ਮਗਨਰੇਗਾ ਦੇ ਖ਼ਾਤਮੇ ਵਿਰੁੱਧ ਪੁਤਲਾ ਫੂਕ ਕੇ ਕੀਤਾ ਰੋਸ ਮੁਜ਼ਾਹਰਾ
ਮਗਨਰੇਗਾ ਦੇ ਖ਼ਾਤਮੇ ਵਿਰੁੱਧ ਦਿਹਾਤੀ ਮਜ਼ਦੂਰ ਸਭਾ ਨੇ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Fri, 19 Dec 2025 09:49 PM (IST)
Updated Date: Sat, 20 Dec 2025 04:13 AM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਦਿਹਾਤੀ ਮਜ਼ਦੂਰ ਸਭਾ ਵੱਲੋਂ ਤਹਿਸੀਲ ਸਕੱਤਰ ਅੰਮ੍ਰਿਤ ਨੰਗਲ ਦੀ ਅਗਵਾਈ ’ਚ ਕੇਂਦਰ ਦੀ ਮੋਦੀ ਸਰਕਾਰ ਤੇ ਆਰਐੱਸਐੱਸ-ਭਾਜਪਾ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੋਸ ਮੁਜ਼ਾਹਰਾ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਦੀ ਮੋਦੀ ਸਰਕਾਰ ਨੇ ਮੁਸ਼ਕਿਲ ਨਾਲ ਜੂਨ ਗੁਜਾਰਾ ਕਰਦੇ ਬੇ-ਜ਼ਮੀਨੇ-ਸਾਧਨਹੀਣ ਪੇਂਡੂ ਕਿਰਤੀਆਂ ਨੂੰ ਸੀਮਤ ਦਿਨਾਂ ਲਈ ਗਰੰਟੀ ਸ਼ੁਦਾ ਰੁਜ਼ਗਾਰ ਦੇਣ ਵਾਲੇ ਮਗਨਰੇਗਾ ਕਾਨੂੰਨ ਦਾ ਸਿਰਫ ਨਾਂ ਹੀ ਨਹੀਂ ਬਦਲ ਕੇ ਵਿਕਸਿਤ ਭਾਰਤ ਰੁਜ਼ਗਾਰ ਆਜੀਵਕਾ ਗਾਰੰਟੀ ਮਿਸ਼ਨ (ਗ੍ਰਾਮੀਣ) ਵੀ ਬੀ ਜੀ ਰਾਮ ਜੀ ਹੀ ਨਹੀਂ ਕੀਤਾ, ਬਲਕਿ ਢਾਂਚਾਗਤ ਬਦਲਾਅ ਕਰ ਕੇ ਇਸ ਕਾਨੂੰਨ ਦੀ ਰੂਹ ਕਤਲ ਕਰ ਦਿੱਤੀ ਹੈ। ਅਜਿਹਾ ਕਰ ਕੇ ਮੋਦੀ ਸਰਕਾਰ ਨੇ ਆਪਣੇ ਵਿਚਾਰਧਾਰਕ ਆਕਾ, ਦਲਿਤ ਵਿਰੋਧੀ ਮੰਦੀ ਸੋਚ ਦੇ ਮਾਲਕ ਆਰਐੱਸਐੱਸ ਦੀ ਮਗਨਰੇਗਾ ਦੇ ਖਾਤਮੇ ਦੀ ਚਿਰੋਕਣੀ ਮਨੂੰਵਾਦੀ ਸਾਜ਼ਿਸ਼ ਪੂਰ ਚੜ੍ਹਾਈ ਹੈ। ਨਤੀਜੇ ਵਜੋਂ ਪਹਿਲਾਂ ਹੀ ਘੋਰ ਗੁਰਬਤ ਦਾ ਸੰਤਾਪ ਹੰਢਾਅ ਰਹੇ ਪੇਂਡੂ ਕਿਰਤੀਆਂ, ਜਿਨ੍ਹਾਂ ’ਚੋਂ ਭਾਰੀ ਗਿਣਤੀ ਅਨੁਸੂਚਿਤ ਜਾਤੀਆਂ, ਜਨ-ਜਾਤੀਆਂ ਨਾਲ ਸਬੰਧਤ ਹਨ, ਦੇ ਭੁੱਖੇ ਮਰਨ ਦੀ ਨੌਬਤ ਆ ਜਾਵੇਗੀ। ਉਕਤ ਵਿਚਾਰ ਅੱਜ ਇਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਸੈਕਟਰੀ ਸਾਥੀ ਅੰਮ੍ਰਿਤ ਨੰਗਲ ਵਲੋਂ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕੇ ਵਾਰ-ਵਾਰ ਕੇਂਦਰ ਸਰਕਾਰ ਮਜ਼ਦੂਰਾਂ ਨੂੰ ਰੋਟੀਆਂ ਤੋੰ ਆਵਾਜ਼ਰ ਕਰ ਰਹੀ ਹੈ.ਅੱਜ ਫਿਲੌਰ ਵਿਖ਼ੇ ਮੋਦੀ ਦਾ ਪੁਤਲਾ ਫੂਕਿਆ, ਜਿਸ ’ਚ ਮੇਜਰ ਫਿਲੌਰ, ਕੁਲਦੀਪ ਵਾਲੀਆ, ਮੰਗਾ ਸੰਗੋਵਾਲ, ਲਾਲਾ ਨੰਗਲ, ਜੀਤਾ ਸੰਗੋਵਾਲ, ਲੁਭਾਇਆ ਭੈਣੀ, ਤਿਲਕ ਰਾਜ, ਕੁਲਦੀਪ ਫਿਲੌਰ, ਮੱਖਣ ਸੰਗਰਮੀ ਸ਼ਾਮਲ ਸਨ।