ਹਾਸਰਸ ਕਲਾਕਾਰ ਦਾ ਕੰਮ ਮਖੌਲ ਕਰਨਾ ਹੈ ਨਾ ਕਿ ਬੇਇੱਜ਼ਤੀ : ਕਾਮੇਡੀਅਨ ਰਾਠੌਰ
ਹਾਸਰਸ ਕਲਾਕਾਰ ਦਾ ਕੰਮ ਮਖੌਲ ਕਰਨਾ ਹੈ ਨਾ ਕਿ ਬੇਇੱਜ਼ਤੀ-ਕਾਮੇਡੀਅਨ ਰਾਠੌਰ
Publish Date: Mon, 17 Nov 2025 07:04 PM (IST)
Updated Date: Mon, 17 Nov 2025 07:07 PM (IST)

-ਕਿਹਾ, ਸੋਸ਼ਲ ਮੀਡੀਆ ਵੱਡਾ ਪਲੇਟਫਾਰਮ ਪਰ ਇਸ ਦੀ ਗ਼ਲਤ ਵਰਤੋਂ ਹੋ ਰਹੀ -ਕਾਮੇਡੀਅਨ ਜਸਵੰਤ ਰਾਠੌਰ 23 ਨਵੰਬਰ ਨੂੰ ਕਰਨਗੇ ਸ਼ਹਿਰ ਵਾਸੀਆ ਦਾ ਮਨੋਰੰਜਨ ਜਤਿੰਦਰ ਪੰਮੀ, ਪੰਜਾਬੀ ਜਾਗਰਣ, ਜਲੰਧਰ : ਮੌਜੂਦਾ ਸਮੇਂ ਸੋਸ਼ਲ ਮੀਡੀਆ ਬਹੁਤ ਵੱਡਾ ਪਲੇਟਫਾਰਮ ਹੈ ਪਰ ਇਸ ਦੀ ਗ਼ਲਤ ਵਰਤੋਂ ਹੋ ਰਹੀ ਹੈ। ਜੇ ਇਸ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਇਹ ਤਣਾਅ ਘਟਾਉਣ ਤੇ ਗਿਆਨ ਵਧਾਊ ਸਾਬਤ ਹੋ ਸਕਦਾ ਹੈ। ਇਹ ਪ੍ਰਗਟਾਵਾ ਪ੍ਰਸਿੱਧ ਹਾਸਰਸ ਕਲਾਕਾਰ ਜਸਵੰਤ ਸਿੰਘ ਰਾਠੌਰ ਨੇ ‘ਪੰਜਾਬੀ ਜਾਗਰਣ’ ਦੇ ਸਿਟੀ ਦਫ਼ਤਰ ’ਚ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹਰੇਕ ਵਿਅਕਤੀ ਦੇ ਹੱਥ ’ਚ ਮੋਬਾਈਲ ਹੈ ਅਤੇ ਇੰਟਰਨੈੱਟ ਮੀਡੀਆ ਉਤੇ ਹਰ ਤਰ੍ਹਾਂ ਦੀ ਸਮੱਗਰੀ ਦੇਖ ਰਿਹਾ ਹੈ ਪਰ ਫਿਰ ਲੋਕ ਤਣਾਅ ਦਾ ਸ਼ਿਕਾਰ ਹੋ ਰਹੇ ਹਨ। ਤਣਾਅ ਤੋਂ ਮੁਕਤੀ ਲਈ ਖੁਸ਼ ਹੋਣਾ ਜ਼ਰੂਰੀ ਹੈ ਤੇ ਖੁਸ਼ ਹੋਣ ਲਈ ਖੁਸ਼ਗਵਾਰ ਮਾਹੌਲ ਦੀ ਲੋੜ ਹੁੰਦੀ ਹੈ। ਖੁਸ਼ੀ ਦਾ ਇਹ ਮਾਹੌਲ ਹਾਸ-ਵਿਅੰਗ ਰਾਹੀਂ ਹੀ ਉਸਾਰਿਆ ਜਾ ਸਕਦਾ ਹੈ। ਸਟੈਂਡ ਅੱਪ ਕਾਮੇਡੀ ਬਾਰੇ ਗੱਲ ਕਰਦਿਆ ਜਸਵੰਤ ਸਿੰਘ ਰਾਠੌਰ ਨੇ ਕਿਹਾ ਕਿ ਇੰਟਰਨੈੱਟ ਮੀਡੀਆ ਕਾਰਨ ਇਸ ਦਾ ਰੁਝਾਨ ਕਾਫੀ ਘੱਟ ਚੁੱਕਾ ਹੈ ਅਤੇ ਇਸ ਨਾਲ ਜੁੜੇ ਪੁਰਾਣੇ ਕਲਾਕਾਰ ਇਸ ਦੀ ਘਾਟ ਮਹਿਸੂਸ ਕਰਦੇ ਹਨ। ਮੌਜੂਦਾ ਸਮੇਂ ਦੀ ਕਾਮੇਡੀ ਬਾਰੇ ਗੱਲ ਕਰਦਿਆਂ ਜਸਵੰਤ ਰਾਠੌਰ ਨੇ ਕਿਹਾ ਕਿ ਅੱਜਕਲ੍ਹ ਦੀ ਕਾਮੇਡੀ ਜਨਤਕ ਸਮੱਸਿਆਵਾਂ ’ਤੇ ਵਿਅੰਗ ਨਹੀਂ ਬਲਕਿ ਗਾਲ੍ਹੀ-ਗਲੋਚ ਵਾਲੀ ਕੀਤੀ ਜਾ ਰਹੀ ਹੈ। ਵਧੇਰੇ ਕਰਕੇ ਬੇਇੱਜ਼ਤੀ ਕਰਨ ਵਾਲੀ ਕਾਮੇਡੀ ਹੋ ਰਹੀ ਹੈ। ਲੋਕ ਟਰੋਲ ਹੋਣ ਲਈ ਬੇਢੰਗੇ ਜਿਹੇ ਚਿਹਰੇ ਬਣਾ ਕੇ ਗਾਲ੍ਹਾਂ ਖਾਣ ਤਕ ਵੀ ਜਾਂਦੇ ਹਨ। ਇਸ ਕਰਕੇ ਆਮ ਲੋਕਾਂ ਦਾ ਮਨੋਰੰਜਨ ਕਰਨ ਦੀ ਥਾਂ ਉਨ੍ਹਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ। ਰਾਠੌਰ ਨੇ ਕਿਹਾ ਕਿ ਹਾਸਰਸ ਕਲਾਕਾਰ ਦਾ ਕੰਮ ਵੱਖ-ਵੱਖ ਮੁੱਦਿਆ ’ਤੇ ਵਿਅੰਗ ਕੱਸਣ ਦੇ ਨਾਲ ਹੀ ਮਖੌਲ ਕਰਨਾ ਹੁੰਦਾ ਹੈ ਨਾ ਕਿ ਕਾਮੇਡੀ ਰਾਹੀਂ ਕਿਸੇ ਦੀ ਬੇਇੱਜ਼ਤੀ ਕਰਨਾ। ਇਸੇ ਲਈ ਉਹ ਸੋਸ਼ਲ ਮੀਡੀਆ ’ਤੇ ਦਿਖਾਈ ਜਾਣ ਵਾਲੀ ਗਾਲ੍ਹੀ-ਗਲੋਚ ਵਾਲੀ ਕਾਮੇਡੀ ਦੀ ਬਜਾਏ ਸਾਫ-ਸੁਥਰੀ ਤੇ ਪਰਿਵਾਰ ਨਾਲ ਬੈਠ ਕੇ ਸੁਣੀ ਜਾਣ ਵਾਲੀ ਕਾਮੇਡੀ ਕਰਨ ’ਤੇ ਜ਼ੋਰ ਦੇ ਰਹੇ ਹਨ। ਇਸੇ ਲਈ ਉਨ੍ਹਾਂ ਨੇ ਸਟੈਂਡ ਕਾਮੇਡੀ ਦਾ ਵਰਲਡ ਟੂਰ ਆਰੰਭ ਕੀਤਾ ਹੈ, ਜਿਸ ਦੀ ਸ਼ੁਰੂਆਤ ਆਪਣੇ ਘਰੇਲੂ ਸ਼ਹਿਰ ਲੁਧਿਆਣਾ ਤੋਂ ਕੀਤੀ ਹੈ ਅਤੇ 23 ਨਵੰਬਰ ਨੂੰ ਜਲੰਧਰ ਵਿਖੇ ਡੇਵੀਏਟ ’ਚ ਸ਼ਾਮ 6 ਤੋਂ 8 ਵਜੇ ਤਕ ਕਾਮੇਡੀ ਸ਼ੋਅ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਉਪਰੰਤ ਉਹ ਪੰਜਾਬ ਤੋਂ ਇਲਾਵਾ ਦੇਸ਼ ਤੇ ਵਿਦੇਸ਼ਾਂ ’ਚ ਜਾ ਕੇ ਵੀ ਅਜਿਹੇ ਸ਼ੋਅ ਕਰਨਗੇ। ਆਪਣੇ ਕਾਮੇਡੀ ਕਲਾਕਾਰ ਦੇ ਸਫ਼ਰ ਬਾਰੇ ਗੱਲ ਕਰਦਿਆਂ ਜਸਵੰਤ ਸਿੰਘ ਰਾਠੌਰ ਨੇ ਕਿਹਾ ਕਿ ਉਨ੍ਹਾਂ ਦਾ ਘਰ ਲੁਧਿਆਣੇ ’ਚ ਹੈ ਜਦੋਂਕਿ ਕਾਲਜ ਦੀ ਪੜ੍ਹਾਈ ਡੇਈਵੀ ਕਾਲਜ ਜਲੰਧਰ ਤੋਂ ਕੀਤੀ ਹੋਈ ਹੈ। ਹੁਣ ਤਕ ਉਹ ਤਿੰਨ ਹਿੰਦੀ ਫਿਲਮਾਂ ’ਚ ਕੰਮ ਕਰ ਚੁੱਕੇ ਹਨ ਅਤੇ ਦਰਜਨ ਤੋਂ ਵੱਧ ਪੰਜਾਬੀ ਫਿਲਮਾਂ ’ਚ ਵੀ ਹਾਸਰਸ ਕਲਾਕਾਰ ਵਜੋਂ ਕੀਤਾ ਹੈ। ਇਸ ਤੋਂ ਇਲਾਵਾ ਸਟੈਂਡ ਕਾਮੇਡੀ ਦੇ ਸ਼ੋਅ ਵੀ ਕਰਦੇ ਰਹੇ ਹਨ।