ਨਿਗਮ ਦੀਆਂ ਪੰਜ ਸ਼ਾਖਾਵਾਂ ਮਾਲੀਆ ਇਕੱਠਾ ਕਰਨ ’ਚ ਪੱਛੜੀਆਂ
ਢਾਈ ਮਹੀਨੇ ’ਚ ਟੀਚਾ
Publish Date: Mon, 12 Jan 2026 07:20 PM (IST)
Updated Date: Mon, 12 Jan 2026 07:24 PM (IST)

ਢਾਈ ਮਹੀਨੇ ’ਚ ਟੀਚਾ ਹਾਸਲ ਕਰਨਾ ਸੰਭਵ ਨਹੀਂ ਜਾਗਰਣ ਸੰਵਾਦਦਾਤਾ, ਜਲੰਧਰ : ਮੌਜੂਦਾ ਵਿੱਤੀ ਸਾਲ ਦੇ ਖਤਮ ਹੋਣ ’ਚ ਲਗਪਗ ਢਾਈ ਮਹੀਨੇ ਬਾਕੀ ਹਨ। ਨਗਰ ਨਿਗਮ ਦੀਆਂ ਪੰਜ ਮੁੱਖ ਸ਼ਾਖਾਵਾਂ ਦਾ ਮਾਲੀਆ ਇਕੱਠਾ ਦਾ ਟੀਚਾ 189 ਕਰੋੜ ਰੁਪਏ ਹੈ। ਨਿਗਮ ਨੇ ਹੁਣ ਤੱਕ ਲਗਪਗ 125 ਕਰੋੜ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ, ਜੋ ਕਿ ਕੁੱਲ ਟੀਚੇ ਦਾ ਲਗਪਗ 65 ਫ਼ੀਸਦੀ ਹੈ। ਅਗਲੇ ਢਾਈ ਮਹੀਨੇ ’ਚ ਨਿਗਮ ਨੂੰ 35 ਫ਼ੀਸਦੀ ਰਿਕਵਰੀ ਕਰਨੀ ਹੋਵੇਗੀ ਤਾਂ ਹੀ ਟੀਚਾ ਹਾਸਲ ਹੋ ਸਕੇਗਾ। ਨਿਗਮ ਨੂੰ ਸਭ ਤੋਂ ਵੱਧ ਆਮਦਨੀ ਬਿਲਡਿੰਗ ਸ਼ਾਖਾ, ਪ੍ਰਾਪਰਟੀ ਟੈਕਸ ਤੇ ਵਾਟਰ ਸਪਲਾਈ ਵਿਭਾਗ ਤੋਂ ਹੁੰਦੀ ਹੈ। ਇਸ ਵਾਰ ਇਸ਼ਤਿਹਾਰੀ ਸ਼ਾਖਾ ਦਾ ਟੈਂਡਰ ਵੀ ਸਫਲ ਹੋ ਗਿਆ ਹੈ ਤੇ ਹਰ ਸਾਲ ਲਗਪਗ 14 ਕਰੋੜ ਰੁਪਏ ਇਸ ਤੋਂ ਮਿਲਣ ਦੀ ਉਮੀਦ ਹੈ। ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦਾ ਇਸ ਸਾਲ ਦਾ ਟੀਚਾ 4 ਕਰੋੜ ਰੁਪਏ ਹੈ ਪਰ ਇਹ ਸ਼ਾਖਾ ਹਾਲੇ ਵੀ ਟੀਚੇ ਤੋਂ ਕਾਫੀ ਪਿੱਛੇ ਹੈ ਤੇ 2 ਕਰੋੜ ਰੁਪਏ ਤੋਂ ਘੱਟ ਹੀ ਪ੍ਰਾਪਤ ਹੋਏ ਹਨ। ਮੌਜੂਦਾ ਵਿੱਤੀ ਸਾਲ ਦੇ ਸਾਢੇ 9 ਮਹੀਨੇ ਬੀਤ ਚੁੱਕੇ ਹਨ ਤੇ ਅਗਲੇ ਢਾਈ ਮਹੀਨੇ ’ਚ ਨਿਗਮ ਨੂੰ ਟੀਚਾ ਹਾਸਲ ਕਰਨ ਲਈ ਇਨ੍ਹਾਂ ਪੰਜ ਸ਼ਾਖਾਵਾਂ ਨੂੰ ਲਗਪਗ 65 ਕਰੋੜ ਰੁਪਏ ਦੀ ਵਸੂਲੀ ਕਰਨੀ ਹੋਵੇਗੀ। ਕਿਸੇ ਵੀ ਸ਼ਾਖਾ ਲਈ ਇਹ ਟੀਚਾ ਪੂਰਾ ਕਰਨਾ ਸੌਖਾ ਨਹੀਂ। ਜਦੋਂ ਕਿ ਇਸ਼ਤਿਹਾਰ ਸ਼ਾਖਾ ਦਾ ਟੈਂਡਰ ਸਫਲ ਰਿਹਾ ਹੈ ਪਰ ਇਸ ਸਾਲ ਇਸ ਟੈਂਡਰ ਤੋਂ 3 ਤੋਂ 4 ਕਰੋੜ ਰੁਪਏ ਹੀ ਮਿਲਣ ਦੀ ਉਮੀਦ ਹੈ, ਕਿਉਂਕਿ ਹਾਲੇ ਠੇਕੇਦਾਰ ਪਹਿਲੀ ਕਿਸ਼•ਤ ਦਾ ਭੁਗਤਾਨ ਇਕ ਮਹੀਨੇ ਤੱਕ ਕਰੇਗਾ। ਮੇਅਰ ਵਨੀਤ ਧੀਰ ਪਹਿਲਾਂ ਹੀ ਇਨ੍ਹਾਂ ਸਾਰੀਆਂ ਸ਼ਾਖਾਵਾਂ ਨੂੰ ਮਾਲੀਆ ਇਕੱਠਾ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦੇ ਚੁੱਕੇ ਹਨ ਤੇ ਅਗਲੇ ਹਫਤੇ ਤੋਂ ਇਨ੍ਹਾਂ ਸਾਰੀਆਂ ਸ਼ਾਖਾਵਾਂ ਦੀ ਹਫ਼ਤਾਵਾਰੀ ਮਾਨੀਟ੍ਰਿੰਗ ਬੈਠਕ ਵੀ ਹੋਵੇਗੀ ਤਾਂ ਜੋ ਰਿਕਵਰੀ ਬਾਰੇ ਹਰ ਹਫਤੇ ਜਾਣਕਾਰੀ ਮਿਲ ਸਕੇ। --- ਬਿਲਡਿੰਗ ਸ਼ਾਖਾ ਦਾ ਟੀਚਾ 75 ਕਰੋੜ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਮਾਲੀਆ ਇਕੱਠਾ ’ਚ ਇਸ ਸਮੇਂ ਬਾਕੀ ਸ਼ਾਖਾਵਾਂ ਨਾਲੋਂ ਕਾਫੀ ਅੱਗੇ ਹੈ। ਇਸ ਸ਼ਾਖਾ ਨੂੰ ਨਕਸ਼ਾ ਫੀਸ, ਚੇਂਜ ਆਫ ਲੈਂਡ ਯੁਜ਼ ਚੇਂਜ, ਕੰਪ੍ਰੋਮਾਈਜ਼, ਐਕਸਟਰਨਲ ਡਿਵੈੱਲਪਲਮੈਂਟ ਚਾਰਜ ਤੇ ਰੈਗੂਲਰਾਈਜ਼ੇਸ਼ਨ ਫੀਸ ਜ਼ਰੀਏ ਮਾਲੀਆ ਮਿਲਦਾ ਹੈ। ਜੇ ਇਹ ਸ਼ਾਖਾ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਕਰੇ ਤਾਂ ਅਗਲੇ ਢਾਈ ਮਹੀਨੇ ’ਚ ਟੀਚਾ ਹਾਸਲ ਕੀਤਾ ਜਾ ਸਕਦਾ ਹੈ। ਸ਼ਹਿਰ ’ਚ ਇਸ ਸਮੇਂ ਨਾਜਾਇਜ਼ ਉਸਾਰੀਆਂ ਕਾਫੀ ਵੱਧ ਰਹੀਆਂ ਹੈ ਪਰ ਇਨ੍ਹਾਂ ਤੇ ਕਾਰਵਾਈ ਨਾਮ-ਮਾਤਰ ਹੈ। ਜੇ ਇਸ ਸ਼ਾਖਾ ਦਾ ਕੰਮ ਠੀਕ ਹੋਵੇ ਤਾਂ ਟੀਚੇ ਤੋਂ ਵੀ ਵੱਧ ਪ੍ਰਾਪਤੀ ਹੋ ਸਕਦੀ ਹੈ। --- ਪ੍ਰਾਪਰਟੀ ਟੈਕਸ ਦਾ ਟੀਚਾ 75 ਕਰੋੜ ਪ੍ਰਾਪਰਟੀ ਟੈਕਸ ਸ਼ਾਖਾ ਦੀ ਕੁਲੈਕਸ਼ਨ ਵੀ ਠੀਕ ਚੱਲ ਰਹੀ ਹੈ ਪਰ ਪਿਛਲੇ ਸਾਲ ਦੇ ਟੀਚੇ ਮੁਕਾਬਲੇ ਮੌਜੂਦਾ ਸਾਲ ਦਾ ਟੀਚਾ ਕਾਫੀ ਵੱਧ ਹੈ। ਪਿਛਲੇ ਸਾਲ 50 ਕਰੋੜ ਦੇ ਟੀਚੇ ਮੁਕਾਬਲੇ 43 ਕਰੋੜ ਰੁਪਏ ਦੀ ਰਿਕਵਰੀ ਹੋਈ ਸੀ। ਇਸ ਵਾਰ ਟੀਚਾ ਵਧਾ ਕੇ 75 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਇਹ ਸ਼ਾਖਾ 55 ਕਰੋੜ ਰੁਪਏ ਤੱਕ ਦੀ ਰਿਕਵਰੀ ਕਰ ਸਕਦੀ ਹੈ ਤੇ ਇਸ ਤੋਂ ਵੱਧ ਲਈ ਜੰਗੀ ਪੱਧਰ ’ਤੇ ਡਿਫਾਲਟਰਾਂ ਖ਼ਿਲਾਫ਼ ਕਾਰਵਾਈ ਕਰਨੀ ਹੋਵੇਗੀ। ਸ਼ਾਖਾ ਦੀ ਟੀਮ ਨੂੰ ਕਈ ਹੋਰ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਜਿਸ ਕਾਰਨ ਰਿਕਵਰੀ ’ਤੇ ਧਿਆਨ ਨਹੀਂ ਦਿੱਤਾ ਜਾ ਸਕਦਾ। --- ਵਾਟਰ ਸਪਲਾਈ ਸ਼ਾਖਾ ਦਾ ਟੀਚਾ 22 ਕਰੋੜ ਵਾਟਰ ਸਪਲਾਈ ਸ਼ਾਖਾ ਦੀ ਕੁਲੇਕਸ਼ਨ ਹੁਣ ਤੱਕ ਸਿਰਫ 50 ਫ਼ੀਸਦੀ ਹੋਈ ਹੈ। ਇਸ ਸ਼ਾਖਾ ਦਾ ਟੀਚਾ 22 ਕਰੋੜ ਹੈ ਤੇ ਰਿਕਵਰੀ ਹੁਣ ਤੱਕ 11 ਕਰੋੜ ਹੈ। ਇਹ ਸ਼ਾਖਾ ਸਾਲ ਵਿਚ ਦੋ ਵਾਰੀ ਬਿੱਲ ਜਾਰੀ ਕਰਦੀ ਹੈ ਤੇ ਦੂਜੀ ਵਾਰੀ ਦਾ ਬਿੱਲ ਇਸ ਹਫਤੇ ਜਾਰੀ ਹੋਵੇਗਾ। ਉਮੀਦ ਹੈ ਕਿ ਰਿਕਵਰੀ ਟੀਚੇ ਨੇੜੇ ਪੁੱਜ ਸਕਦੀ ਹੈ। ਟੀਚਾ ਹਾਸਲ ਕਰਨ ਲਈ ਨਾਜਾਇਜ਼ ਕੁਨੈਕਸ਼ਨ ਨੂੰ ਰੈਗੂਲਰ ਕਰਨ ਲਈ ਵੀ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ। ਪਾਣੀ ਦੇ ਬਿੱਲ ’ਚ ਛੋਟ ਤੇ ਮਾਫੀ ਕਾਰਨ ਇਹ ਸ਼ਾਖਾ ਆਪਣਾ ਵੱਡਾ ਟੀਚਾ ਤੈਅ ਨਹੀਂ ਕਰ ਸਕੀ। --- ਇਸ਼ਤਿਹਾਰੀ ਸ਼ਾਖਾ ਦਾ ਟੀਚਾ 13 ਕਰੋੜ ਇਸ਼ਤਿਹਾਰੀ ਸ਼ਾਖਾ ਨਗਰ ਨਿਗਮ ਲਈ ਅਗਲੇ ਸਾਲ ਤੋਂ ਆਮਦਨੀ ਦਾ ਵੱਡਾ ਸਰੋਤ ਸਾਬਤ ਹੋ ਸਕਦੀ ਹੈ। ਲਗਪਗ 14 ਸਾਲਾਂ ਬਾਅਦ ਨਗਰ ਨਿਗਮ ਇਸ ਦਾ ਟੈਂਡਰ ਕਰਨ ’ਚ ਸਫਲ ਹੋਇਆ ਹੈ। ਇਹ ਟੈਂਡਰ 13.71 ਕਰੋੜ ਰੁਪਏ ’ਚ ਜਾਰੀ ਹੋਇਆ ਹੈ ਪਰ ਇਸ ਸਾਲ ਨਗਰ ਨਿਗਮ ਨੂੰ ਆਖਰੀ ਦੋ ਮਹੀਨਿਆਂ ਦਾ ਹੀ ਪੈਸਾ ਮਿਲੇਗਾ ਪਰ ਅਗਲੇ ਸਾਲ ਤੋਂ ਇਹ ਆਮਦਨ ਤੈਅ ਹੋ ਜਾਵੇਗੀ। ਤਹਿਬਾਜ਼ਾਰੀ ਸ਼ਾਖਾ ਦਾ ਟੀਚਾ 4 ਕਰੋੜ ਨਗਰ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਦਾ ਟੀਚਾ ਵੱਡਾ ਨਹੀਂ ਹੈ ਪਰ ਇਸ ਨੂੰ ਹਾਸਲ ਕਰਨ ਵਿਚ ਵੀ ਕਾਫੀ ਜੱਦੋ-ਜਹਿਦ ਕਰਨੀ ਪੈ ਰਹੀ ਹੈ। ਇਹ ਸ਼ਾਖਾ ਆਮਦਨੀ ਦੀ ਬਜਾਏ ਸ਼ਹਿਰ ਦੇ ਟ੍ਰੈਫਿਕ ਸਿਸਟਮ ਤੇ ਸੜਕਾਂ ’ਤੇ ਹੋਏ ਕਬਜ਼ਿਆਂ ਨੂੰ ਹਟਾਉਣ ’ਚ ਭੂਮਿਕਾ ਨਿਭਾਏ ਤਾਂ ਸ਼ਹਿਰ ਦੇ ਲੋਕਾਂ ਨੂੰ ਆਸਾਨੀ ਹੋ ਸਕਦੀ ਹੈ। ਸ਼ਹਿਰ ’ਚ ਜਿੰਨੀ ਰੇਹੜੀਆਂ ਹਨ, ਉਸ ਮੁਤਾਬਕ ਇਸ ਸ਼ਾਖਾ ਦੀ ਆਮਦਨ ਵੀ 10 ਤੋਂ 15 ਕਰੋੜ ਹੋ ਸਕਦੀ ਹੈ ਪਰ ਡੇਢ ਤੋਂ 2 ਕਰੋੜ ਰੁਪਏ ਹਾਸਲ ਕਰਨ ’ਚ ਵੀ ਮੁਸ਼ਕਲਾਂ ਆ ਰਹੀਆਂ ਹਨ।