਤੇ 15.25 ਕਰੋੜ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ। ਇਸ ਦੌਰਾਨ, 2 ਕਿੱਲੋਗ੍ਰਾਮ ਤੋਂ ਵੱਧ ਹੈਰੋਇਨ ਦੀ ਜਬਤੀ ਦੇ ਮਾਮਲਿਆਂ ਵਿੱਚ ਸ਼ਾਮਲ 358 ਵੱਡੇ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਅੰਤਰਰਾਸ਼ਟਰੀ ਸਰਹੱਦ 'ਤੇ 490 ਡਰੋਨ ਸਰਗਰਮੀਆਂ ਦਾ ਪਤਾ ਲਾਇਆ ਗਿਆ, 252 ਡਰੋਨ ਬਰਾਮਦ ਕੀਤੇ ਗਏ। ਇਸ ਦੇ ਨਾਲ ਹੀ 299 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ। ਇਸ ਤੋਂ ਇਲਾਵਾ, ਜ਼ਿਲ੍ਹਿਆਂ ’ਚ 50,433 ਨਸ਼ਾ ਵਿਰੋਧੀ ਜਾਗਰੂਕਤਾ ਮੀਟਿੰਗਾਂ ਕੀਤੀਆਂ ਗਈਆਂ।
---
ਇਲਾਜ ਤੇ ਪੁਨਰਵਾਸ ਬੁਨਿਆਦੀ ਢਾਂਚੇ ਦਾ ਵਿਸਥਾਰ ਕਰਨਾ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ 547 ਆਊਟਪੇਸ਼ੈਂਟ ਓਪੀਓਇਡ ਅਸਿਸਟਡ ਟ੍ਰੀਟਮੈਂਟ ਕਲੀਨਿਕਾਂ ’ਚ 10.48 ਲੱਖ ਤੋਂ ਵੱਧ ਮਰੀਜ਼ ਰਜਿਸਟਰ ਕੀਤੇ ਗਏ ਹਨ। ਮੌਜੂਦਾ ਸਮੇਂ ਨਸ਼ਾ ਪੀੜਤਾਂ ਦੇ ਮੁੜ ਵਸੇਬੇ ਅਤੇ ਇਲਾਜ ਲਈ 5,000 ਤੋਂ ਵੱਧ ਸਮਰਪਿਤ ਬੈੱਡ ਉਪਲੱਬਧ ਹਨ ਤੇ ਇਹ ਸਾਰੀਆਂ ਸੇਵਾਵਾਂ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਤੇ ਪ੍ਰਾਈਵੇਟ ਸੰਸਥਾਵਾਂ ਵਿੱਚ ਇਲਾਜ ਸਬੰਧੀ ਸਰਕਾਰੀ ਅਦਾਇਗੀ ’ਚ ਵਾਧਾ ਕੀਤਾ ਗਿਆ ਹੈ। ਪੰਜਾਬ ਵਿਚ ਇਸ ਸਮੇਂ 36 ਸਰਕਾਰੀ ਨਸ਼ਾ ਛੁਡਾਊ ਕੇਂਦਰ, 19 ਸਰਕਾਰੀ ਮੁੜ ਵਸੇਬਾ ਕੇਂਦਰ, 143 ਨਿੱਜੀ ਨਸ਼ਾ ਛੁਡਾਊ ਕੇਂਦਰ, 72 ਪ੍ਰਾਈਵੇਟ ਮੁੜ ਵਸੇਬਾ ਕੇਂਦਰ ਤੇ 55 ਸੂਚੀਬੱਧ ਮੁੜ ਵਸੇਬਾ ਕੇਂਦਰ ਹਨ। ਇਸ ਤੋਂ ਇਲਾਵਾ 44 ਨਰਸਿੰਗ ਕਾਲਜਾਂ ਅਤੇ 11 ਮੈਡੀਕਲ ਕਾਲਜਾਂ ’ਚ ਵੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਸੁਰੱਖਿਅਤ ਢੰਗ ਨਾਲ ਰਿਕਾਰਡ ਰੱਖਣ ਤੇ ਆਧਾਰ-ਲਿੰਕਡ ਬਾਇਓਮੈਟ੍ਰਿਕ ਤਸਦੀਕ ਦੇ ਨਾਲ, ਅਸਲ-ਸਮੇਂ ਦੀ ਨਿਗਰਾਨੀ ਲਈ ਇਕ ਡੀਡੀਆਰਪੀ ਪੋਰਟਲ ਬਣਾਇਆ ਗਿਆ ਹੈ। ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿਚ ਮਰੀਜ਼ਾਂ ਦੀ ਗਿਣਤੀ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜੋ ਅਗਸਤ 2025 ਵਿੱਚ 962 ਤੋਂ ਵੱਧ ਕੇ 2,674 ਅਤੇ ਸਤੰਬਰ 2025 ਵਿੱਚ 632 ਤੋਂ ਵੱਧ ਕੇ 2,756 ਹੋ ਗਿਆ ਹੈ। ਸਰਕਾਰੀ ਮੁੜ ਵਸੇਬਾ ਕੇਂਦਰਾਂ ਵਿੱਚ ਅਗਸਤ ਵਿੱਚ 254 ਤੋਂ 888 ਮਰੀਜ਼ ਤੇ ਸਤੰਬਰ ਵਿੱਚ 275 ਤੋਂ ਵੱਧ ਕੇ 804 ਹੋ ਗਏ। ਓਓਏਟੀ ਕਲੀਨਿਕਾਂ ਨੇ ਸਤੰਬਰ 2025 ਵਿੱਚ 27.64 ਲੱਖ ਮਰੀਜ਼ਾਂ ਦੀ ਆਮਦ ਦਰਜ ਕੀਤੀ ਗਈ, ਜੋ ਕਿ ਸਾਲ-ਦਰ-ਸਾਲ ਵਾਧਾ ਦਰਸਾਉਂਦੀ ਹੈ। ਸਮਰੱਥਾ ਨਿਰਮਾਣ ਉਪਾਵਾਂ ਵਿਚ ਏਮਜ਼ ਦਿੱਲੀ ਵਿਖੇ 24 ਮਨੋਵਿਗਿਆਨੀਆਂ ਨੂੰ ਮਾਸਟਰ ਟਰੇਨਰ ਵਜੋਂ ਸਿਖਲਾਈ ਦੇਣਾ, 1,000 ਤੋਂ ਵੱਧ ਮੈਡੀਕਲ ਅਫਸਰਾਂ ਨੂੰ ਸਿਖਲਾਈ ਦੇਣਾ, 180 ਮਨੋਵਿਗਿਆਨੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨਾ ਤੇ ਪੰਜ ਮੈਡੀਕਲ ਕਾਲਜਾਂ ਨੂੰ ਕਲੱਸਟਰ ਸਰੋਤ ਕੇਂਦਰਾਂ ਵਜੋਂ ਮਨੋਨੀਤ ਕਰਨਾ ਸ਼ਾਮਲ ਹੈ। ਮਰੀਜ਼ਾਂ ਨੂੰ ਸਮਾਜ ਦੀ ਮੁੱਖ ਧਾਰਾ ’ਚ ਸ਼ਾਮਲ ਹੋਣ ਲਈ ਹੁਨਰ ਵਿਕਾਸ, ਰੁਜ਼ਗਾਰ ਅਤੇ ਪੁਨਰ-ਏਕੀਕਰਨ ਦੇ ਮੌਕੇ ਪ੍ਰਦਾਨ ਕਰਨ ਲਈ ਸਨ ਫਾਊਂਡੇਸ਼ਨ ਵਰਗੀਆਂ ਸੰਸਥਾਵਾਂ ਨਾਲ ਵੀ ਭਾਈਵਾਲੀ ਕੀਤੀ ਗਈ ਹੈ, ਜਿਸ ਵਿੱਚ ਸੱਤ ਮੁੜ-ਵਸੇਬਾ ਕੇਂਦਰਾਂ ਵਿੱਚ ਹੁਨਰ ਵਿਕਾਸ ਇਕਾਈਆਂ ਸਥਾਪਤ ਕੀਤੀਆਂ ਗਈਆਂ ਹਨ।
---
ਵਿਲੇਜ ਡਿਫੈਂਸ ਕਮੇਟੀਆਂ ਇਸ ਲਹਿਰ ਦਾ ਮੁੱਖ ਕੇਂਦਰ
ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਲਈ ਇਕ ਸਮਰਪਿਤ ਯੁੱਧ ਨਸ਼ਿਆਂ ਵਿਰੁੱਧ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ ਗਈ ਹੈ, ਜਿਸ ਨਾਲ ਉਹ ਆਪਣੀ ਪਛਾਣ ਗੁਪਤ ਰੱਖਦਿਆਂ ਹੋਏ ਨਸ਼ਿਆਂ ਸਬੰਧੀ ਸਰਗਰਮੀਆਂ ਦੀ ਜਾਣਕਾਰੀ ਸਾਂਝੀ ਕਰ ਸਕਦੇ ਹਨ। ਨਸ਼ਾ ਮੁਕਤੀ ਯਾਤਰਾ ਤੋਂ ਬਾਅਦ ਜ਼ਮੀਨੀ ਪੱਧਰ ’ਤੇ ਮੁਹਿੰਮ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਅਗਸਤ ਤੇ ਅਕਤੂਬਰ 2025 ਦਰਮਿਆਨ ਵਿਲੇਜ ਡਿਫੈਂਸ ਕਮੇਟੀਆਂ ਬਣਾਈਆਂ ਗਈਆਂ। ਇਸ ਪਹਿਲਕਦਮੀ ਨੇ ਨਸ਼ਾ ਵਿਰੋਧੀ ਉਪਰਾਲਿਆਂ ਨੂੰ ਪੰਜਾਬ ਭਰ ’ਚ ਇਕ ਵਿਆਪਕ ਲੋਕ ਲਹਿਰ ’ਚ ਬਦਲ ਦਿੱਤਾ, ਜਿਸ ਨਾਲ ਨਸ਼ੇ ਦੇ ਨੈੱਟਵਰਕਾਂ ਦੇ ਖਾਤਮੇ ਲਈ ਨਿਰੰਤਰ ਜਨਤਕ ਭਾਈਵਾਲੀ ਯਕੀਨੀ ਬਣਾਈ ਗਈ। 10 ਤੋਂ 30 ਜਨਵਰੀ ਦਰਮਿਆਨ ਇਸ ਲਹਿਰ ਵਿਚ ਪੂਰੇ ਸੂਬੇ ਨੂੰ ਸ਼ਾਮਲ ਕਰਨ ਲਈ ਪੰਜਾਬ ਦੇ ਹਰ ਗਲੀ, ਕੋਨੇ, ਮੁਹੱਲੇ ਤੇ ਪਿੰਡ ਵਿੱਚ ਪੈਦਲ ਯਾਤਰਾਵਾਂ ਕੱਢੀਆਂ ਜਾਣਗੀਆਂ। 13 ਫਰਵਰੀ ਨੂੰ ਇਨ੍ਹਾਂ ਡੇਢ ਲੱਖ 'ਪਿੰਡਾਂ ਦੇ ਪਹਿਰੇਦਾਰਾਂ' (ਵਲੰਟੀਅਰਾਂ) ਦਾ ਵਿਸ਼ਾਲ ਇਕੱਠ ਹੋਵੇਗਾ।