ਕੈਬਨਿਟ ਮੰਤਰੀ ਨੂੰ ਫਲੈਗ ਲਾ ਕੇ ਕੀਤੀ ਝੰਡਾ ਦਿਵਸ ਦੀ ਸ਼ੁਰੂਆਤ
ਕੈਬਨਿਟ ਮੰਤਰੀ ਨੂੰ ਫਲੈਗ ਲਾ ਕੇ ਕੀਤੀ ਝੰਡਾ ਦਿਵਸ ਦੀ ਸ਼ੁਰੂਆਤ
Publish Date: Fri, 05 Dec 2025 08:58 PM (IST)
Updated Date: Sat, 06 Dec 2025 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਹਥਿਆਰਬੰਦ ਸੈਨਾਵਾਂ ਝੰਡਾ ਦਿਵਸ ਮੌਕੇ ਸਾਡੀਆਂ ਸੈਨਾਵਾਂ ਵੱਲੋਂ ਦੇਸ਼ ਲਈ ਦਿੱਤੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹੋਏ ਅੱਜ ਝੰਡਾ ਦਿਵਸ ਦੀ ਰਸਮੀ ਸ਼ੁਰੂਆਤ ਪੰਜਾਬ ਦੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮੋਹਿੰਦਰ ਭਗਤ ਨੂੰ ਫਲੈਗ ਲਾ ਕੇ ਕੀਤੀ ਗਈ। ਇੱਥੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਸਥਿਤ ਫੀਲਡ ਦਫ਼ਤਰ ਵਿਖੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਵਿੰਦਰ ਸਿੰਘ ਵਿਰਕ ਵੱਲੋਂ ਕੈਬਨਿਟ ਮੰਤਰੀ ਨੂੰ ਫਲੈਗ ਲਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਦਿਨ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਤੇ ਜ਼ਖਮੀ ਹੋਏ ਸਾਬਕਾ ਸੈਨਿਕਾਂ ਨਾਲ ਇਕਜੁੱਟਤਾ ਪ੍ਰਗਟਾਉਣ ਲਈ ਮਨਾਇਆ ਜਾਂਦਾ ਹੈ। ਝੰਡਾ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਸ ਤਹਿਤ ਆਮ ਨਾਗਰਿਕਾਂ ਤੋਂ ਇਕੱਤਰ ਕੀਤੀ ਗਈ ਰਾਸ਼ੀ ਸ਼ਹੀਦਾਂ ਦੇ ਪਰਿਵਾਰਾਂ ਤੇ ਲੋੜਵੰਦ ਸਾਬਕਾ ਸੈਨਿਕਾਂ ਦੀ ਭਲਾਈ ਲਈ ਵਰਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਰੇਕ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਝੰਡਾ ਦਿਵਸ ਫੰਡ ’ਚ ਵੱਧ ਤੋਂ ਵੱਧ ਯੋਗਦਾਨ ਪਾਵੇ। ਇਸ ਮੌਕੇ ਸ਼ਹੀਦ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦਿਆਂ ਭਗਤ ਨੇ ਕਿਹਾ ਕਿ ਦੇਸ਼ ਦੇ ਬਹਾਦਰ ਜਵਾਨਾਂ ਦੇ ਬਲੀਦਾਨਾਂ ਦਾ ਮੁੱਲ ਕਦੇ ਵੀ ਉਤਾਰਿਆ ਨਹੀਂ ਕੀਤਾ ਜਾ ਸਕਦਾ। ਕੈਬਨਿਟ ਮੰਤਰੀ ਨੇ ਇਸ ਮਹਾਨ ਕਾਰਜ ਲਈ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਫੰਡ ਸ਼ਹੀਦਾਂ ਦੇ ਪਰਿਵਾਰਾਂ, ਸਰੀਰਕ ਤੌਰ ’ਤੇ ਅਸਮਰੱਥ ਹੋਏ ਸੈਨਿਕਾਂ ਦੀ ਭਲਾਈ ਵਰਗੇ ਨੇਕ ਕੰਮਾਂ ਲਈ ਵਰਤਿਆ ਜਾਂਦਾ ਹੈ। ਇਸ ਮੌਕੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਮਾਂਡਰ ਬਲਵਿੰਦਰ ਸਿੰਘ ਵਿਰਕ ਤੇ ਹੋਰ ਸਖ਼ਸ਼ੀਅਤਾਂ ਵੀ ਮੌਜੂਦ ਸਨ।