ਵੱਡੇ ਪੱਧਰ ’ਤੇ ਫੈਲ ਚੁੱਕਾ ਹੈ ਪਲਾਸਟਿਕ ਦੀ ਡੋਰ ਦਾ ਕਾਰੋਬਾਰ
ਨਸ਼ੇ ਤੇ ਗੈਂਗਸਟਰਵਾਦ ਵਾਂਗ ਵੱਡੇ ਪੱਧਰ ’ਤੇ ਫੈਲ ਚੁੱਕਾ ਹੈ ਪਲਾਸਟਿਕ ਦੀ ਡੋਰ ਦਾ ਕਾਰੋਬਾਰ
Publish Date: Mon, 12 Jan 2026 08:21 PM (IST)
Updated Date: Mon, 12 Jan 2026 08:24 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਇਕ ਸਮਾਂ ਸੀ ਜਦੋਂ ਸਾਡੇ ਤਿਉਹਾਰ ਖ਼ੁਸ਼ੀਆਂ ਖੇੜੇ ਸਾਂਝੇ ਕਰਨ ਲਈ ਮਨਾਏ ਜਾਂਦੇ ਸਨ, ਜਿਸ ਨਾਲ ਜਿੱਥੇ ਭਾਈਚਾਰਕ ਸਾਂਝ ਤੇ ਆਪਸੀ ਰਿਸ਼ਤੇ ਮਜ਼ਬੂਤ ਹੁੰਦੇ ਸਨ। ਬਜ਼ੁਰਗ ਕਹਿੰਦੇ ਹਨ ਕਿ ਗਿਆਨ ਤੇ ਖ਼ੁਸ਼ੀ ਵੰਡਿਆ ਦੁੱਗਣੀ ਹੋ ਜਾਂਦੀ ਹੈ ਪਰ ਅੱਜ ਕੱਲ੍ਹ ਹਲਾਤ ਇਹ ਹੋ ਗਏ ਹਨ ਕਿ ਕਿਸੇ ਦੀ ਖੁਸ਼ੀ ਤੇ ਤਰੱਕੀ ਸਾਥੋਂ ਜ਼ਰ ਨਹੀਂ ਹੁੰਦੀ, ਦੁੱਖ ਵੰਡਾਉਣਾ ਨਹੀਂ ਆਉਂਦਾ। ਅੱਜ ਸਾਡੇ ਤਿਉਹਾਰ ਖ਼ੁਸ਼ੀਆਂ ਦੀ ਥਾਂ ਸੱਥਰ ਵਿਛਾ ਰਹੇ ਹਨ। ਤਿਉਹਾਰ ਕਰਕੇ ਗਲੀ ਮੁਹੱਲਿਆਂ, ਛੱਤਾਂ, ਸੜਕਾਂ ’ਤੇ ਮੌਤ ਸ਼ਰੇਆਮ ਘੁੰਮ ਰਹੀ। ਪੈਸਾ ਕਮਾਉਣਾ ਤੇ ਸ਼ੌਂਕ ਪੁਗਾਉਣਾ ਮੁੱਖ ਹੋ ਗਿਆ। ਪਾਬੰਦੀ ਦੇ ਬਾਵਜੂਦ ਬੱਚਿਆਂ ਦੇ ਹੱਥਾਂ ’ਚ ਜਾਨਲੇਵਾ ਡੋਰਾ ਆਮ ਵੇਖਣ ਨੂੰ ਮਿਲਦੀ ਹੈ। ਪਲਾਸਟਿਕ ਦੀ ਜਾਨਲੇਵਾ ਡੋਰ ਦੀ ਵਿਕਰੀ ਤੇ ਵਰਤੋਂ ਬਾਰੇ ਵੱਖ-ਵੱਖ ਲੋਕਾਂ ਵੱਲੋਂ ਵਿਚਾਰ ਪ੍ਰਗਟਾਏ ਗਏ। --------------------- ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ : ਮੰਡ ਉਘੇ ਵਪਾਰੀ ਸੁਖਪ੍ਰੀਤ ਸਿੰਘ ਮੰਡ ਦਾ ਕਹਿਣਾ ਹੈ ਕਿ ਅੱਜ ਵੀ ਪਲਾਸਟਿਕ ਡੋਰ ਦੀ ਖੁੱਲ੍ਹੇਆਮ ਵਰਤੋਂ ਹੋ ਰਹੀ ਹੈ। ਪਲਾਸਟਿਕ ਡੋਰ ਵੇਚਣ ਵਾਲਿਆਂ ਜਾ ਵਰਤੋਂ ਕਰਨ ਵਾਲਿਆਂ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ, ਜਿਸ ਕਰਕੇ ਇਸ ਨੂੰ ਬਣਾਉਣ, ਵੇਚਣ ਤੇ ਵਰਤੋਂ ਕਰਨ ਵਾਲੇ ਲੋਕਾਂ ਦੇ ਹੌਂਸਲੇ ਬੁਲੰਦ ਹਨ। ਜਦੋਂ ਇਸ ਡੋਰ ਦੀ ਵਜਾ ਸਦਕਾ ਕੋਈ ਘਟਨਾ ਵਾਪਰਦੀ ਹੈ ਤਾਂ ਪ੍ਰਸ਼ਾਸਨ ਵੱਲੋਂ ਸਖ਼ਤ ਤੇ ਸਥਾਈ ਕਦਮ ਚੁੱਕੇ ਜਾਣ ਦੀ ਥਾਂ ਗੋਂਗਲੂਆਂ ਤੋਂ ਮਿੱਟੀ ਝਾੜ ਦਿੱਤੀ ਜਾਂਦੀ ਹੈ। ---------------------- ਨਸ਼ੇ ਤੇ ਗੈਂਗਸਟਰਵਾਦ ਵਾਂਗ ਫੈਲ ਚੁੱਕਾ ਡੋਰ ਦਾ ਕਾਰੋਬਾਰ : ਨਿੱਕੂ ਵਪਾਰੀ ਧਰਮਿੰਦਰ ਨਿੱਕੂ ਦਾ ਕਹਿਣਾ ਹੈ ਕਿ ਨਸ਼ੇ ਤੇ ਗੈਂਗਸਟਰਵਾਦ ਵਾਂਗ ਪਲਾਸਟਿਕ ਦੀ ਡੋਰ ਦਾ ਕਾਰੋਬਾਰ ਵੀ ਵੱਡੇ ਪੱਧਰ ’ਤੇ ਫੈਲ ਚੁੱਕਾ ਹੈ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਹਾਲੇ ਤੱਕ ਨੱਥ ਨਹੀਂ ਪਾਈ ਜਾ ਸਕੀ। ਨੱਥ ਪਵੇਗੀ ਕਿਵੇਂ, ਕਿਉਂਕਿ ਇਸ ਡੋਰ ਦੇ ਕਾਰੋਬਾਰ ਨਾਲ ਕਰੋੜਾਂ ਦਾ ਕਾਰੋਬਾਰ ਚੱਲ ਰਿਹਾ ਹੈ। ਨਸ਼ੇ ਦੀ ਸਪਲਾਈ ਕਰਨ ਵਾਲਿਆਂ ਵਾਂਗ ਇਸ ਡੋਰ ਦੇ ਕਾਰੋਬਾਰ ਪਿੱਛੇ ਵੀ ਵੱਡੇ ਲੋਕ ਜੁੜੇ ਹੋਏ ਹਨ। ਜਿਸ ਦੀ ਬਦੌਲਤ ਇਸ ਦੀ ਵਰਤੋਂ ਹਰ ਵਰ੍ਹੇ ਲਗਾਤਾਰ ਵਧਦੀ ਹੀ ਜਾ ਰਹੀ ਹੈ। --------------------------- ਡੋਰ ਦਾ ਜਾਲ ਵਿਛਿਆ ਹੁੰਦਾ ਹੈ : ਬਤਰਾ ਨਵੀਂ ਸਬਜੀ ਮੰਡੀ ਮਕਸੂਦਾਂ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਮੁਹਿੰਦਰਜੀਤ ਸਿੰਘ ਸ਼ੰਟੀ ਬਤਰਾ ਦਾ ਕਹਿਣਾ ਹੈ ਕਿ ਮੌਤ ਦੀ ਡੋਰ ਸੜਕਾਂ ਤੇ ਗਲੀਆਂ ’ਚ ਤੁਰਨ ਵਕਤ ਰਾਹਗੀਰਾਂ ਦੇ ਪੈਰਾਂ ’ਚ ਅੜਦੀ ਹੈ। ਜੋ ਉਨ੍ਹਾਂ ਨੂੰ ਦਿੱਕਤਾਂ ਹੀ ਖੜ੍ਹੀਆਂ ਨਹੀਂ ਕਰਦੀ ਬਲਕੇ ਲੱਤਾਂ ਪੈਰਾਂ ’ਤੇ ਕੱਟ ਲਾ ਦਿੰਦੀ ਹੈ ਤੇ ਖੂਨ ਵਗਣ ਲਾ ਦਿੰਦੀ ਹੈ ਹਰ ਰੋਜ਼ ਇਸ ਡੋਰ ਦੀ ਵਜ੍ਹਾ ਕਰਕੇ ਅਨੇਕਾਂ ਲੋਕਾਂ ਦੇ ਜ਼ਖਮੀ ਹੋਣ ਤੇ ਡੋਰ ਦੀ ਵਜ੍ਹਾ ਨਾਲ ਮੌਤ ਹੋ ਜਾਣ ਦੀਆਂ ਖ਼ਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ਜੇਕਰ ਦੇਖਿਆ ਜਾਵੇ ਤਾਂ ਹੁਣ ਤੱਕ ਚਾਈਨਾ ਡੋਰ ਨਾਲ ਹਜ਼ਾਰਾਂ ਮੌਤਾਂ ਹੋ ਚੁੱਕੀਆਂ ਹਨ। ------------------------------- ਦੁਸ਼ਮਣੀ ਕੱਢਣ ਲਈ ਵੀ ਕੀਤੀ ਜਾ ਰਹੀ ਹੈ ਵਰਤੋਂ : ਨਾਗੀ ਸਨਅਤਕਾਰ ਗੁਰਵਿੰਦਰ ਸਿੰਘ ਨਾਗੀ ਦਾ ਕਹਿਣਾ ਹੈ ਕਿ ਪਲਾਸਟਿਕ ਦੀ ਡੋਰ ਨੂੰ ਲਗਾਮ ਨਹੀਂ ਲੱਗ ਰਹੀ ਹੁਣ ਤਾਂ ਇਸ ਡੋਰ ਦੀ ਵਰਤੋਂ ਨਾ ਕੇਵਲ ਪਤੰਗ ਚੜ੍ਹਾਉਣ ਲਈ ਹੀ ਕੀਤੀ ਜਾਂਦੀ ਹੈ। ਸਗੋਂ ਇਸ ਦੀ ਵਰਤੋਂ ਦੁਸ਼ਮਣੀ ਕੱਢਣ ਲਈ ਵੀ ਕੀਤੀ ਜਾ ਰਹੀ ਹੈ। ਜੋ ਬੇਹੱਦ ਖਤਰਨਾਕ ਰੁਝਾਨ ਹੈ। ਇਸ ਦੇ ਬਾਵਜੂਦ ਪਤਾ ਨਹੀਂ ਸਾਡੀਆ ਸਰਕਾਰਾਂ ਤੇ ਲੋਕ ਕਦੋਂ ਸਮਝਣਗੇ। ਸਰਕਾਰ ਵੱਲੋਂ ਪਲਾਸਟਿਕ ਦੀ ਡੋਰ ’ਤੇ ਪਾਬੰਧੀ ਲਾਉਣ ਦੇ ਬਾਵਜੂਦ ਅਮਲ ਕਿਉਂ ਨਹੀਂ ਹੋ ਰਿਹਾ। ਲੱਗਦਾ ਹੈ ਪ੍ਰਸ਼ਾਸਨ ਇਸ ਪ੍ਰਤੀ ਬਿਲਕੁੱਲ ਵੀ ਗੰਭੀਰ ਨਹੀਂ ਹੈ। ----------------------- ਮਾਪੇ ਵੀ ਆਪਣੇ ਬੱਚਿਆਂ ਨੂੰ ਨਹੀਂ ਵਰਜਦੇ : ਰਾਜੂ ਸਨਅਤਕਾਰ ਪ੍ਰਿਤਪਾਲ ਸਿੰਘ ਰਾਜੂ ਦਾ ਕਹਿਣਾ ਹੈ ਕਿ ਰੋਜ਼ਾਨਾ ਇਸ ਖਤਰਨਾਕ ਡੋਰ ਦੀ ਵਜ੍ਹਾ ਸਦਕਾ ਕਈ ਲੋਕ ਜ਼ਖਮੀ ਹੋ ਰਹੇ ਹਨ। ਤੇ ਮੌਤਾਂ ਵੀ ਹੋ ਰਹੀਆਂ ਹਨ ਫਿਰ ਵੀ ਨਾ ਤਾਂ ਮਾਪੇ ਆਪਣੇ ਬੱਚਿਆਂ ਨੂੰ ਇਸ ਡੋਰ ਦੀ ਵਰਤੋਂ ਤੋਂ ਵਰਜ ਰਹੇ ਹਨ ਤੇ ਨਾ ਹੀ ਬੱਚੇ ਇਸ ਡੋਰ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਦੇ ਹਨ। ਪਤਾ ਨਹੀਂ ਸਾਡੀਆਂ ਸਰਕਾਰਾਂ ’ਤੇ ਲੋਕ ਇਸ ਮੁੱਦੇ ਪ੍ਰਤੀ ਕਦੋਂ ਗੰਭੀਰ ਹੋਣਗੇ। ਉਨ੍ਹਾਂ ਕਿਹਾ ਕਿ ਇਸ ਡੋਰ ਤੇ ਰੋਕ ਨੂੰ ਲੈ ਕੇ ਸਾਨੂੰ ਸਭ ਨੂੰ ਸਖ਼ਤ ਹੋਣਾ ਚਾਹੀਦਾ ਹੈ। ਤਾਂ ਹੀ ਇਸ ਜਾਨਲੇਵਾ ਡੋਰ ਦੀ ਵਰਤੋਂ ਰੁਕ ਸਕਦੀ ਹੈ। ਤੇ ਪ੍ਰਸ਼ਾਸਨ ਮੂਕ ਦਰਸ਼ਕ ਬਣਿਆ ਰਹੇਗਾ ਤੇ ਇਸ ਦੀ ਵਰਤੋਂ ਨਿਰੰਤਰ ਜਾਰੀ ਰਹੇਗੀ। ---------------------- ਸਕੂਲਾਂ ’ਚ ਵਿਦਿਆਰਥੀਆਂ ਨੂੰ ਕਰਨਾ ਚਾਹੀਦਾ ਸੁਚੇਤ : ਜੋਸਨ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਆੜ੍ਹਤੀ ਪ੍ਰਭਜੀਤ ਸਿੰਘ ਜੋਸਨ ਨੇ ਕਿਹਾ ਕਿ ਜਾਨਲੇਵਾ ਡੋਰ ਦੇ ਨੁਕਸਾਨ ਨੂੰ ਦਰਸਾਉਣ ਵਾਸਤੇ ਸਕੂਲਾਂ ’ਚ ਅਧਿਆਪਕਾ ਨੂੰ ਸਵੇਰ ਦੀ ਇਕੱਤਰਤਾ ’ਚ ਵਿਦਿਆਰਥੀਆਂ ਨੂੰ ਇਸ ਤੋਂ ਹੋਣ ਵਾਲੇ ਨੁਕਸਾਨ ਤੋਂ ਸੁਚੇਤ ਕਰਨਾ ਚਾਹੀਦਾ ਹੈ। ਤੇ ਡੋਰ ਦੀ ਵਰਤੋਂ ਕਰਨ ਵਾਲੇ ਵਿਰੁਧ ਹੋਣ ਵਾਲੀ ਕਾਰਵਾਈ ਬਾਰੇ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਸ ਡੋਰ ਦੀ ਵਜਾ ਨਾਲ ਹੋਣ ਵਾਲੇ ਜਾਨੀ ਨੁਕਸਾਨ ਨੂੰ ਲਗਾਮ ਲੱਗ ਸਕੇ। ਇਸ ਤੋਂ ਇਲਾਵਾ ਡੋਰ ’ਤੇ ਮੁਕੰਮਲ ਰੋਕ ਲਗਵਾਉਣ ਲਈ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਜੰਗੀ ਪੱਧਰ ’ਤੇ ਮੁਹਿੰਮ ਵਿੱਢਣੀ ਚਾਹੀਦੀ ਹੈ। ---------------------- ਸਖਤ ਕਾਨੂੰਨ ਤਹਿਤ ਕੇਸ ਹੋਣਾ ਚਾਹੀਦਾ : ਬੱਟੂ ਸਮਾਜ ਸੇਵੀ ਅਜੀਤ ਸਿੰਘ ਬੱਟੂ ਦਾ ਕਹਿਣਾ ਹੈ ਕਿ ਜੇਕਰ ਪਲਾਸਟਿਕ ਦੀ ਡੋਰ ਤੇ ਪੂਰਨ ਪਾਬੰਧੀ ਲਾਉਣੀ ਹੈ ਤਾ ਇਹ ਡੋਰ ਤਿਆਰ ਕਰਨ ਵਾਲੇ ਲੋਕਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਪਲਾਸਟਿਕ ਦੀ ਡੋਰ ਬਨਾਉਣ ਵਾਲਿਆਂ ’ਤੇ ਕਾਰਵਾਈ ਹੋਵੇ ਤਾਂ ਡੋਰ ਤਿਆਰ ਹੀ ਨਾ ਹੋਵੇਗੀ ਤਾਂ ਆਵੇਗੀ ਕਿਥੋਂ ਤੇ ਕੌਣ ਕਰੇਗਾ ਇਸ ਦੀ ਵਰਤੋਂ। ਜਾਨਲੇਵਾ ਡੋਰ ਤਿਆਰ ਕਰਨ, ਵੇਚਣ ਵਾਲਿਆਂ ’ਤੇ ਇਸ ਦੀ ਵਰਤੋਂ ਕਰਨ ਵਾਲਿਆਂ ਖਿਲਾਫ ਕਿਸੇ ਵਿਅਕਤੀ ਦੀ ਹੱਤਿਆ ਕਰਨ ਦੇ ਬਰਾਬਰ ਸਖਤ ਕਾਨੂੰਨ ਤਹਿਤ ਕੇਸ ਹੋਣਾ ਚਾਹੀਦਾ, ਤਾਂ ਕਿ ਡੋਰ ਦੀ ਵਰਤੋਂ ਰੁਕ ਸਕੇ। ਜਿੰਨਾ ਸਮਾ ਸਰਕਾਰ ਤੇ ਪ੍ਰਸ਼ਾਸਨ ਸਖ਼ਤ ਕਾਰਵਾਈ ਨਹੀਂ ਕਰਦੇ ਉਨ੍ਹਾ ਸਮਾਂ ਇਸ ਡੋਰ ਦਾ ਕਹਿਰ ਰੁੱਕਣਾ ਮੁਸ਼ਕਲ ਹੀ ਨਹੀਂ ਅਸੰਭਵ ਹੈ। --------------------- ਮਾਪੇ ਬੱਚਿਆਂ ਨੂੰ ਜਾਣੂ ਕਰਵਾਉਣ : ਜਿੰਦਾ ਆਵਾਜ਼ ਇਹ ਕੌਮ ਦੇ ਆਗੂ ਹਰਜਿੰਦਰ ਸਿੰਘ ਜਿੰਦਾ ਨੇ ਸਮੁੱਚੇ ਮਾਪਿਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਆਪਣੇ ਫਰਜ਼ ਨੂੰ ਸਮਝਦੇ ਹੋਏ ਆਓ ਆਪਾਂ ਰਲ ਕੇ ਪ੍ਰਾਣ ਕਰੀਏ ਕਿ ਇਸ ਡੋਰ ’ਤੇ ਰੋਕ ਲਾਉਣ ਵਾਸਤੇ ਜਿੱਥੇ ਪ੍ਰਸ਼ਾਸਨ ਦਾ ਸਾਥ ਦਈਏ ਉਥੇ ਖੁਦ ਵੀ ਅੱਗੇ ਆ ਕੇ ਆਪਣੇ ਬੱਚਿਆਂ ਨੂੰ ਇਸ ਜਾਨਲੇਵਾ ਡੋਰ ਨੂੰ ਵਰਤਣ ਤੋਂ ਵਰਜੀਏ ਤੇ ਇਸ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬੱਚਿਆਂ ਨੂੰ ਜਾਣੂ ਕਰਵਾਈਏ।