ਮਾਪਿਆਂ ਦਾ ਦੋਸ਼, ਸਕੂਲ ਨੇ ਨਹੀਂ ਦਿੱਤੀ ਜਾਣਕਾਰੀ
ਸਕੂਲ ਵੱਲੋਂ ਫ਼ੋਨ ਨਹੀਂ ਆਇਆ, ਬੱਚਿਆਂ ਨੇ ਦੂਜਿਆਂ ਤੋਂ ਫ਼ੋਨ ਲੈ ਕੇ ਘਰ ਸੂਚਨਾ ਦਿੱਤੀ
Publish Date: Mon, 15 Dec 2025 10:43 PM (IST)
Updated Date: Mon, 15 Dec 2025 10:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : 10 ਸਕੂਲਾਂ ਨੂੰ ਮਿਲੀਆਂ ਧਮਕੀ ਭਰੀਆਂ ਈ-ਮੇਲਾਂ ਦੇ ਮਾਮਲੇ ਵਿਚਕਾਰ ਜਿੱਥੇ ਸਕੂਲਾਂ ਨੂੰ ਖਾਲੀ ਕਰਵਾਇਆ ਗਿਆ, ਉੱਥੇ ਹੀ ਮਾਪਿਆਂ ਆਪਣਾ ਸਾਰਾ ਦਿਨ ਦਾ ਕੰਮ-ਕਾਜ ਛੱਡ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਬੱਚਿਆਂ ਨੂੰ ਲੈਣ ਲਈ ਸਕੂਲਾਂ ਵੱਲ ਦੌੜੇ। ਇਸ ਦੌਰਾਨ ਸੇਂਟ ਜੋਸਫ਼ ਸਕੂਲ ਵੱਲੋਂ ਕੁਝ ਅਭਿਭਾਵਕਾਂ ਨੂੰ ਫ਼ੋਨ ਨਾ ਕਰਨ ’ਤੇ ਨਾਰਾਜ਼ਗੀ ਵੀ ਸਾਹਮਣੇ ਆਈ। ਕੁਝ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਵੱਲੋਂ ਕੋਈ ਕਾਲ ਨਹੀਂ ਆਈ। ਇੱਥੋਂ ਤੱਕ ਕਿ ਬੱਚਿਆਂ ਨੇ ਦੂਜਿਆਂ ਤੋਂ ਮੋਬਾਈਲ ਫ਼ੋਨ ਲੈ ਕੇ ਖੁਦ ਘਰ ਸੂਚਨਾ ਦਿੱਤੀ ਕਿ ਸਕੂਲ ’ਚ ਛੁੱਟੀ ਕਰ ਦਿੱਤੀ ਗਈ ਹੈ ਤੇ ਉਨ੍ਹਾਂ ਨੂੰ ਲੈ ਜਾਣ ਲਈ ਆਉਣ। ਕੁਝ ਪਰਿਵਾਰਕ ਮੈਂਬਰਾਂ ਨੂੰ ਹੋਰ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਫ਼ੋਨ ਕਰਕੇ ਸੂਚਿਤ ਕੀਤਾ ਗਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਤੋਂ ਲੈ ਜਾ ਕੇ ਘਰ ਲੈ ਆਉਣ। ਪਰਿਵਾਰਕ ਮੈਂਬਰਾਂ ਨੇ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਕਿਹਾ ਕਿ ਜਦੋਂ ਬੱਚਿਆਂ ਦੀ ਸੁਰੱਖਿਆ ਦਾ ਮਸਲਾ ਹੈ ਤਾਂ ਸਕੂਲ ਪ੍ਰਬੰਧਕਾਂ ਨੂੰ ਸਾਰੇ ਪਰਿਵਾਰਕ ਮੈਂਬਰਾਂ ਨੂੰ ਸਮੇਂ-ਸਿਰ ਸੂਚਨਾ ਦੇਣੀ ਚਾਹੀਦੀ ਸੀ।