ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਲਈ ਸਰਕਾਰ ਛੇਤੀ ਖ਼ਰੀਦ ਰਹੀ ਜ਼ਮੀਨ
ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਲਈ ਸਰਕਾਰ ਜਲਦ ਖਰੀਦ ਰਹੀ ਜ਼ਮੀਨ
Publish Date: Wed, 14 Jan 2026 11:58 PM (IST)
Updated Date: Thu, 15 Jan 2026 12:00 AM (IST)

-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਡੇਰਾ ਬੱਲਾਂ ਦੇ ਪ੍ਰਬੰਧਕਾਂ ਨਾਲ ਕੀਤੀ ਮੀਟਿੰਗ ਜਤਿੰਦਰ ਪੰਮੀ, ਪੰਜਾਬੀ ਜਾਗਰਣ ਜਲੰਧਰ : ਡੇਰਾ ਸੰਤ ਸਰਵਣ ਦਾਸ ਜੀ ਸੱਚਖੰਡ ਬੱਲਾਂ ਨੇੜੇ ਉਸਾਰੇ ਜਾਣ ਵਾਲੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਪ੍ਰੋਜੈਕਟ ਦਾ ਕੰਮ ਸ਼ੁਰੂ ਹੋਣ ਦੀ ਆਸ ਬੱਝ ਗਈ ਹੈ। ਇਸ ਅਧਿਐਨ ਕੇਂਦਰ ਲਈ ਪੰਜਾਬ ਸਰਕਾਰ ਵੱਲੋਂ ਛੇਤੀ ਹੀ 10-12 ਏਕੜ ਜ਼ਮੀਨ ਖ਼ਰੀਦੀ ਜਾ ਰਹੀ ਹੈ। ਇਹ ਜ਼ਮੀਨ ਬੱਲਾਂ ਨਾਲ ਲੱਗਦੇ ਪਿੰਡ ਨੌਗੱਜਾ ਦੀ ਦੱਸੀ ਜਾ ਰਹੀ ਹੈ, ਜਿਸ ਦੀ ਖ਼ਰੀਦ ਲਈ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਚਾਰਾਜੋਈ ਕੀਤੀ ਜਾ ਰਹੀ ਸੀ। ਪ੍ਰਸ਼ਾਸਨਿਕ ਅਧਿਕਾਰੀ ਪਿਛਲੇ ਸਮੇਂ ’ਚ ਕਈ ਵਾਰ ਡੇਰਾ ਬੱਲਾਂ ਦੇ ਆਸ-ਪਾਸ ਦੀ ਜ਼ਮੀਨ ਦੀ ਉਕਤ ਕੇਂਦਰ ਵਾਸਤੇ ਚੋਣ ਕਰਨ ਲਈ ਜਾ ਚੁੱਕੇ ਹਨ। ਇਸ ਗੱਲ ਦੀ ਪੁਸ਼ਟੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੀ ਕੀਤੀ ਹੈ, ਜੋ ਕਿ ਬੁੱਧਵਾਰ ਨੂੰ ਮਕਰ ਦੀ ਸੰਗਰਾਂਦ ਮੌਕੇ ਡੇਰਾ ਬੱਲਾਂ ’ਚ ਕਰਵਾਏ ਗਏ ਧਾਰਮਿਕ ਸਮਾਗਮ ’ਚ ਹਾਜ਼ਰੀ ਭਰਨ ਪੁੱਜੇ ਸਨ। ਉਨ੍ਹਾਂ ਨੇ ਡੇਰਾ ਬੱਲਾਂ ਦੇ ਪ੍ਰਬੰਧਕਾਂ ਨਾਲ ਇਸ ਸਬੰਧੀ ਬੰਦ ਕਮਰਾ ਮੀਟਿੰਗ ਵੀ ਕੀਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਛੇਤੀ ਤੋਂ ਛੇਤੀ ਜ਼ਮੀਨ ਦੀ ਖ਼ਰੀਦ ਕਰਨ ਦੇ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਦੱਸਣਯੋਗ ਹੈ ਕਿ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਬਣਾਉਣ ਦਾ ਪ੍ਰੋਜੈਕਟ ਸੂਬੇ ਦੇ ਤੱਤਕਾਲੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲਿਆਂਦਾ ਸੀ। ਇਸ ਕੇਂਦਰ ਲਈ ਉਨ੍ਹਾਂ ਨੇ 31 ਦਸੰਬਰ 2021 ਨੂੰ ਡੇਰਾ ਬੱਲਾਂ ਵਿਖੇ ਸਮਾਗਮ ਦੌਰਾਨ ਡੇਰੇ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਜੀ ਨੂੰ 25 ਕਰੋੜ ਰੁਪਏ ਦੀ ਗ੍ਰਾਂਟ ਦਾ ਚੈੱਕ ਵੀ ਭੇਟ ਕੀਤਾ ਸੀ ਪਰ ਚੋਣ ਜ਼ਾਬਤਾ ਲੱਗਣ ਕਾਰਨ ਇਹ ਪ੍ਰੋਜੈਕਟ ਸ਼ੁਰੂ ਨਹੀਂ ਹੋ ਸਕਿਆ ਸੀ। 2022 ’ਚ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਪਰੰਤ 2023 ’ਚ ਲੋਕ ਸਭਾ ਦੀ ਜ਼ਿਮਨੀ ਚੋਣ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਦਿੱਤਾ ਚੈੱਕ ਰੱਦ ਕਰ ਕੇ ਡੇਰਾ ਸੱਚਖੰਡ ਬੱਲਾਂ ਨੇੜੇ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਉਸਾਰਨ ਲਈ 25 ਕਰੋੜ ਦੀ ਪਹਿਲੀ ਕਿਸ਼ਤ ਦਾ ਚੈੱਕ ਸੰਤ ਨਿਰੰਜਣ ਦਾਸ ਮਹਾਰਾਜ ਨੂੰ ਸੌਂਪਿਆ ਸੀ। ਕੇਂਦਰ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਪ੍ਰਬੰਧਕ ਕਮੇਟੀ ਬਣਾਈ ਗਈ ਸੀ। ਇਸ ਕਮੇਟੀ ਦੇ ਚੇਅਰਮੈਨ ਸੰਤ ਨਿਰੰਜਣ ਦਾਸ ਨੂੰ ਬਣਾਇਆ ਗਿਆ ਸੀ ਅਤੇ ਇਸ ਦੇ ਮੈਂਬਰਾਂ ’ਚ ਸੈਰ-ਸਪਾਟਾ ਸਕੱਤਰ, ਐੱਸਸੀ-ਬੀਸੀ ਭਲਾਈ ਵਿਭਾਗ ਦੇ ਸਕੱਤਰ, ਵਿੱਤ ਸਕੱਤਰ ਅਤੇ ਡਿਪਟੀ ਕਮਿਸ਼ਨਰ ਜਲੰਧਰ ਨੂੰ ਬਣਾਇਆ ਗਿਆ ਸੀ। ਕੇਂਦਰ ਲਈ ਯੋਗ ਜ਼ਮੀਨ ਨਾ ਮਿਲਣ ਕਾਰਨ ਇਹ ਪ੍ਰੋਜੈਕਟ ਲਟਕਿਆ ਹੋਇਆ ਸੀ ਪਰ ਪਿਛਲੇ ਕੁਝ ਮਹੀਨਿਆ ਤੋਂ ਪੰਜਾਬ ਸਰਕਾਰ ਨੇ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਛੇਤੀ ਜ਼ਮੀਨ ਦੀ ਚੋਣ ਕਰਨ ਲਈ ਜ਼ੋਰ ਪਾਇਆ ਹੋਇਆ ਸੀ। ਇਸ ਦੇ ਨਤੀਜੇ ਵਜੋਂ ਕੇਂਦਰ ਲਈ ਜਗ੍ਹਾ ਦੀ ਚੋਣ ਕਰ ਲਈ ਗਈ ਹੈ ਅਤੇ ਹੁਣ ਸਰਕਾਰ ਵੱਲੋਂ ਉਕਤ ਜ਼ਮੀਨ ਖ਼ਰੀਦ ਲਈ ਜਾਵੇਗੀ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਕੇਂਦਰ ਪ੍ਰਬੰਧਕ ਕਮੇਟੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੇਰਾ ਬੱਲਾਂ ਨੇੜੇ ਹੀ ਜ਼ਮੀਨ ਦੀ ਚੋਣ ਕਰ ਲਈ ਗਈ ਹੈ, ਜੋ ਕਿ ਸਰਕਾਰ ਵੱਲੋਂ ਛੇਤੀ ਹੀ ਖ਼ਰੀਦ ਕੇ ਪ੍ਰੋਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ‘ਆਪ’ ਆਗੂ ਪਵਨ ਕੁਮਾਰ ਟੀਨੂੰ ਤੇ ਡੇਰੇ ਦੇ ਪ੍ਰਬੰਧਕ ਵੀ ਮੌਜੂਦ ਸਨ।