ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਦਾ ਝਾਂਸਾ, ਖਾਤਿਆਂ ’ਚੋਂ ਉੱਡ ਰਹੇ ਨੇ ਲੱਖਾਂ ਰੁਪਏ
ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ ਦਾ ਝਾਂਸਾ, ਖਾਤਿਆਂ ਤੋਂ ਉੱਡ ਰਹੇ ਹਜ਼ਾਰਾਂ-ਲੱਖਾਂ ਰੁਪਏ
Publish Date: Mon, 19 Jan 2026 08:26 PM (IST)
Updated Date: Mon, 19 Jan 2026 08:27 PM (IST)

-ਜਲੰਧਰ ’ਚ ਸੌਖਾ ਕਰਜ਼ਾ ਤੇ ਦਿਲਖਿਚਵੀਆਂ ਪੇਸ਼ਕਲਾਂ ਦੇ ਨਾਂ ’ਤੇ ਜਾਅਲਸਾਜ਼ੀ -ਵਪਾਰੀ ਤੋਂ ਲੈ ਕੇ ਰਿਟਾਇਰਡ ਬੈਂਕ ਕਰਮਚਾਰੀ ਤੱਕ ਬਣ ਰਹੇ ਨੇ ਸ਼ਿਕਾਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਇਕ ਰਿਟਾਇਰਡ ਬੈਂਕ ਕਰਮਚਾਰੀ ਨੂੰ ਕ੍ਰੈਡਿਟ ਕਾਰਡ ’ਤੇ ਵਧੀਆ ਰਿਵਾਰਡ ਪੁਆਇੰਟ ਤੇ ਘੱਟ ਵਿਆਜ ਦਰ ’ਤੇ ਕਰਜ਼ੇ ਦਾ ਝਾਂਸਾ ਦਿੱਤਾ ਗਿਆ। ਠੱਗ ਨੇ ਆਪਣੇ-ਆਪ ਨੂੰ ਫਾਈਨੈਂਸ ਕੰਪਨੀ ਦਾ ਅਧਿਕਾਰੀ ਦੱਸਦੇ ਹੋਏ ਕਿਹਾ ਕਿ ਕਾਰਡ ਅਪਗ੍ਰੇਡ ਕੀਤਾ ਜਾ ਰਿਹਾ ਹੈ। ਗੱਲਾਂ ’ਚ ਫਸਾ ਕੇ ਉਸ ਤੋਂ ਕਾਰਡ ਨਾਲ ਜੁੜੀ ਜਾਣਕਾਰੀ ਹਾਸਲ ਕਰ ਲਈ ਗਈ। ਕੁਝ ਹੀ ਸਮੇਂ ’ਚ ਉਸਦੇ ਖਾਤੇ ਤੋਂ ਲੱਖਾਂ ਰੁਪਏ ਕੱਢ ਲਏ ਗਏ। ਪੀੜਤ ਵੱਲੋਂ ਪੁਲਿਸ ਤੇ ਬੈਂਕ ’ਚ ਸ਼ਿਕਾਇਤ ਦਰਜ ਕਰਵਾਈ ਗਈ ਪਰ ਰਕਮ ਵਾਪਸ ਮਿਲਣਾ ਹੁਣ ਵੀ ਮੁਸ਼ਕਲ ਬਣਿਆ ਹੋਇਆ ਹੈ। ਜਲੰਧਰ ’ਚ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ, ਫ਼ੌਰੀ ਕਰਜ਼ਾ ਦਿਵਾਉਣ ਤੇ ਦਿਲਖਿਚਵੀਆਂ ਪੇਸ਼ਕਲਾਂ ਦਾ ਲਾਲਚ ਦੇ ਕੇ ਸਾਈਬਰ ਠੱਗ ਲਗਾਤਾਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਠੱਗ ਆਪਣੇ-ਆਪ ਨੂੰ ਬੈਂਕ ਜਾਂ ਫ਼ਾਈਨੈਂਸ ਕੰਪਨੀ ਦਾ ਨੁਮਾਇੰਦਾ ਦੱਸ ਕੇ ਫ਼ੋਨ ਕਾਲ, ਮੈਸੇਜ ਤੇ ਵ੍ਹਟਸਐਪ ਲਿੰਕ ਰਾਹੀਂ ਸੰਪਰਕ ਕਰਦੇ ਹਨ ਤੇ ਭਰੋਸਾ ਜਿੱਤਦਿਆਂ ਹੀ ਖਾਤਿਆਂ ਤੋਂ ਹਜ਼ਾਰਾਂ ਤੋਂ ਲੱਖਾਂ ਰੁਪਏ ਉਡਾ ਲੈਂਦੇ ਹਨ। ਹਾਲੀਆ ਦਿਨਾਂ ’ਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚ ਪੜ੍ਹੇ-ਲਿਖੇ ਤੇ ਤਜਰਬੇਕਾਰ ਲੋਕ ਵੀ ਠੱਗੀ ਦਾ ਸ਼ਿਕਾਰ ਹੋਏ ਹਨ। ---------------------- ਕੱਪੜਾ ਵਪਾਰੀ ਨਾਲ 85 ਹਜ਼ਾਰ ਰੁਪਏ ਦੀ ਠੱਗੀ ਜਲੰਧਰ ਦੇ ਮਾਡਲ ਟਾਊਨ ਇਲਾਕੇ ’ਚ ਰਹਿੰਦੇ ਇੱਕ ਕੱਪੜਾ ਵਪਾਰੀ ਨੂੰ ਇਕ ਫ਼ੋਨ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣੇ-ਆਪ ਨੂੰ ਬੈਂਕ ਦਾ ਨੁਮਾਇੰਦਾ ਦੱਸਦੇ ਹੋਏ ਕਿਹਾ ਕਿ ਉਸਦੇ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਈ ਜਾ ਸਕਦੀ ਹੈ ਤੇ ਲੋੜ ਪੈਣ ’ਤੇ ਫੌਰੀ ਕਰਜ਼ਾ ਵੀ ਮਿਲ ਜਾਵੇਗਾ। ਵਪਾਰੀ ਨੂੰ ਦੱਸਿਆ ਗਿਆ ਕਿ ਇਹ ਸੁਵਿਧਾ ਸੀਮਿਤ ਸਮੇਂ ਲਈ ਹੈ ਤੇ ਬਿਨਾਂ ਕਿਸੇ ਝੰਜਟ ਦੇ ਮਿਲੇਗੀ। ਠੱਗ ਨੇ ਭਰੋਸਾ ਵਧਾਉਣ ਲਈ ਕੁਝ ਆਮ ਜਾਣਕਾਰੀਆਂ ਸਾਂਝੀਆਂ ਕੀਤੀਆਂ ਤੇ ਫਿਰ ਓਟੀਪੀ ਤੇ ਕਾਰਡ ਡੀਟੇਲ ਮੰਗ ਲਈ। ਜਿਵੇਂ ਹੀ ਵਪਾਰੀ ਨੇ ਓਟੀਪੀ ਸਾਂਝਾ ਕੀਤਾ, ਕੁਝ ਮਿੰਟਾਂ ’ਚ ਹੀ ਉਸਦੇ ਖਾਤੇ ’ਚੋਂ ਕਰੀਬ 85 ਹਜ਼ਾਰ ਰੁਪਏ ਨਿਕਲ ਗਏ। ਖਾਤੇ ਤੋਂ ਪੈਸੇ ਕੱਟਣ ਦੇ ਮੈਸੇਜ ਆਉਂਦੇ ਹੀ ਵਪਾਰੀ ਨੂੰ ਠੱਗੀ ਦਾ ਅਹਿਸਾਸ ਹੋ ਗਿਆ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ---------------------- ਕਿਵੇਂ ਕੰਮ ਕਰਦਾ ਹੈ ਠੱਗਾਂ ਦਾ ਤਰੀਕਾ ਸਾਈਬਰ ਠੱਗ ਪਹਿਲਾਂ ਸੰਭਾਵਿਤ ਸ਼ਿਕਾਰ ਦੀ ਪਛਾਣ ਕਰਦੇ ਹਨ। ਫਿਰ ਫ਼ੋਨ ਕਾਲ, ਐੱਸਐੱਮਐੱਸ ਜਾਂ ਵ੍ਹਟਸਐਪ ਰਾਹੀਂ ਸੰਪਰਕ ਕਰਦੇ ਹਨ। ਗੱਲਬਾਤ ਦੌਰਾਨ ਉਹ ਬਹੁਤ ਹੀ ਪੇਸ਼ਾਵਰ ਭਾਸ਼ਾ ਵਰਤਦੇ ਹਨ, ਜਿਸ ਨਾਲ ਸਾਹਮਣੇ ਵਾਲਾ ਉਨ੍ਹਾਂ ਨੂੰ ਅਸਲੀ ਬੈਂਕ ਕਰਮਚਾਰੀ ਸਮਝ ਲੈਂਦਾ ਹੈ। ਠੱਗ ਕ੍ਰੈਡਿਟ ਕਾਰਡ ਦੀ ਲਿਮਿਟ ਵਧਾਉਣ, ਫ੍ਰੀ ਰਿਵਾਰਡ ਪੁਆਇੰਟ, ਕੈਸ਼ਬੈਕ, ਈਐੱਮਆਈ ’ਤੇ ਲੋਨ, ਘੱਟ ਵਿਆਜ ਦਰ ਤੇ ਪ੍ਰੀ-ਅਪਰੂਵਡ ਆਫ਼ਰਾਂ ਵਰਗੇ ਝਾਂਸੇ ਦਿੰਦੇ ਹਨ। ਜਿਵੇਂ ਹੀ ਕੋਈ ਵਿਅਕਤੀ ਭਰੋਸਾ ਕਰ ਲੈਂਦਾ ਹੈ, ਉਸ ਤੋਂ ਓਟੀਪੀ, ਕਾਰਡ ਨੰਬਰ, ਸੀਵੀਵੀ ਜਾਂ ਕਿਸੇ ਲਿੰਕ ’ਤੇ ਕਲਿੱਕ ਕਰਨ ਲਈ ਕਿਹਾ ਜਾਂਦਾ ਹੈ। ਕਈ ਮਾਮਲਿਆਂ ’ਚ ਠੱਗ ਨਕਲੀ ਐਪ ਡਾਊਨਲੋਡ ਕਰਵਾ ਲੈਂਦੇ ਹਨ, ਜਿਸ ਨਾਲ ਉਹ ਮੋਬਾਈਲ ਦੀ ਪਹੁੰਚ ਹਾਸਲ ਕਰ ਲੈਂਦੇ ਹਨ ਤੇ ਸਾਰੀ ਸੰਵੇਦਨਸ਼ੀਲ ਜਾਣਕਾਰੀ ਉਨ੍ਹਾਂ ਦੇ ਹੱਥ ਲੱਗ ਜਾਂਦੀ ਹੈ। ---------------------- ਠੱਗਾਂ ਦੇ ਜਾਲ ’ਚ ਤੇਜ਼ੀ ਨਾਲ ਫਸ ਰਹੇ ਲੋਕ ਪੁਲਿਸ ਰਿਕਾਰਡ ਮੁਤਾਬਕ ਜਲੰਧਰ ’ਚ ਕ੍ਰੈਡਿਟ ਕਾਰਡ ਤੇ ਆਨਲਾਈਨ ਬੈਂਕਿੰਗ ਨਾਲ ਜੁੜੀਆਂ ਠੱਗੀਆਂ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਹਰ ਮਹੀਨੇ ਦਰਜਨਾਂ ਸ਼ਿਕਾਇਤਾਂ ਸਾਇਬਰ ਸੈੱਲ ਤੱਕ ਪਹੁੰਚ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਡਿਜੀਟਲ ਲੈਣ-ਦੇਣ ਵਧਣ ਨਾਲ ਠੱਗਾਂ ਦੇ ਤਰੀਕੇ ਵੀ ਹੋਰ ਸ਼ਾਤਿਰ ਹੋ ਗਏ ਹਨ। ਲੋਕ ਅਕਸਰ ਇਹ ਸੋਚ ਕੇ ਜਾਣਕਾਰੀ ਸਾਂਝੀ ਕਰ ਦਿੰਦੇ ਹਨ ਕਿ ਕਾਲ ਬੈਂਕ ਵੱਲੋਂ ਹੀ ਆਈ ਹੈ, ਜਦਕਿ ਬੈਂਕ ਕਦੇ ਵੀ ਫ਼ੋਨ ‘ਤੇ ਓਟੀਪੀ ਜਾਂ ਸੀਵੀਵੀ ਨੰਬਰ ਨਹੀਂ ਮੰਗਦਾ। -------------------------- ਫ੍ਰੀ ਕੈਸ਼ਬੈਕ ਆਫ਼ਰ ’ਚ ਫਸ ਰਹੇ ਲੋਕ ਇਕ ਨਿੱਜੀ ਕੰਪਨੀ ’ਚ ਕੰਮ ਕਰਨ ਵਾਲੇ ਕਰਮਚਾਰੀ ਨੂੰ ਫ੍ਰੀ ਕੈਸ਼ਬੈਕ ਦਾ ਮੈਸੇਜ ਆਇਆ। ਲਿੰਕ ’ਤੇ ਕਲਿੱਕ ਕਰਦੇ ਹੀ ਉਸਦੇ ਕਾਰਡ ਤੋਂ 40 ਹਜ਼ਾਰ ਰੁਪਏ ਨਿਕਲ ਗਏ। ਇਕ ਘਰੇਲੂ ਮਹਿਲਾ ਨੂੰ ਕ੍ਰੈਡਿਟ ਕਾਰਡ ਬੰਦ ਹੋਣ ਦਾ ਡਰ ਦਿਖਾਇਆ ਗਿਆ ਤੇ ਕਾਰਡ ਡੀਟੇਲ ਲੈਂਦੇ ਹੀ ਖਾਤੇ ਤੋਂ ਪੈਸੇ ਕੱਢ ਲਏ ਗਏ। ਇਕ ਛੋਟੇ ਦੁਕਾਨਦਾਰ ਤੋਂ ਨਕਲੀ ਐਪ ਡਾਊਨਲੋਡ ਕਰਵਾ ਕੇ ਉਸਦਾ ਪੂਰਾ ਬੈਂਕ ਖਾਤਾ ਖਾਲੀ ਕਰ ਦਿੱਤਾ ਗਿਆ। ਅਜਿਹੇ ਅਨੇਕਾਂ ਮਾਮਲੇ ਹਨ ਜਿੱਥੇ ਲੋਕ ਫਸ ਰਹੇ ਹਨ। ਸਭ ਤੋਂ ਵੱਧ ਠੱਗੀ ਕੈਸ਼ਬੈਕ ਦੇ ਮਾਮਲਿਆਂ ’ਚ ਸਾਹਮਣੇ ਆ ਰਹੀ ਹੈ। ਥੋੜ੍ਹੇ ਜਿਹੇ ਕੈਸ਼ਬੈਕ ਦਾ ਲਾਲਚ ਲੋਕਾਂ ਦੇ ਹਜ਼ਾਰਾਂ ਰੁਪਏ ਗੁਆ ਰਹਾ ਹੈ। ----------------------- ਕੀ ਕਹਿੰਦੇ ਹਨ ਸਾਈਬਰ ਮਾਹਿਰ ਸਾਈਬਰ ਮਾਹਿਰ ਇੰਸਪੈਕਟਰ ਪੁਸ਼ਪ ਬਾਲੀ ਦਾ ਕਹਿਣਾ ਹੈ ਕਿ ਜਾਗਰੂਕਤਾ ਦੀ ਘਾਟ ਕਾਰਨ ਲੋਕ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਕੋਈ ਵੀ ਬੈਂਕ ਕਦੇ ਵੀ ਫ਼ੋਨ, ਮੈਸੇਜ ਜਾਂ ਵ੍ਹਟਸਐਪ ਰਾਹੀਂ ਓਟੀਪੀ, ਸੀਵੀਵੀ ਜਾਂ ਕਾਰਡ ਨੰਬਰ ਨਹੀਂ ਮੰਗਦਾ। ਵਧੀਆ ਆਫ਼ਰ ਜਾਂ ਤੁਰੰਤ ਲੋਨ ਦਾ ਲਾਲਚ ਮਿਲਣ ’ਤੇ ਪਹਿਲਾਂ ਬੈਂਕ ਦੀ ਅਧਿਕਾਰਿਤ ਸ਼ਾਖਾ ਜਾਂ ਕਸਟਮਰ ਕੇਅਰ ਨਾਲ ਪੁਸ਼ਟੀ ਜ਼ਰੂਰ ਕਰੋ। ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ ਤੇ ਕਿਸੇ ਵੀ ਨਕਲੀ ਐਪ ਨੂੰ ਡਾਊਨਲੋਡ ਕਰਨ ਤੋਂ ਬਚੋ। ------------------------ ਸਾਵਧਾਨੀ ਹੀ ਸਭ ਤੋਂ ਵੱਡਾ ਬਚਾਅ ਹੈ। ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੀ ਸਾਲਾਂ ਦੀ ਮਿਹਨਤ ਦੀ ਕਮਾਈ ਨੂੰ ਮਿੰਟਾਂ ’ਚ ਖਤਮ ਕਰ ਸਕਦੀ ਹੈ। ਇਸ ਲਈ ਕਿਸੇ ਵੀ ਅਣਜਾਣ ਕਾਲ ਜਾਂ ਆਫ਼ਰ ’ਤੇ ਭਰੋਸਾ ਕਰਨ ਤੋਂ ਪਹਿਲਾਂ ਸੋਚੋ, ਜਾਂਚੋ ਤੇ ਅਲਰਟ ਰਹੋ। ਕਿਸੇ ਵੀ ਕਿਸਮ ਦੀ ਠੱਗੀ ਹੋਣ ’ਤੇ ਤੁਰੰਤ ਪੁਲਿਸ ਕੋਲ ਪਹੁੰਚੋ। ਤੁਰੰਤ ਸੂਚਨਾ ਮਿਲਣ ’ਤੇ ਪੁਲਿਸ ਕੁਝ ਕਰ ਸਕਦੀ ਹੈ, ਜਦਕਿ ਥੋੜ੍ਹੀ ਜਿਹੀ ਦੇਰੀ ਨਾਲ ਸਾਇਬਰ ਠੱਗਾਂ ਤੱਕ ਪਹੁੰਚਣਾ ਪੁਲਿਸ ਲਈ ਵੀ ਕਾਫ਼ੀ ਮੁਸ਼ਕਲ ਹੋ ਜਾਂਦਾ ਹੈ। ਪੁਲਿਸ ਕਮਿਸ਼ਨਰ, ਧਨਪ੍ਰੀਤ ਕੌਰ